Posted by: ਡਾ. ਹਰਦੀਪ ਕੌਰ ਸੰਧੂ | ਜੁਲਾਈ 14, 2013

ਵਿਰਾਗ


ਨਹੀਂ ਹੋਇਆ ਅਜੇ ਮਨ ਜੋਗੀ

ਦੁੱਖ ‘ਚ ਜਿਹੜਾ ਰੋਂਵਦਾ ਨਾ

ਸੁੱਖ ‘ਚ ਜਿਹੜਾ ਹੱਸਦਾ ਨਾ

ਅੱਜ ਵੀ ਭਾਵੇਂ ਓਹੀਓ ਸੁਰਜ

ਓਹੀਓ ਚੰਨ ਤਾਰਿਆਂ ਦੀ ਲੋਅ

ਪਰ ਤੇਰੇ ਬਗੈਰ ਛਲਕਣ ਅੱਖਾਂ

ਦਿੱਖੇ ਧੁੰਦਲਾ-ਧੁੰਦਲਾ ਹਰ ਪਾਸਾ

ਤੇਰੇ ਬਿਨਾਂ ਸੁੰਨਾ ਉਦਾਸ ਵਿਹੜਾ

ਤੱਕਦਾ ਰਹਿੰਦਾ ਦਹਿਲੀਜ਼ਾਂ ਵੱਲ

ਸ਼ਾਇਦ ਤੂੰ ਕਿਧਰੋਂ  ਆ ਜਾਵੇਂ

ਖਬਰੇ ਹੁਣੇ ਹੀ ਕਿਤੋਂ ਆ ਜਾਵੇਂ ! 

ਡਾ. ਹਰਦੀਪ ਕੌਰ ਸੰਧੂ 

 

Posted by: ਡਾ. ਹਰਦੀਪ ਕੌਰ ਸੰਧੂ | ਮਈ 21, 2013

ਉਲਝਣ


ਨਾ ਇਹ ਦੌੜ ਮੁੱਕਦੀ ਏ
ਨਾ ਕਦੇ ਭੁੱਖ ਮਿਟਦੀ ਏ
ਨਾ ਇਹ ਮਨ ਜੁੜਦਾ ਏ
ਨਾ ਕਦੇ ਧਨ ਜੁੜਦਾ ਏ
ਨਾ ਇਹ ਤ੍ਰੇਹ ਬੁੱਝਦੀ ਏ
ਨਾ ਕਦੇ ਗੁੱਥੀ ਸੁਲਝੀ ਏ
ਦੁੱਖ-ਦਰਦ ਤੇ ਪੀੜਾਂ ‘ਚ
ਸਦਾ ਇਹ ਜ਼ਿੰਦ ਉਲਝੀ ਏ !

ਡਾ. ਹਰਦੀਪ ਕੌਰ ਸੰਧੂ 

Posted by: ਡਾ. ਹਰਦੀਪ ਕੌਰ ਸੰਧੂ | ਮਈ 16, 2013

ਸੰਸਕਾਰ


ਫੁੱਟਬਾਲ ਮੈਚ ਖ਼ਤਮ ਹੋਣ ਤੋਂ ਬਾਅਦ ਖਿਡਾਰਨਾ ਇੱਕ ਦੂਜੇ ਨਾਲ ਹੱਥ ਮਿਲਾਉਂਦੀਆਂ ਖੇਡ ਮੈਦਾਨ ‘ਚੋਂ ਬਾਹਰ ਆ ਰਹੀਆਂ ਸਨ । ਤੇਜ਼ ਧੁੱਪ ‘ਚ ਖੇਡਣ ਕਰਕੇ ਉਹਨਾਂ ਦੇ ਸੁਰਖ ਚਿਹਰਿਆਂ ਤੋਂ ਮੁੜਕਾ ਚੋ ਰਿਹਾ ਸੀ। ਉਹਨਾਂ ਵਿੱਚੋਂ ਬਹੁਤੀਆਂ ਖਿਡਾਰਨਾ ਨੇ ਆਉਂਦਿਆਂ ਹੀ ਆਪਣੀਆਂ ਖੇਡ ਟੀ- ਸ਼ਰਟਾਂ ਲਾਹ ਕੇ ਪਰਾਂ ਵਗ੍ਹਾ ਮਾਰੀਆਂ । ਮਿਸਜ਼ ਜੌਨਸਨ ਨੇ ਟੀ -ਸ਼ਰਟਾਂ ਇੱਕਠੀਆਂ ਕਰਕੇ ਲੌਂਡਰੀ ‘ਚ ਧੋਣ ਲਈ ਲੈ ਕੇ ਜਾਣੀਆਂ ਸਨ । ਜਦ ਉਸਨੇ ਗਿਣਤੀ ਕੀਤੀ ਤਾਂ ਦੋ ਟੀ -ਸ਼ਰਟਾਂ ਘੱਟ ਸਨ । ਉਸਨੇ ਦੋਬਾਰਾ ਗਿਣਦਿਆਂ ਆਪਣੀ ਉਲਝਣ ਪ੍ਰਗਟਾਉਂਦਿਆਂ ਕਿਹਾ ,” ਉਹੋ! ਦੋ ਟੀ -ਸ਼ਰਟਾਂ ਪਤਾ ਨਹੀਂ ਕਿੱਧਰ ਹਵਾ ਹੋ ਗਈਆਂ ।” 

             ” ਹਵਾ ਨਹੀਂ ਹੋਈਆਂ,ਮਿਸਜ਼ ਜੌਨਸਨ,” ਟੀਮ ਦੇ ਕੋਚ ਨੇ ਠਰੰਮੇ ਨਾਲ ਕਿਹਾ,“ਤੈਨੂੰ ਪੰਜ-ਸੱਤ ਮਿੰਟ ਹੋਰ ਉਡੀਕਣਾ ਪਵੇਗਾ। ਟੀਮ ‘ਚ ਸ਼ਾਮਿਲ ਦੋ ਭਾਰਤੀ ਕੁੜੀਆਂ ਨੂੰ ਚੇਂਜ-ਰੂਮ ‘ਚ ਜਾ ਕੇ ਟੀ-ਸ਼ਰਟ ਬਦਲਣ ਲਈ ਐਨਾ ਕੁ ਸਮਾਂ ਤਾਂ ਲੱਗ ਹੀ ਜਾਂਦਾ।”

         ” ਜੇ ਬਾਕੀ ਕੁੜੀਆਂ ਖੇਡ ਮੈਦਾਨ ‘ਚ ਹੀ ਆਪਣੀਆਂ ਟੀ -ਸ਼ਰਟਾਂ ਬਦਲ ਲੈਂਦੀਆਂ ਨੇ ਤਾਂ ਉਹ ਦੋਵੇਂ ਕਿਉਂ ਨਹੀਂ ?” ਮਿਸਜ਼ ਜੌਨਸਨ ਨੇ ਹੈਰਾਨੀ ਨਾਲ ਸੁਆਲ ਕੀਤਾ । 

         ” ਮਾਫ਼ ਕਰਨਾ ਮਿਸਜ਼ ਜੌਨਸਨ, ਅਸੀਂ ਸੰਗ-ਸ਼ਰਮ ਦੀ ਲੋਈ ਨੂੰ ਕਿੱਲੀ ‘ਤੇ ਨਹੀਂ ਟੰਗਣਾ। ਦਰਸ਼ਕਾਂ ਨੂੰ ਨੰਗੇਜ਼ ਪਰੋਸਣਾ ਸਾਡੀ ਸੱਭਿਅਤਾ ਦਾ ਹਿੱਸਾ ਨਹੀਂ ਹੈ।”ਟੀ – ਸ਼ਟਰ ਫੜਾਉਣ ਆਈ ਪਿੱਛੇ ਖੜੀ ਰੀਤ ਨੇ ਦਲੀਲ ਨਾਲ ਕਿਹਾ।

ਡਾ. ਹਰਦੀਪ ਕੌਰ ਸੰਧੂ

 

ਇਹ ਕਹਾਣੀ ਪੰਜਾਬੀ ਮਿੰਨੀ ‘ਚ 9 June 2013 ਨੂੰ ਪ੍ਰਕਾਸ਼ਿਤ ਹੋਈ। ਵੇਖਣ ਲਈ ਇੱਥੇ ਕਲਿੱਕ ਕਰੋ

Posted by: ਡਾ. ਹਰਦੀਪ ਕੌਰ ਸੰਧੂ | ਅਪ੍ਰੈਲ 20, 2013

ਚਾਨਣ


ਇਹ ਕਹਾਣੀ ਪੰਜਾਬੀ ਮਿੰਨੀ ‘ਚ 20 ਅਪ੍ਰੈਲ 2013 ਨੂੰ ਪ੍ਰਕਾਸ਼ਿਤ ਹੋਈ। ਵੇਖਣ ਲਈ ਇੱਥੇ ਕਲਿੱਕ ਕਰੋ

ਹਨ੍ਹੇਰਾ ਹੋ ਗਿਆ ਸੀ। ਇੱਕ ਅੰਨ੍ਹਾ ਆਦਮੀ ਆਪਣੇ ਦੋਸਤ ਦੇ ਘਰੋਂ ਵਿਦਾ ਹੋ ਰਿਹਾ ਸੀ। ਦੋਸਤ ਨੇ ਕਿਹਾ, “ਇਹ ਲਾਲਟੈਨ ਆਪਣੇ ਨਾਲ਼ ਲੈ ਜਾ।” 

“ਮੈਨੂੰ ਇਸ ਦੀ ਜ਼ਰੂਰਤ ਨਹੀਂ ਹੈ। ਮੇਰੇ ਲਈ ਚਾਨਣ ਤੇ ਹਨ੍ਹੇਰਾ ਬਰਾਬਰ ਹਨ,” ਅੰਨ੍ਹਾ ਆਦਮੀ ਬੋਲਿਆ।

 “ਮੈਨੁੰ ਪਤਾ ਹੈ, ਪਰ ਜੇ ਇਹ ਤੇਰੇ ਕੋਲ਼ ਨਹੀਂ ਹੋਵੇਗੀ ਤਾਂ ਕੋਈ ਹੋਰ ਤੇਰੇ ਨਾਲ਼ ਟਕਰਾ ਜਾਵੇਗਾ,”ਦੋਸਤ ਨੇ ਕਿਹਾ। 

ਅੰਨ੍ਹਾ ਆਦਮੀ ਲਾਲਟੈਨ ਲੈ ਕੇ ਘਰੋਂ ਚੱਲ ਪਿਆ। ਅਜੇ ਕੁਝ ਦੂਰ ਹੀ ਗਿਆ ਹੋਵੇਗਾ ਕਿ ਕੋਈ ਬੜੀ ਜ਼ੋਰ ਦੀ ਉਸ ਨਾਲ਼ ਟਕਰਾ ਗਿਆ। ਅੰਨ੍ਹੇ ਆਦਮੀ ਨੇ ਗੁੱਸੇ ਵਿੱਚ  ਭੜਕਦਿਆਂ ਕਿਹਾ, ” ਵੇਖ ਕੇ ਚੱਲ, ਕੀ ਤੈਨੂੰ ਮੇਰੀ ਲਾਲਟੈਨ ਵਿਖਾਈ ਨਹੀਂ ਦਿੰਦੀ।”

“ਤੇਰੀ ਲਾਲਟੈਨ ਬੁੱਝ ਚੁੱਕੀ ਹੈ,” ਟਕਰਾਉਣ ਵਾਲ਼ੇ ਨੇ ਕਿਹਾ। 

                                                        

 ਡਾ. ਹਰਦੀਪ ਕੌਰ ਸੰਧੂ 

ਇਹ ਕਹਾਣੀ ਪੰਜਾਬੀ ਮਿੰਨੀ ‘ਚ 2o April 2013 ਨੂੰ ਪ੍ਰਕਾਸ਼ਿਤ ਹੋਈ। ਵੇਖਣ ਲਈ ਇੱਥੇ ਕਲਿੱਕ ਕਰੋ

 

Posted by: ਡਾ. ਹਰਦੀਪ ਕੌਰ ਸੰਧੂ | ਅਪ੍ਰੈਲ 12, 2013

ਸੋਚਾਂ ਦਾ ਰੌਲ਼ਾ


1.

ਸੁੰਨਾ ਰਸਤਾ

ਜਾਵਾਂ ਕਿਹੜੇ ਪਾਸੇ

ਭੰਬਲ਼-ਭੂਸੇ ।

2.

ਦਿੱਖਦਾ ਸ਼ਾਂਤ

ਬੁੱਲ ਨਾ ਫਰਕਣ

ਸੋਚਾਂ ਦਾ ਰੌਲ਼ਾ ।

3.

ਮੋਢੇ ‘ਤੇ ਝੱਗਾ

ਪੈਰੀਂ ਟੁੱਟੇ ਛਿੱਤਰ

ਆਖਣ ਸ਼ਾਹ।

4.

ਮੁਸਕਰਾਵੇ –

ਮੌਜਮਸਤ ਬੈਠੀ

ਖਿੰਡੀ ਖੁਸ਼ਬੂ।

5.

ਸੁੰਨਾ ਵਿਹੜਾ

ਉਡੀਕਣ ਅੱਖੀਆਂ

ਘਰ ਦੇ ਜੀਅ ।

ਡਾ. ਹਰਦੀਪ ਕੌਰ ਸੰਧੂ 

Posted by: ਡਾ. ਹਰਦੀਪ ਕੌਰ ਸੰਧੂ | ਅਪ੍ਰੈਲ 6, 2013

ਮੇਰਾ ਪਿੰਡ


ਮੇਰੇ ਇਹ ਹਾਇਕੁ ਪੰਜਾਬੀ ਲੇਖਕ ‘ਚ ਪ੍ਰਕਾਸ਼ਿਤ ਹੋਏ। ਦੇਖਣ ਲਈ ਇੱਥੇ ਕਲਿੱਕ ਕਰੋ

1
ਤਾਈ ਦੀ ਭੱਠੀ 
ਆਉਂਦੇ ਸੀ ਨਿਆਣੇ
ਝੋਲੀ ‘ਚ ਦਾਣੇ
2
ਜੋੜ ਕੇ ਮੰਜੇ
ਤਾਰਿਆਂ ਭਰੀ ਛੱਤ
ਕੋਠੇ ‘ਤੇ ਸੁੱਤੇ
3
ਲਾਹ ਰੋਟੀਆਂ
ਚੌਂਕੇ ਬੈਠੀ ਫੇਰਦੀ
ਚੁੱਲ੍ਹੇ ਪਰੋਲ਼ਾ
4
ਹੱਥ ਪੂਣੀਆਂ
ਢਾਕ ਚੱਕ ਚਰਖਾ
ਚੱਲੀ ਕੱਤਣ
5
ਬੈਠ ਤ੍ਰਿੰਝਣ
ਘੂਕਰ ਸੁਰ ਮਿਲ਼ਾ
ਕੱਤੇ ਚਰਖਾ
6
ਬੋਹੜ ਦੀ ਛਾਂ
ਹਾੜ ਦੇ ਦੁਪਹਿਰੇ
ਭੇੜਦੇ ਗੱਪਾਂ 
7
ਹਾੜਾਂ ਦੇ ਦਿਨ
ਘੜੇ ਤੇ ਝੱਜਰੀਆਂ
ਠਾਰਨ ਪਾਣੀ
8
ਬੱਤੀ ਹੈ ਗੁੱਲ
ਤਪਦੀ ਤਪੈਹਰ
ਨਾ ਹੁੰਦੀ ਝੱਲ
9
ਤਿਹਾਇਆ ਕਾਂ
ਛਾਣ ਮਾਰੀ ਹਰ ਥਾਂ
ਤੌੜਾ ਲੱਭੇ ਨਾ
10
ਹਿੱਲੇ ਨਾ ਪੱਤਾ
ਤਿੱਖੜ ਦੁਪਹਿਰ
ਚੋਵੇ ਮੁੜਕਾ
11
ਬਿਜਲੀ ਕੱਟ
ਕਹਿਰਾਂ ਦਾ ਵੱਟ
ਟੱਪੇ ਨਾ ਝੱਟ
12
ਹਾੜ ਮਹੀਨੇ
ਤਪੇ ਪੱਕਾ ਵਿਹੜਾ
ਭੱਖੇ ਤੰਦੂਰ

Posted by: ਡਾ. ਹਰਦੀਪ ਕੌਰ ਸੰਧੂ | ਮਾਰਚ 19, 2013

ਖਾਲੀ ਫਰੇਮ


  1.

ਖਾਲੀ ਫਰੇਮ

ਕੰਧ ‘ਤੇ ਲਟਕਦਾ

ਸੁੰਨਾ ਏ ਘਰ

2.

ਖਾਲੀ ਫਰੇਮ

ਖਾਲੀ ਕੰਧ ‘ਤੇ ਟੰਗੇ

ਚੁੱਪ -ਗੜੁੱਪ

3.

ਖਾਲੀ ਫਰੇਮ

ਤਸਵੀਰ ਉਡੀਕੇ

ਜੰਮੀ ਏ ਧੂੜ

4.

ਚੁੱਪ ਨੇ ਬੋਲ

ਖਾਲੀ ਫੋਟੋ ਫਰੇਮ

ਕੋਈ ਨਾ ਕੋਲ਼

5.

ਖਾਲੀ ਫਰੇਮ

ਅੱਖੀਆਂ ਨਿਹਾਰਣ

ਭਾਵੀ ਚਿਹਰਾ

ਡਾ. ਹਰਦੀਪ ਕੌਰ ਸੰਧੂ     

Posted by: ਡਾ. ਹਰਦੀਪ ਕੌਰ ਸੰਧੂ | ਫਰਵਰੀ 4, 2013

ਚੁੱਪ ਦੀ ਨਦੀ


ਇੱਕਲ ‘ਚ ਵਹਿੰਦੀ

ਚੁੱਪ ਦੀ ਨਦੀ ‘ਚ

ਹਰ ਪਲ ਹਰ ਘੜੀ

ਮਨ ਗੋਤੇ ਸੀ ਖਾਈ ਜਾਂਦਾ……

ਪੁਰਜ਼ੋਰ ਵਹਿੰਦੀਆਂ ਛੱਲਾਂ ਦੇ

ਇੱਕਲ ਦੇ ਥਪੇੜਿਆਂ ਨੂੰ

ਪਤਾ ਨਹੀਂ ਉਹ ਕਿਵੇਂ

ਅੰਦਰੇ-ਅੰਦਰ ਸੀ ਸਮਾਈ ਜਾਂਦਾ……

ਚੁੱਪ ਦੀ ਜ਼ੁਬਾਨ ਬੋਲਦੇ

ਉਹਨਾਂ ਸੁਥਰੇ ਹਰਫ਼ਾਂ ਨੂੰ

ਮਨ ਦੀ ਦਹਿਲੀਜ਼ ‘ਤੇ

ਬੋਚ-ਬੋਚ ਸੀ ਟਿਕਾਈ ਜਾਂਦਾ…..

ਚੁੱਪ ਦੀ ਨਦੀ ‘ਚੋਂ

ਪਾਣੀ ਦਾ ਘੁੱਟ ਭਰ ਕੇ

ਰੂਹ ਨੂੰ ਲੱਗੀ ਤਰੇਹ

ਹੌਲ਼ੇ-ਹੌਲ਼ੇ ਸੀ ਬੁਝਾਈ ਜਾਂਦਾ…..

ਚੁੱਪ ਦੀਆਂ ਲਹਿਰਾਂ ‘ਚ

ਕਿਤੋਂ ਸਮੇਟ ਕੇ ਲਿਆਂਦਾ

ਖਿੜ-ਖਿੜਾਉਂਦਾ ਹਾਸਾ ਵੀ

ਆਵਦੇ ਕੰਨੀ ਸੀ ਪਾਈ ਜਾਂਦਾ……

ਇੱਛਾਵਾਂ ਦੇ ਖੰਡਾਹਰ ਨੂੰ

ਏਸੇ ਨਦੀ ‘ਚ ਰੋੜ ਕੇ

ਜ਼ਿੰਦਗੀ ਦਾ ਨਵੇਕਲਾ

ਸਾਂਗ ਜਿਹਾ ਸੀ ਰਚਾਈ ਜਾਂਦਾ……

ਇੱਕਲ ਦੀ ਚੁੱਪ-ਚਾਂ ‘ਚ

ਜਦ ਆਪਾ ਉਘੜਦਾ

ਸੱਚ ਦੀ ਧੁੰਨ ਛੇੜ ਕੇ

ਰੂਹ ਦਾ ਰਾਗ ਸੀ ਗਵਾਈ ਜਾਂਦਾ ! 

ਹਰਦੀਪ ਕੌਰ ਸੰਧੂ (ਡਾ.)

Posted by: ਡਾ. ਹਰਦੀਪ ਕੌਰ ਸੰਧੂ | ਜਨਵਰੀ 22, 2013

ਇਹ ਕੇਹੀ ਤਰੱਕੀ – ਜਦੋਂ ਦੇਸੀ ਨੂੰ ਤਰਸੋਂਗੇ


ਸਮਾਜ ਵਿੱਚ ਰਹਿੰਦਿਆਂ ਬੜਾ ਕੁਝ ਅਜਿਹਾ ਵਾਪਰਦਾ ਹੈ ਜੋ ਅਣਚਾਹਿਆ ਹੁੰਦਾ ਹੈ। ਕੁਝ ਲੋਕ ਖਾਸ ਕਰਕੇ ਲੇਖਕ ਸੰਵੇਦਨਸ਼ੀਲ ਹੋਣ ਕਰਕੇ ਇਸ ਨੁੰ ਜ਼ਿਆਦਾ ਮਹਿਸੂਸਦੇ ਨੇ। ਕੁਝ ਅਜਿਹਾ ਹੀ ਅਹਿਸਾਸ ਜੋ ਮੈਨੂੰ ਹੋਇਆ , ਤੁਹਾਨੂੰ ਕਰਾਉਣ ਦੀ ਇੱਕ ਨਿੱਕੀ ਜਿਹੀ ਕੋਸ਼ਿਸ਼…..

 ਸੁਣਿਆ ਅੱਜਕੱਲ ਅਸੀਂ ਬਹੁਤ ਤਰੱਕੀ ਕਰ ਗਏ ਹਾਂ। ਅਗਾਂਹ-ਵਧੂ ਸੋਚ ਦੇ ਮਾਲਕ ਅਖਵਾਉਂਦੇ ਹਾਂ ਕਿਉਂਕਿ ਅਸੀਂ ਸਿਰਫ਼ ‘ਅੰਗਰੇਜ਼ੀ ਬੋਲਣ ਲੱਗ ਗਏ ਹਾਂ। ਪੰਜਾਬੀ ਬੋਲਣ ਵਾਲ਼ੇ ਤਾਂ ਐਵੇਂ ‘ਦੇਸੀ’ ਜਿਹੇ ਹੁੰਦੇ ਨੇ। ਅਸੀਂ ਕਿਹੜਾ ਪੰਜਾਬ ਰਹਿਣਾ ਜੋ ਪੰਜਾਬੀ ਬੋਲੀਏ ਜਾਂ ਫਿਰ ਆਪਣੇ ਬੱਚਿਆਂ ਨੂੰ ਸਿਖਾਈਏ। ਸਾਡੇ ਜੁਆਕ ਤਾਂ ‘ਗਰੇਜੀ ‘ਚ ਹੀ ਗੱਲ ਕਰਦੇ ਆ। ਬੇਬੇ-ਬਾਪੂ ਐਵੇਂ ਰੌਲ਼ਾ ਪਾਈ ਜਾਣਗੇ ਬਈ ਸਾਨੂੰ ਨੀ ਸਮਝ ਲੱਗਦੀ ਨਿਆਣਿਆਂ ਦੀ ਕਾਂਵਾਂ-ਰੌਲ਼ੀ ਦੀ। ਸਾਡੇ ਨਿਆਣੇ ਤਾਂ ਬਸ ਹੁਣ ਆਂਟੀ-ਅੰਕਲ ਹੀ ਕਹਿਣਾ ਜਾਣਦੇ ਆ। ਉਹ ਨੀ ਕਹਿੰਦੇ ਬਈ ਇਹ ਮੇਰੀ ਭੂਆ ਆ, ਮਾਸੀ ਆ, ਜਾਂ ਚਾਚਾ-ਤਾਇਆ, ਫੁੱਫੜ ਆ। ਸਾਨੂੰ ਨੀ ਚੰਗਾ ਲੱਗਦਾ ਐਵੇਂ ਦੇਸੀ ਜਿਹੇ ਬਣਨਾ।

ਜੀ ਹਾਂ ਅੱਜ ਮੈਂ ਇਥੇ ਆਪਣੇ ਓਨ੍ਹਾਂ ਭੇਣ-ਭਰਾਵਾਂ ਦੀ ਸੋਚ ਦੀ ਗੱਲ ਕਰਨ ਜਾ ਰਹੀ ਹਾਂ ਜੋ ਠੇਠ ਪੰਜਾਬੀ ਪਰਿਵਾਰਾਂ ਨਾਲ਼ ਸਬੰਧਿਤ ਹੁੰਦੇ ਹੋਏ ਵੀ ਇਹ

ਵਿਚਾਰਧਾਰਾ ਬਣਾਈ ਬੈਠੇ ਹਨ। ਬੱਚਿਆਂ ਦੇ ਪੰਜਾਬੀ ਨਾ ਬੋਲਣ ਨੂੰ ਓਹ ਫ਼ਖਰ ਵਾਲ਼ੀ ਗੱਲ ਮੰਨਦੇ ਨੇ। ਚਾਹੇ ਕਿਸੇ ਦੇ ਘਰ ਜਨਮ-ਦਿਨ ਦੀ ਪਾਰਟੀ ਹੋਵੇ ਜਾਂ ਕੋਈ ਇੱਕਠੇ ਹੋਣ ਦਾ ਹੋਰ ਸਬੱਬ ਇਨ੍ਹਾਂ ਪੰਜਾਬੀ ਪਰਿਵਾਰਾਂ ਦੇ ਬੱਚੇ ਅੰਗਰੇਜ਼ੀ ਵਿੱਚ ਹੀ ਗੱਲ ਕਰਦੇ ਨੇ।

ਅਸੀਂ ਸਾਰੇ ਆਪਣੀ ਮਾਂ-ਬੋਲੀ ਵਿੱਚ ਹੀ ਲੋਰੀਆਂ ਸੁਣ-ਸੁਣ ਵੱਡੇ ਹੋਏ ਹਾਂ। ਅੱਜ ਮੈਂ ਪੁੱਛਦੀ ਹਾਂ ਸਾਰੀਆਂ ਮਾਵਾਂ ਤੋਂ, ਆਪਣੇ ਦਿਲ ‘ਤੇ ਹੱਥ ਰੱਖ ਕੇ ਦੱਸੋ – ਕੀ ਤੁਸੀਂ ਪੰਜਾਬੀ ‘ਚ ਲੋਰੀਆਂ ਦੇ ਕੇ ਨਹੀਂ ਵੱਡੇ ਕੀਤਾ ਆਪਣੇ ਲਾਲਾਂ ਨੂੰ। ਫਿਰ ਘਾਟ ਕਿਥੇ ਰਹਿ ਜਾਂਦੀ ਹੈ? ਕਿਓਂ ਸਾਡੇ ਬੱਚੇ ਇੱਕਠੇ ਹੋ ਕੇ ਪੰਜਾਬੀ ਨਹੀਂ ਬੋਲਦੇ ?

 

‘ਮਾਖਿਓਂ ਮਿੱਠੀ ਪੰਜਾਬੀ ਬੋਲੀ ਦੀ ਮਿਠਾਸ ਨੂੰ ਅਸੀਂ ਆਪ ਤਾਂ ਭੁੱਲਦੇ ਜਾਂਦੇ ਹੀ ਹਾਂ ਪਰ ਬੱਚਿਆਂ ਨੂੰ ‘ਇਸ ਮਿਠਾਸ’ ਨੂੰ ਚੱਖ ਕੇ  ਸੁਆਦ ਲੈਣ ਦਾ ਮੌਕਾ ਹੀ ਨਹੀਂ ਦਿੰਦੇ।

 

ਵਿਦੇਸ਼ਾਂ ‘ਚ ਰਹਿੰਦੇ ( ਤੇ ਹੁਣ ਤਾਂ ਪੰਜਾਬ ਦੇ ਸ਼ਹਿਰਾਂ ‘ਚ ਰਹਿੰਦੇ ਵੀ ) ਪੰਜਾਬੀ ਪਰਿਵਾਰ ਆਪਣੇ ਆਪ ਨੂੰ ਪੰਜਾਬੀ ਤੋਂ ਦੂਰ ਕਰੀ ਜਾਂਦੇ ਹਨ। ਉਨ੍ਹਾਂ ਕੋਲ਼ ਪੰਜਾਬੀ ਦੇ ਸ਼ਬਦ ਭੰਡਾਰ ਮੁੱਕਦੇ ਜਾਂਦੇ ਹਨ। ਬੱਚੇ ਤਾਂ ਚੰਗੀ ਤਰ੍ਹਾਂ ਪੰਜਾਬੀ ਬੋਲਦੇ ਹੀ ਨਹੀਂ, ਵੱਡਿਆਂ ਦੀ ਬੋਲੀ ਵੀ ਵੱਖਰੀ ਜਿਹੀ ਹੁੰਦੀ ਜਾਂਦੀ ਹੈ।

ਕਹਿਣਗੇ, ” ਯੇ-ਯੇ, ਮੈਂ ਇਹ ‘ਮੇਕ ਸ਼ੋਰ’ ਕਰਨ ਲਈ ਫੂਨ ਕੀਤਾ ਕਿ ਤੁਸੀਂ ਬੱਚਿਆਂ ਨੂੰ ਸਕੂਲੋਂ  ‘ਚੱਕ ਲਿਓ’ , ਮੈਂ ਸ਼ੌਪਿੰਗ ਜਾਣਾ ‘ਮੰਗਦੀਆ’। ਸਾਡੇ ਬੱਚੇ ਪੰਜਾਬੀ ਖਾਣਾ ਲਾਈਕ ਨਹੀਂ ਕਰਦੇ..ਕੋਈ  ‘ਇੰਗਲਿਸ਼ ‘ ਰੈਸਪੀ ਮੰਗਦੀ ਹਾਂ । ਮੰਮੀ, ਡੈਡੀ ਤੋਨੂੰ ਮੰਗਦਾ।    ਹਾਂ ਮੈਨੂੰ ਪੰਜਾਬੀ ਔਂਦੀਆ..ਥੋਰੀ…ਥੋਰੀ ।”

ਕਿਸੇ ਨੇ ਠੀਕ ਹੀ ਕਿਹਾ ਹੈ ਕਿ ਅਗਰ ਕਿਸੇ ਕੌਮ ਨੂੰ ਖਤਮ ਕਰਨਾ ਹੋਵੇ ਓਨ੍ਹਾਂ ਨੂੰ   ਮਾਂ-ਬੋਲੀ ਭੁਲਾ ਦਿਓ । ਪਰ ਏਥੇ ਮਾਂ-ਬੋਲੀ ਨੂੰ ਭੁਲਾਉਣ ਦੇ ਅਸੀਂ ਆਪ ਜ਼ਿੰਮੇਵਾਰ ਹਾਂ , ਕੋਈ ਹੋਰ ਨਹੀਂ । ਬੜੀ ਹੈਰਾਨੀ ਹੁੰਦੀ ਹੈ ਜਦੋਂ ਆਪਣੇ ਹੀ ਦੋਸਤਾਂ-ਮਿੱਤਰਾਂ ਦੇ ਘਰਾਂ ‘ਚ ਨਾ  ਪੰਜਾਬੀ ਅਖਬਾਰ ਹੁੰਦਾ ਹੈ, ਨਾ ਕਦੇ ਪੰਜਾਬੀ ਰੇਡਿਓ ਪ੍ਰੋਗਰਾਮ ਚੱਲਦਾ ਹੈ ਕਿਉਂਕਿ ਓਨ੍ਹਾਂ ਕੋਲ਼ ਨਾ ਤਾਂ ਇਨ੍ਹਾਂ ਕੰਮਾਂ ਲਈ ਸਮਾਂ ਹੈ ਨਾ ਕੋਈ ਦਿਲਚਸਪੀ ।

ਬੜੀ ਚੰਗੀ ਗੱਲ ਹੈ ਕਿ ਵਿਦੇਸ਼ਾਂ ‘ਚ ਕਈ ਸੰਸਥਾਵਾਂ ਪੰਜਾਬੀ ਸਕੂਲ ਚਲਾ ਰਹੀਆਂ ਹਨ। ਪੰਜਾਬੀ ਅਖਬਾਰ ਛਪ ਰਹੇ ਹਨ। ਹਰ ਐਤਵਾਰ ਪੰਜਾਬੀ ਰੇਡਿਓ ਪ੍ਰੋਗਰਾਮ ਵੀ ਚੱਲਦੇ ਹਨ।

ਸਾਨੂੰ ਪੰਜਾਬੀ ਨੂੰ ਸਾਂਭਣ ਦੇ ਯਤਨ ਕਰਦੇ ਰਹਿਣਾ ਚਾਹੀਦਾ ਹੈ। ਨਹੀਂ ਤਾਂ ਜਿੰਨੀ ਕੁ ਪੰਜਾਬੀ ਦੀ ਜਾਣਕਾਰੀ ਅੱਜ ਸਾਨੂੰ ਹੈ ਇਹ ਆਉਂਦੀਆਂ ਪੀੜੀਆਂ ਵਿੱਚ ਖਤਮ ਹੋ ਜਾਵੇਗੀ। ਫੇਰ ਸਾਰੇ ਓਸੇ ‘ ਦੇਸੀ’ ਨੂੰ ਤਰਸਣਗੇ। ਲੋਕ ਨਾ ਆਪ ਦਿਲਚਸਪੀ ਲੈਂਦੇ ਨੇ ਨਾ ਹੀ ਆਪਣੇ ਬੱਚਿਆਂ ਨੂੰ ਉਤਸ਼ਾਹਿਤ ਕਰਦੇ ਨੇ , ਪੰਜਾਬੀ ਪੜ੍ਹਨ ਤੇ ਬੋਲਣ ਲਈ। ਪੰਜਾਬੀ ਪੜ੍ਹਾਉਣ ਨੂੰ ਲੋਕ ਬੋਝ ਮੰਨਣ ਲੱਗ ਪਏ ਨੇ । ਅੱਜ ਮੈਂ ਯਾਦ ਦੁਆਉਣਾ ਚਾਹੁੰਦੀ ਹਾਂ ਕਿ ਪੰਜਾਬ ‘ਚ ਰਹਿੰਦਿਆਂ ਅਸੀਂ ਸਾਰੇ ਤਿੰਨ-ਤਿੰਨ ਭਾਸ਼ਾਵਾਂ ਸਿੱਖਦੇ ਸੀ- ਪੰਜਾਬੀ, ਹਿੰਦੀ ਤੇ ਅੰਗਰੇਜ਼ੀ । ਓਦੋਂ ਤਾਂ ਕਦੇ ਕਿਸੇ ਨੇ ਨਹੀਂ ਕਿਹਾ ਕਿ ‘ ਅੰਗਰੇਜ਼ੀ’ ਸਿੱਖਣਾ ਸਾਨੂੰ ਬੋਝ ਲੱਗਦਾ ਹੈ ।

 

ਅਨੀਤਾ ਲਾਰਚੇ ਦਾ ਨਾਂ ਤਾਂ ਤੁਸੀਂ ਸਭ ਨੇ ਕਦੇ-ਨਾ-ਕਦੇ ਸੁਣਿਆ ਹੀ ਹੋਵੇਗਾ। ਜੀ ਹਾਂ ਮੈਂ ਓਸੇ ਡੈਨਮਾਰਕ ਦੀ ਗਾਇਕਾ ਦੀ ਗੱਲ ਕਰ ਰਹੀ ਹਾਂ ਜਿਸ ਨੇ ਪੰਜਾਬੀ ਸਿੱਖ ਕੇ , ਪੰਜਾਬੀ ਦੇ ਗੀਤਾਂ ਦੀ ਇੱਕ ਕੈਸਟ ਕੱਢੀ ਹੈ…ਹੀਰ ਫਰੌਮ ਡੈਨਮਾਰਕ । ਸਾਡੇ ਲਈ ਇਹ ਮਾਣ ਵਾਲ਼ੀ ਗੱਲ ਹੈ ਕਿ ਕਿਸੇ ਗੈਰ-ਪੰਜਾਬੀ ਨੇ ਸਾਡੀ ਭਾਸ਼ਾ ਨੂੰ ਵਧੀਆ ਮੰਨ ਕੇ ਸਿੱਖਿਆ ਤੇ ਫੇਰ ਇਸ ਭਾਸ਼ਾ ‘ਚ ਗਾਇਆ।

ਗੁਰਦਾਸ ਮਾਨ ਦੇ ਇਸ ਗੀਤ ਦੀ ਡੂੰਘਾਈ ਜਾਨਣ ਦੀ ਲੋੜ ਹੈ ਜਦੋਂ ਓਹ ਕਹਿੰਦਾ ਹੈ …ਪੰਜ ਚੀਜ਼ਾਂ ਤੋਂ ਬਣੇ ਪੰਜੀਰੀ ਪੰਜ ਤੋਂ ਬਣੀ ਪੰਜਾਬੀ ….

ਜਦੋਂ ਕਦੇ ਪੰਜਾਬੀ ਬੋਲੀ ਦੀ ਗੱਲ ਹੋਵੇ ਤਾਂ ਇੱਕ ਹੋਰ ਪੰਜਾਬੀ ਗਾਇਕ ਦੇਬੀ ਮਖਸੂਸਪੁਰੀ ਦਾ ਨਾਂ ਮੂਹਰਲੀਆਂ ਸਫ਼ਾਂ ਵਿਚ ਹੁੰਦਾ ਹੈ।  ਪੰਜਾਬੀ ਬੋਲੀ ਲਈ ਦੇਬੀ ਕੁਝ ਏਸ ਤਰਾਂ ਬੋਲਦਾ ਹੈ…..

 

‘‘ਜਿਸ ਬੋਲੀ ਵਿਚ ਮਾਂ ਦੀ ਲੋਰੀ ਤੇ ਗੁਰੂਆਂ ਦੀ ਸਿੱਖਿਆ ਏ,

ਨਾਨਕ, ਬੁੱਲੇ ਸ਼ਾਹ, ਫਰੀਦ ਨੇ ਜਿਸ ਬੋਲੀ ਵਿਚ ਲਿਖਿਆ ਏ,

ਉਹ ਜ਼ਾਹਿਲ ਸਭ ਤੋਂ ਵੱਡੇ ਜੋ ਕਹਿਣ ਗਵਾਰ ਪੰਜਾਬੀ ਨੂੰ,

ਮੈਂ ਪੁੱਤ ਪੰਜਾਬੀ ਮਾਂ ਦਾ ਮੈਂ ਕਰਦਾ ਪਿਆਰ ਪੰਜਾਬੀ ਨੂੰ

ਬੱਚੇ ਦੂਰ ਪੰਜਾਬੀ ਕੋਲੋ ਕਰ ਦਿੱਤੇ ਸੀ ਸੜ੍ਹਿਆਂ ਨੇ,

ਘਰ ’ਚੋਂ ਆਪਣੀ ਮਾਂ ਕੱਢ ਦਿੱਤੀ ਵੇਖੋ ਬਹੁਤੇ ਪੜ੍ਹਿਆਂ ਨੇ।

ਪਈ ਆਪਣਿਆਂ ਦੇ ਹੱਥੋਂ ਪਈ ਜਦ ਵੀ ਮਾਰ ਪੰਜਾਬੀ ਨੂੰ,

ਮੈਂ ਪੁੱਤ ਪੰਜਾਬੀ ਮਾਂ ਦਾ ਮੈਂ ਕਰਦਾ ਪਿਆਰ ਪੰਜਾਬੀ ਨੂੰ

 

ਓਹ ਤਾਂ ਪੰਜਾਬ ਦੇ ਹਾਲਾਤ ਦੀ ਦੁਹਾਈ ਦਿੰਦਾ ਹੈ , ਪਰ ਵਿਦੇਸ਼ਾਂ ‘ਚ ਤਾਂ ਆਵਾ ਹੀ ਊਤਿਆ ਪਿਆ ਹੈ । ਪੰਜਾਬੋਂ ਆਏ 30 % ਹੀ ਪਰਿਵਾਰ  ਅਜਿਹੇ ਹੋਣਗੇ ਜਿਹਨਾਂ ਨੂੰ ਪੰਜਾਬੀ ਬੋਲੀ ਦੀ ਫਿਕਰ ਹੋਵੇਗੀ । ਬਾਕੀ ਜੋ ਅਸਲੀ ਪੰਜਾਬ ਦੀ ਝੋਲ਼ੀ ‘ਚੋਂ ਆਏ ਨੇ…ਜੋ ਪਿੰਡਾਂ ‘ਚੋਂ ਆਏ ਨੇ..ਜਿਥੇ ਅਸਲੀ ਪੰਜਾਬ ਵੱਸਦਾ….ਤੇ ਜਿਹਨਾਂ ਕੋਲ਼ ਠੇਠ ਪੰਜਾਬੀ ਬੋਲੀ ਦੇ ਸ਼ਬਦ ਭੰਡਾਰ ਹਨ…ਪੰਜਾਬੀ ਨੂੰ ਛੱਡਦੇ ਜਾਂਦੇ ਨੇ । ਓਹ ਪੰਜਾਬੀ ਨੂੰ  ਦੇਸੀ ਜਿਹੀ ਭਾਸ਼ਾ ਜਾਣ ਆਪਣੇ ਬੱਚਿਆਂ ਨੂੰ ਸਿਖਾਉਣ ਦੇ ਚਾਹਵਾਨ ਨਹੀਂ ਹਨ।

 

ਅੱਜ ਲੋੜ ਹੈ ਸਾਨੂੰ ਗੰਭੀਰਤਾ ਨਾਲ਼ ਸੋਚਣ ਦੀ ਕਿ ਅਗਰ ਅਸੀਂ ਚਾਹੁੰਦੇ ਹਾਂ ਕਿ ਪੰਜਾਬ ਜਿਓਂਦਾ ਰਹੇ, ਲੋੜ ਹੈ ‘ ਪੰਜਾਬੀ’ ਨੂੰ ਜਿਓਂਦਾ ਰੱਖਣ ਦੀ। ਅਗਰ ਅਸੀਂ ਆਪਣੇ ਬੱਚਿਆਂ ਨੂੰ ਦੱਸਾਂਗੇ ਹੀ ਨਾ ਕਿ ਪੰਜਾਬੀ ਬੋਲੀ ਕੋਲ਼ ਕਿੰਨਾ ਵੱਡਮੁੱਲਾ ਖਜ਼ਾਨਾ ਹੈ….ਅਮੀਰ ਵਿਰਸਾ ਹੈ….ਤਾਂ ਓਹ ਕਿਵੇਂ ਜਾਨਣਗੇ ਪੰਜਾਬ ਦਾ ਪਿਛੋਕੜ…ਆਪਣਿਆਂ ਬਾਰੇ….ਆਪਣੇ ਬਜ਼ੁਰਗਾਂ ਬਾਰੇ….ਓਹ ਕਿਵੇਂ ਜਾਨਣਗੇ ਕਿ ਏਸ ਬੋਲੀ ‘ਚ ਸਾਡੇ ਗੁਰੂਆਂ ਦੀ ਬਾਣੀ ਹੈ…ਏਸ ਬੋਲੀ ‘ਚ ‘ਮਾਂ’ ਦੀ ਲੋਰੀ ਹੈ…ਇਹ ਬੋਲੀ ਸਾਡੇ ਸਿਰ ਦਾ ਤਾਜ਼ ਹੈ….ਇਹ ਸਾਡੀ ਮਾਂ-ਬੋਲੀ ਹੈ….ਓਹ ਕਿਵੇਂ ਇਹ ਬੋਲੀ ਸਿੱਖਣ ਲਈ ਉਤਸ਼ਾਹਿਤ ਹੋਣਗੇ।

ਅਗਰ ਸਾਡੇ ਬੱਚਿਆਂ ਕੋਲ਼ ਪੰਜਾਬੀ ਬੋਲੀ ਦੇ ਸ਼ਬਦਾਂ ਦਾ ਭੰਡਾਰ ਨਹੀਂ ਹੋਵੇਗਾ ਤਾਂ ਓਹ ਕਿਵੇਂ ਪੰਜਾਬੀ ਹਾਸ-ਕਲਾਕਾਰ ‘ ਭੱਲੇ ਤੇ ਬਾਲੇ’ ਦੇ ਛਣਕਾਟੇ ਦਾ ਲੁਤਫ਼ ਲੈ ਸਕਣਗੇ ਜਾਂ ਭਗਵੰਤ ਮਾਨ ਦੀ ਬੀਬੋ ਭੂਆ ਨੂੰ ਕਿਵੇਂ ਜਾਨਣਗੇ ਜਾਂ ਫਿਰ ਪੰਜਾਬੀ ਲੋਕ ਗਾਇਕ ਗੁਰਦਾਸ ਮਾਨ ਦੀ ਦੇ ਗਾਏ ‘ ਆਪਣਾ ਪੰਜਾਬ ਹੋਵੇ..” ਦੀ ਹਰ ਸਤਰ ‘ਚੋਂ ਕਿਵੇਂ ਪੰਜਾਬ ਨੂੰ ਲੱਭਣਗੇ ?

 

ਪੰਜਾਬ ਦੀ ਬੋਲੀ ਨੂੰ ਜਿਓਂਦਾ ਰੱਖਣ ਲਈ ਸਾਨੂੰ ਸਾਰੇ ਪੰਜਾਬੀਆਂ ਦੇ ਸਹਿਯੋਗ ਦੀ ਲੋੜ ਹੈ, ਤਾਂ ਹੀ ਅਸੀਂ ਏਸ ਦੇਸੀ ਭਾਸ਼ਾ ਨੂੰ ਜਾਣ ਸਕਦੇ ਹਾਂ ਤੇ ਬੱਚਿਆਂ ਨੂੰ ਸਿੱਖਾ ਸਕਦੇ ਹਾਂ।ਹਰ ਨਵੀਂ ਥਾਂ ਜਾ ਕੇ ਨਵਾਂ ਪੰਜਾਬ ਬਣਾਉਣ ਵਾਲ਼ੇ ਇਹ ਪੰਜਾਬੀ ਤਾਂ ਹੀ ਇੱਕ ਨਵਾਂ ਪੰਜਾਬ ਬਣਾ ਸਕਣਗੇ ਜੇ ਉਹ ਪੰਜਾਬੀ ਬੋਲੀ ਨੂੰ ਜਿਉਂਦਾ ਰੱਖਣ ।

 

ਡਾ. ਹਰਦੀਪ ਕੌਰ ਸੰਧੂ

(ਨੋਟ: ਇਹ ਲੇਖ ਸਾਂਝਾ ਪੰਜਾਬ ‘ਤੇ ਵੀ ਪ੍ਰਕਾਸ਼ਿਤ ਹੋਇਆ । ਵੇਖਣ ਲਈ ਇੱਥੇ ਕਲਿੱਕ ਕਰੋ

Posted by: ਡਾ. ਹਰਦੀਪ ਕੌਰ ਸੰਧੂ | ਜਨਵਰੀ 1, 2013

ਨਵਾਂ ਸਾਲ-2013


Year 2013

« Newer Posts - Older Posts »

ਸ਼੍ਰੇਣੀਆਂ