Posted by: ਡਾ. ਹਰਦੀਪ ਕੌਰ ਸੰਧੂ | ਅਪ੍ਰੈਲ 4, 2015

ਮੋਹ ਅਕਸ


ਪਿੰਡ ਦੀ ਫਿਰਨੀ ……….ਫਿਰਨੀ ‘ਤੇ ਬੱਸ ਅੱਡਾ………ਜਿਸ ਦੇ ਐਨ ਨੇੜੇ ਸਾਡੀ ਸਰਕਾਰੀ ਰਿਹਾਇਸ਼ ਸੀ। ਘਰ ਦੇ ਮੂਹਰਲੇ ਵਿਹੜੇ ‘ਚ ਖੇਡਦਿਆਂ ਅਸੀਂ ਬੱਸਾਂ ਦੇ ਬੋਰਡ ਵੀ ਪੜ੍ਹਦੇ ਰਹਿੰਦੇ। ਸਿਆਲਾਂ ਦੀ ਕੋਸੀ -ਕੋਸੀ ਇੱਕ ਧੁੱਪੇ ਸੇਵੀਆਂ ਵੱਟੀਆਂ ਜਾ ਰਹੀਆਂ ਸਨ। ਮੰਜੇ ਨਾਲ ਫਿੱਟ ਕੀਤੀ ਜਿੰਦੀ ਦੀ ਹੱਥੀ ਫੇਰਨਾ ਪਾਪਾ ਜ਼ਿੰਮੇ ਸੀ ਤੇ ਪੇੜਾ ਪਾਉਂਦਿਆਂ ਵੱਟੀਆਂ ਸੇਵੀਆਂ ਨੂੰ ਤੋੜ -ਤੋੜ ਮੂਧੇ ਮਾਰੇ ਮੰਜੇ ‘ਤੇ ਬੰਨੀਆਂ ਰੱਸੀਆਂ ‘ਤੇ ਸਲੀਕੇ ਨਾਲ ਪਾਉਣਾ ਮਾਂ ਦੇ ਹਿੱਸੇ ਆਇਆ। ਨਿਰਵਿਘਨ ਕੰਮ ਚਲਾਉਣ ਲਈ ਸਾਨੂੰ ਨਿਆਣਿਆਂ ਨੂੰ ਮੂਹਰਲੇ ਵਿਹੜੇ ‘ਚ ਖੇਲਣ ਦੇ ਆਹਰੇ ਲਾ ਦਿੱਤਾ। ਖੇਲਦੇ ਵਕਤ ਜਿਓਂ ਹੀ ਸਾਡੀ ਨਜ਼ਰ ਅੱਡੇ ‘ਤੇ ਖੜ੍ਹੀ ਜਗਰਾਵਾਂ ਵਾਲੀ ਬੱਸ ‘ਤੇ ਪਈ……ਸਾਡੀ ਅੱਖਾਂ ਦੀ ਚਮਕ ਇੱਕ ਸ਼ਰਾਰਤ ਵਿੱਚ ਵਟ ਗਈ। “ਵੱਡੇ ਮਾਸੀ ਜੀ ਤੇ ਮਾਸੜ ਜੀ ਆਏ ਨੇ,” ਮੱਲੋ-ਮੱਲੀ ਨਿਕਲਦੀ ਹਾਸੀ ਨੂੰ ਦਬਾਉਂਦਿਆਂ ਮਾਂ -ਪਾਪਾ ਕੋਲ ਜਾ ਕੇ ਅਸੀਂ ਸਾਰੇ ਇੱਕੋ ਸੁਰ ‘ਚ ਬੋਲੇ। ਮਾਸੀ ਜੀ ਹੋਰਾਂ ਨਾਲ ਮਾਂ ਦਾ ਅੰਤਾਂ ਦਾ ਮੋਹ ਏ …….. ਤੇ ਪਾਪਾ ਦੀ ਅਪਣੱਤ ਦੀ ਅਸੀਮਤਾ ਵੀ ਦੇਖਿਆਂ ਹੀ ਬਣਦੀ ਸੀ ……..ਇੱਥੋਂ ਤੱਕ ਕਿ ਜਦੋਂ ਕਦੇ ਛੁੱਟੀਆਂ ‘ਚ ਪਾਪਾ ਸਾਡੇ ਨਾਲ ਨਾਨਕੇ ਜਾਂਦੇ ਤਾਂ ਸਾਡਾ ਪਹਿਲਾ ਪੜਾਅ ਮਾਸੀ ਜੀ ਦੇ ਸਹੁਰਿਆਂ ਦਾ ਪਿੰਡ ਹੀ ਹੁੰਦਾ ਸੀ। 

        ” ਮਾਸੀ ਹੀ ਹੋਰੀਂ ਆ ਗਏ,” ਆਪਣੀ ਗੱਲ ਨੂੰ ਹੋਰ ਯਕੀਨੀ ਬਨਾਉਣ ਲਈ ਡਾਢਾ ਚਾਅ ਜਿਹਾ ਬਿਖੇਰਦਿਆਂ ਅਸੀਂ ਲੋਰ ‘ਚ ਆ ਕੇ ਇੱਕ ਵਾਰ ਫਿਰ ਬੋਲੇ। ਹੁਣ ਮਾਂ ਦੇ ਚਿਹਰੇ ‘ਤੇ ਰੱਜਵਾਂ ਖੇੜਾ ਸੀ ਤੇ ਪਾਪਾ ਦੀਆਂ ਅੱਖਾਂ ‘ਚ ਇੱਕ ਅਨੋਖੀ ਜਿਹੀ ਚਮਕ। ਪਾਪਾ ਨੇ ਜਿੰਦੀ ਚਲਾਉਣੀ ਬੰਦ ਕਰ ਦਿੱਤੀ। ” ਲਓ ਵੱਡੇ ਭੈਣ ਜੀ ਹੋਰੀਂ ਆ ਗਏ……..ਮੈਨੂੰ ਦਮ ਦਵਾਉਣ,” ਆਪ -ਮੁਹਾਰੇ ਖੁਸ਼ ਹੋਏ ਪਾਪਾ ਦੇ ਬੋਲ ਵਿਹੜੇ ‘ਚ ਖਿੱਲਰ ਗਏ। ਪਲਾਂ -ਛਿਣਾਂ ਹੀ ਉਡੀਕਣਹਾਰ ਬਣੀਆਂ ਅੱਖਾਂ ਦਰਵਾਜ਼ੇ ਵੱਲ ਲੱਗ ਗਈਆਂ। ਕੁਝ ਵਕਫਾ ਲੰਘਣ ਪਿੱਛੋਂ ਜਦੋਂ ਕੋਈ ਵੀ ਨਾ ਆਇਆ ਤਾਂ ਬਿਹਵਲ ਜਿਹੇ ਹੁੰਦਿਆਂ ਪਾਪਾ ਮਾਂ ਨੂੰ ਬੋਲੇ, ” ਤੁਸੀਂ ਚਾਹ -ਪਾਣੀ ਧਰੋ….ਮੈਂ ਭਾਈਆ ਜੀ ਹੋਰਾਂ ਨੂੰ ਬਾਹਰੋਂ ਲੈ ਕੇ ਆਇਆ। ਓਦੋਂ ਫੋਨਾਂ ਦੀ ਅਣਹੋਂਦ ਸਾਡੀ ਪ੍ਰਾਹੁਣਾਚਾਰੀ ‘ਤੇ ਕੋਈ ਪ੍ਰਭਾਵ ਨਹੀਂ ਸੀ ਪਾਉਂਦੀ। ਪਾਪਾ ਨੇ ਦੂਰ ਤੱਕ ਨਜ਼ਰਾਂ ਘੁਮਾਈਆਂ …….ਬਾਹਰ ਤਾਂ ਕੋਈ ਵੀ ਨਹੀਂ ਸੀ। ਓਨੀ ਪੈਰੀਂ ਪਿਛਾਂਹ ਮੁੜਦਿਆਂ ਤੱਕ ਉਹਨਾਂ ਦੀ ਮੁਸਕਾਨ ਤੇ ਅੱਖਾਂ ਦੀ ਚਮਕ ਉਦਾਸ ਹੋ ਗਈ ਸੀ। “ਵੱਡਿਆਂ ਨਾਲ ਇਹੋ ਜਿਹਾ ਮਜ਼ਾਕ ਨਹੀਂ ਕਰੀਦਾ,” ਆਪਣੀ ਨਿਰਾਸ਼ੀ ਉਡੀਕ ਨੂੰ ਛੁਪਾਉਂਦਿਆਂ ਮਾਂ ਨੇ ਸਾਨੂੰ ਇੱਕ ਮਿੱਠੀ ਜਿਹੀ ਘੂਰੀ ਦਿੱਤੀ। ਮਾਂ -ਪਾਪਾ ਨੇ ਤਾਂ ਸ਼ਾਇਦ ਇਹਨਾਂ ਉਡੀਕ ਦੇ ਚੰਦ ਕੁ ਪਲਾਂ ‘ਚ ਹੀ ਆਉਣ ਵਾਲੇ ਪ੍ਰਾਹੁਣਿਆਂ ਨਾਲ ਉਮਰੋਂ ਲੰਮੀਆਂ ਬਾਤਾਂ ਪਾਉਣਾ ਕਿਆਸ ਲਿਆ ਹੋਣਾ ਹੈ। ਉਦਾਸੀ ਦੇ ਪਰਛਾਵਿਆਂ ‘ਚ ਹਰਾਸੇ ਉਹਨਾਂ ਦੇ ਚਿਹਰੇ ਇਓਂ ਲੱਗਦੇ ਸਨ ਜਿਵੇਂ ਸੱਚੀ ਹੀ ਕੋਈ ਮਿਲਣ  ਦਾ ਵਾਅਦਾ ਕਰਕੇ ਨਾ ਆਇਆ ਹੋਵੇ। 

    …..ਤੇ ਫੇਰ ਕਈ ਵਰ੍ਹਿਆਂ ਮਗਰੋਂ ਪਾਪਾ ਨੇ ਸ਼ਹਿਰ ਆ ਨਵੇਂ ਘਰ ‘ਚ ਬਣਵਾਏ ਫਰਨੀਚਰ ‘ਚ ਡ੍ਰੈਸਿੰਗ ਟੇਬਲ ਦਾ ਸ਼ੀਸ਼ਾ ਮਾਸੜ ਜੀ ਦੇ ਕੱਦ ਦੇ ਮੇਚ ਦਾ ਬਣਵਾਇਆ ਸੀ …….ਮੱਤਾਂ ਇੱਥੇ ਆ ਕੇ ਉਹਨਾਂ ਨੂੰ ਪੱਗ ਬੰਨਣ ‘ਚ ਕੋਈ ਦਿੱਕਤ ਨਾ  ਆਵੇ। ਅੱਜ ਵੀ ਓਸ ਸ਼ੀਸ਼ੇ ਵਿੱਚੋਂ ਮੈਨੂੰ ਪਾਪਾ ਦੇ ਲਾਏ ਮੋਹ ਤੇ ਅਪਣੱਤ ਦੇ ਬੂਟੇ ਦਾ ਅਕਸ ਨਜ਼ਰ ਆਉਂਦਾ ਹੈ ਜਿਸ ਨੂੰ ਮਾਂ ਨੇ ਆਪਣੀਆਂ ਮੋਹ ਦੀਆਂ ਛੱਲਾਂ ਨਾਲ ਸਿੰਜਦੇ ਹੋਏ ਹੁਣ ਤੱਕ ਤਰੋ -ਤਾਜ਼ਾ ਰੱਖਿਆ ਹੋਇਆ ਹੈ। ਓਥੇ ਅੱਜ ਵੀ ਪ੍ਰਾਹੁਣਿਆਂ ਦੀ ਆਮਦ ਨਾਲ ਹਰ ਇੱਕ ਦਾ ਚਿਹਰਾ ਇੰਝ ਖਿੜ ਜਾਂਦਾ ਹੈ ਜਿਵੇਂ ਇੱਕ ਡੋਡੀ ਹੁਣੇ -ਹੁਣੇ ਫੁੱਲ ਬਣ ਗਈ ਹੋਵੇ। 

 

ਮੋਹ ਅਕਸ –

ਧੁੱਪੀ ਪੌਣ ਰੁਮਕੇ 

ਫੁੱਲ ਟਹਿਕੇ। 

 

ਡਾ. ਹਰਦੀਪ ਕੌਰ ਸੰਧੂ 

Advertisements

Responses

  1. ਡਾ ਹਰਦੀਪ ਅੱਜ ਕੱਲ ਕਿਥੇ ਬਿਰਾਜ ਰਹੇ ਓ ?


ਟਿੱਪਣੀ ਕਰੋ ਜਾਂ ਕੁਝ ਪੁੱਛੋ

ਆਪਣੀ ਜਾਣਕਾਰੀ ਹੇਠਾਂ ਭਰੋ ਜਾਂ ਦਾਖਲੇ ਲਈ ਕਿਸੇ ਆਈਕਨ 'ਤੇ ਕਲਿੱਕ ਕਰੋ:

WordPress.com Logo

ਤੁਸੀਂ WordPress.com ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Twitter picture

ਤੁਸੀਂ Twitter ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Facebook photo

ਤੁਸੀਂ Facebook ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Google+ photo

ਤੁਸੀਂ Google+ ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Connecting to %s

ਸ਼੍ਰੇਣੀਆਂ

%d bloggers like this: