Posted by: ਡਾ. ਹਰਦੀਪ ਕੌਰ ਸੰਧੂ | ਜਨਵਰੀ 22, 2013

ਇਹ ਕੇਹੀ ਤਰੱਕੀ – ਜਦੋਂ ਦੇਸੀ ਨੂੰ ਤਰਸੋਂਗੇ


ਸਮਾਜ ਵਿੱਚ ਰਹਿੰਦਿਆਂ ਬੜਾ ਕੁਝ ਅਜਿਹਾ ਵਾਪਰਦਾ ਹੈ ਜੋ ਅਣਚਾਹਿਆ ਹੁੰਦਾ ਹੈ। ਕੁਝ ਲੋਕ ਖਾਸ ਕਰਕੇ ਲੇਖਕ ਸੰਵੇਦਨਸ਼ੀਲ ਹੋਣ ਕਰਕੇ ਇਸ ਨੁੰ ਜ਼ਿਆਦਾ ਮਹਿਸੂਸਦੇ ਨੇ। ਕੁਝ ਅਜਿਹਾ ਹੀ ਅਹਿਸਾਸ ਜੋ ਮੈਨੂੰ ਹੋਇਆ , ਤੁਹਾਨੂੰ ਕਰਾਉਣ ਦੀ ਇੱਕ ਨਿੱਕੀ ਜਿਹੀ ਕੋਸ਼ਿਸ਼…..

 ਸੁਣਿਆ ਅੱਜਕੱਲ ਅਸੀਂ ਬਹੁਤ ਤਰੱਕੀ ਕਰ ਗਏ ਹਾਂ। ਅਗਾਂਹ-ਵਧੂ ਸੋਚ ਦੇ ਮਾਲਕ ਅਖਵਾਉਂਦੇ ਹਾਂ ਕਿਉਂਕਿ ਅਸੀਂ ਸਿਰਫ਼ ‘ਅੰਗਰੇਜ਼ੀ ਬੋਲਣ ਲੱਗ ਗਏ ਹਾਂ। ਪੰਜਾਬੀ ਬੋਲਣ ਵਾਲ਼ੇ ਤਾਂ ਐਵੇਂ ‘ਦੇਸੀ’ ਜਿਹੇ ਹੁੰਦੇ ਨੇ। ਅਸੀਂ ਕਿਹੜਾ ਪੰਜਾਬ ਰਹਿਣਾ ਜੋ ਪੰਜਾਬੀ ਬੋਲੀਏ ਜਾਂ ਫਿਰ ਆਪਣੇ ਬੱਚਿਆਂ ਨੂੰ ਸਿਖਾਈਏ। ਸਾਡੇ ਜੁਆਕ ਤਾਂ ‘ਗਰੇਜੀ ‘ਚ ਹੀ ਗੱਲ ਕਰਦੇ ਆ। ਬੇਬੇ-ਬਾਪੂ ਐਵੇਂ ਰੌਲ਼ਾ ਪਾਈ ਜਾਣਗੇ ਬਈ ਸਾਨੂੰ ਨੀ ਸਮਝ ਲੱਗਦੀ ਨਿਆਣਿਆਂ ਦੀ ਕਾਂਵਾਂ-ਰੌਲ਼ੀ ਦੀ। ਸਾਡੇ ਨਿਆਣੇ ਤਾਂ ਬਸ ਹੁਣ ਆਂਟੀ-ਅੰਕਲ ਹੀ ਕਹਿਣਾ ਜਾਣਦੇ ਆ। ਉਹ ਨੀ ਕਹਿੰਦੇ ਬਈ ਇਹ ਮੇਰੀ ਭੂਆ ਆ, ਮਾਸੀ ਆ, ਜਾਂ ਚਾਚਾ-ਤਾਇਆ, ਫੁੱਫੜ ਆ। ਸਾਨੂੰ ਨੀ ਚੰਗਾ ਲੱਗਦਾ ਐਵੇਂ ਦੇਸੀ ਜਿਹੇ ਬਣਨਾ।

ਜੀ ਹਾਂ ਅੱਜ ਮੈਂ ਇਥੇ ਆਪਣੇ ਓਨ੍ਹਾਂ ਭੇਣ-ਭਰਾਵਾਂ ਦੀ ਸੋਚ ਦੀ ਗੱਲ ਕਰਨ ਜਾ ਰਹੀ ਹਾਂ ਜੋ ਠੇਠ ਪੰਜਾਬੀ ਪਰਿਵਾਰਾਂ ਨਾਲ਼ ਸਬੰਧਿਤ ਹੁੰਦੇ ਹੋਏ ਵੀ ਇਹ

ਵਿਚਾਰਧਾਰਾ ਬਣਾਈ ਬੈਠੇ ਹਨ। ਬੱਚਿਆਂ ਦੇ ਪੰਜਾਬੀ ਨਾ ਬੋਲਣ ਨੂੰ ਓਹ ਫ਼ਖਰ ਵਾਲ਼ੀ ਗੱਲ ਮੰਨਦੇ ਨੇ। ਚਾਹੇ ਕਿਸੇ ਦੇ ਘਰ ਜਨਮ-ਦਿਨ ਦੀ ਪਾਰਟੀ ਹੋਵੇ ਜਾਂ ਕੋਈ ਇੱਕਠੇ ਹੋਣ ਦਾ ਹੋਰ ਸਬੱਬ ਇਨ੍ਹਾਂ ਪੰਜਾਬੀ ਪਰਿਵਾਰਾਂ ਦੇ ਬੱਚੇ ਅੰਗਰੇਜ਼ੀ ਵਿੱਚ ਹੀ ਗੱਲ ਕਰਦੇ ਨੇ।

ਅਸੀਂ ਸਾਰੇ ਆਪਣੀ ਮਾਂ-ਬੋਲੀ ਵਿੱਚ ਹੀ ਲੋਰੀਆਂ ਸੁਣ-ਸੁਣ ਵੱਡੇ ਹੋਏ ਹਾਂ। ਅੱਜ ਮੈਂ ਪੁੱਛਦੀ ਹਾਂ ਸਾਰੀਆਂ ਮਾਵਾਂ ਤੋਂ, ਆਪਣੇ ਦਿਲ ‘ਤੇ ਹੱਥ ਰੱਖ ਕੇ ਦੱਸੋ – ਕੀ ਤੁਸੀਂ ਪੰਜਾਬੀ ‘ਚ ਲੋਰੀਆਂ ਦੇ ਕੇ ਨਹੀਂ ਵੱਡੇ ਕੀਤਾ ਆਪਣੇ ਲਾਲਾਂ ਨੂੰ। ਫਿਰ ਘਾਟ ਕਿਥੇ ਰਹਿ ਜਾਂਦੀ ਹੈ? ਕਿਓਂ ਸਾਡੇ ਬੱਚੇ ਇੱਕਠੇ ਹੋ ਕੇ ਪੰਜਾਬੀ ਨਹੀਂ ਬੋਲਦੇ ?

 

‘ਮਾਖਿਓਂ ਮਿੱਠੀ ਪੰਜਾਬੀ ਬੋਲੀ ਦੀ ਮਿਠਾਸ ਨੂੰ ਅਸੀਂ ਆਪ ਤਾਂ ਭੁੱਲਦੇ ਜਾਂਦੇ ਹੀ ਹਾਂ ਪਰ ਬੱਚਿਆਂ ਨੂੰ ‘ਇਸ ਮਿਠਾਸ’ ਨੂੰ ਚੱਖ ਕੇ  ਸੁਆਦ ਲੈਣ ਦਾ ਮੌਕਾ ਹੀ ਨਹੀਂ ਦਿੰਦੇ।

 

ਵਿਦੇਸ਼ਾਂ ‘ਚ ਰਹਿੰਦੇ ( ਤੇ ਹੁਣ ਤਾਂ ਪੰਜਾਬ ਦੇ ਸ਼ਹਿਰਾਂ ‘ਚ ਰਹਿੰਦੇ ਵੀ ) ਪੰਜਾਬੀ ਪਰਿਵਾਰ ਆਪਣੇ ਆਪ ਨੂੰ ਪੰਜਾਬੀ ਤੋਂ ਦੂਰ ਕਰੀ ਜਾਂਦੇ ਹਨ। ਉਨ੍ਹਾਂ ਕੋਲ਼ ਪੰਜਾਬੀ ਦੇ ਸ਼ਬਦ ਭੰਡਾਰ ਮੁੱਕਦੇ ਜਾਂਦੇ ਹਨ। ਬੱਚੇ ਤਾਂ ਚੰਗੀ ਤਰ੍ਹਾਂ ਪੰਜਾਬੀ ਬੋਲਦੇ ਹੀ ਨਹੀਂ, ਵੱਡਿਆਂ ਦੀ ਬੋਲੀ ਵੀ ਵੱਖਰੀ ਜਿਹੀ ਹੁੰਦੀ ਜਾਂਦੀ ਹੈ।

ਕਹਿਣਗੇ, ” ਯੇ-ਯੇ, ਮੈਂ ਇਹ ‘ਮੇਕ ਸ਼ੋਰ’ ਕਰਨ ਲਈ ਫੂਨ ਕੀਤਾ ਕਿ ਤੁਸੀਂ ਬੱਚਿਆਂ ਨੂੰ ਸਕੂਲੋਂ  ‘ਚੱਕ ਲਿਓ’ , ਮੈਂ ਸ਼ੌਪਿੰਗ ਜਾਣਾ ‘ਮੰਗਦੀਆ’। ਸਾਡੇ ਬੱਚੇ ਪੰਜਾਬੀ ਖਾਣਾ ਲਾਈਕ ਨਹੀਂ ਕਰਦੇ..ਕੋਈ  ‘ਇੰਗਲਿਸ਼ ‘ ਰੈਸਪੀ ਮੰਗਦੀ ਹਾਂ । ਮੰਮੀ, ਡੈਡੀ ਤੋਨੂੰ ਮੰਗਦਾ।    ਹਾਂ ਮੈਨੂੰ ਪੰਜਾਬੀ ਔਂਦੀਆ..ਥੋਰੀ…ਥੋਰੀ ।”

ਕਿਸੇ ਨੇ ਠੀਕ ਹੀ ਕਿਹਾ ਹੈ ਕਿ ਅਗਰ ਕਿਸੇ ਕੌਮ ਨੂੰ ਖਤਮ ਕਰਨਾ ਹੋਵੇ ਓਨ੍ਹਾਂ ਨੂੰ   ਮਾਂ-ਬੋਲੀ ਭੁਲਾ ਦਿਓ । ਪਰ ਏਥੇ ਮਾਂ-ਬੋਲੀ ਨੂੰ ਭੁਲਾਉਣ ਦੇ ਅਸੀਂ ਆਪ ਜ਼ਿੰਮੇਵਾਰ ਹਾਂ , ਕੋਈ ਹੋਰ ਨਹੀਂ । ਬੜੀ ਹੈਰਾਨੀ ਹੁੰਦੀ ਹੈ ਜਦੋਂ ਆਪਣੇ ਹੀ ਦੋਸਤਾਂ-ਮਿੱਤਰਾਂ ਦੇ ਘਰਾਂ ‘ਚ ਨਾ  ਪੰਜਾਬੀ ਅਖਬਾਰ ਹੁੰਦਾ ਹੈ, ਨਾ ਕਦੇ ਪੰਜਾਬੀ ਰੇਡਿਓ ਪ੍ਰੋਗਰਾਮ ਚੱਲਦਾ ਹੈ ਕਿਉਂਕਿ ਓਨ੍ਹਾਂ ਕੋਲ਼ ਨਾ ਤਾਂ ਇਨ੍ਹਾਂ ਕੰਮਾਂ ਲਈ ਸਮਾਂ ਹੈ ਨਾ ਕੋਈ ਦਿਲਚਸਪੀ ।

ਬੜੀ ਚੰਗੀ ਗੱਲ ਹੈ ਕਿ ਵਿਦੇਸ਼ਾਂ ‘ਚ ਕਈ ਸੰਸਥਾਵਾਂ ਪੰਜਾਬੀ ਸਕੂਲ ਚਲਾ ਰਹੀਆਂ ਹਨ। ਪੰਜਾਬੀ ਅਖਬਾਰ ਛਪ ਰਹੇ ਹਨ। ਹਰ ਐਤਵਾਰ ਪੰਜਾਬੀ ਰੇਡਿਓ ਪ੍ਰੋਗਰਾਮ ਵੀ ਚੱਲਦੇ ਹਨ।

ਸਾਨੂੰ ਪੰਜਾਬੀ ਨੂੰ ਸਾਂਭਣ ਦੇ ਯਤਨ ਕਰਦੇ ਰਹਿਣਾ ਚਾਹੀਦਾ ਹੈ। ਨਹੀਂ ਤਾਂ ਜਿੰਨੀ ਕੁ ਪੰਜਾਬੀ ਦੀ ਜਾਣਕਾਰੀ ਅੱਜ ਸਾਨੂੰ ਹੈ ਇਹ ਆਉਂਦੀਆਂ ਪੀੜੀਆਂ ਵਿੱਚ ਖਤਮ ਹੋ ਜਾਵੇਗੀ। ਫੇਰ ਸਾਰੇ ਓਸੇ ‘ ਦੇਸੀ’ ਨੂੰ ਤਰਸਣਗੇ। ਲੋਕ ਨਾ ਆਪ ਦਿਲਚਸਪੀ ਲੈਂਦੇ ਨੇ ਨਾ ਹੀ ਆਪਣੇ ਬੱਚਿਆਂ ਨੂੰ ਉਤਸ਼ਾਹਿਤ ਕਰਦੇ ਨੇ , ਪੰਜਾਬੀ ਪੜ੍ਹਨ ਤੇ ਬੋਲਣ ਲਈ। ਪੰਜਾਬੀ ਪੜ੍ਹਾਉਣ ਨੂੰ ਲੋਕ ਬੋਝ ਮੰਨਣ ਲੱਗ ਪਏ ਨੇ । ਅੱਜ ਮੈਂ ਯਾਦ ਦੁਆਉਣਾ ਚਾਹੁੰਦੀ ਹਾਂ ਕਿ ਪੰਜਾਬ ‘ਚ ਰਹਿੰਦਿਆਂ ਅਸੀਂ ਸਾਰੇ ਤਿੰਨ-ਤਿੰਨ ਭਾਸ਼ਾਵਾਂ ਸਿੱਖਦੇ ਸੀ- ਪੰਜਾਬੀ, ਹਿੰਦੀ ਤੇ ਅੰਗਰੇਜ਼ੀ । ਓਦੋਂ ਤਾਂ ਕਦੇ ਕਿਸੇ ਨੇ ਨਹੀਂ ਕਿਹਾ ਕਿ ‘ ਅੰਗਰੇਜ਼ੀ’ ਸਿੱਖਣਾ ਸਾਨੂੰ ਬੋਝ ਲੱਗਦਾ ਹੈ ।

 

ਅਨੀਤਾ ਲਾਰਚੇ ਦਾ ਨਾਂ ਤਾਂ ਤੁਸੀਂ ਸਭ ਨੇ ਕਦੇ-ਨਾ-ਕਦੇ ਸੁਣਿਆ ਹੀ ਹੋਵੇਗਾ। ਜੀ ਹਾਂ ਮੈਂ ਓਸੇ ਡੈਨਮਾਰਕ ਦੀ ਗਾਇਕਾ ਦੀ ਗੱਲ ਕਰ ਰਹੀ ਹਾਂ ਜਿਸ ਨੇ ਪੰਜਾਬੀ ਸਿੱਖ ਕੇ , ਪੰਜਾਬੀ ਦੇ ਗੀਤਾਂ ਦੀ ਇੱਕ ਕੈਸਟ ਕੱਢੀ ਹੈ…ਹੀਰ ਫਰੌਮ ਡੈਨਮਾਰਕ । ਸਾਡੇ ਲਈ ਇਹ ਮਾਣ ਵਾਲ਼ੀ ਗੱਲ ਹੈ ਕਿ ਕਿਸੇ ਗੈਰ-ਪੰਜਾਬੀ ਨੇ ਸਾਡੀ ਭਾਸ਼ਾ ਨੂੰ ਵਧੀਆ ਮੰਨ ਕੇ ਸਿੱਖਿਆ ਤੇ ਫੇਰ ਇਸ ਭਾਸ਼ਾ ‘ਚ ਗਾਇਆ।

ਗੁਰਦਾਸ ਮਾਨ ਦੇ ਇਸ ਗੀਤ ਦੀ ਡੂੰਘਾਈ ਜਾਨਣ ਦੀ ਲੋੜ ਹੈ ਜਦੋਂ ਓਹ ਕਹਿੰਦਾ ਹੈ …ਪੰਜ ਚੀਜ਼ਾਂ ਤੋਂ ਬਣੇ ਪੰਜੀਰੀ ਪੰਜ ਤੋਂ ਬਣੀ ਪੰਜਾਬੀ ….

ਜਦੋਂ ਕਦੇ ਪੰਜਾਬੀ ਬੋਲੀ ਦੀ ਗੱਲ ਹੋਵੇ ਤਾਂ ਇੱਕ ਹੋਰ ਪੰਜਾਬੀ ਗਾਇਕ ਦੇਬੀ ਮਖਸੂਸਪੁਰੀ ਦਾ ਨਾਂ ਮੂਹਰਲੀਆਂ ਸਫ਼ਾਂ ਵਿਚ ਹੁੰਦਾ ਹੈ।  ਪੰਜਾਬੀ ਬੋਲੀ ਲਈ ਦੇਬੀ ਕੁਝ ਏਸ ਤਰਾਂ ਬੋਲਦਾ ਹੈ…..

 

‘‘ਜਿਸ ਬੋਲੀ ਵਿਚ ਮਾਂ ਦੀ ਲੋਰੀ ਤੇ ਗੁਰੂਆਂ ਦੀ ਸਿੱਖਿਆ ਏ,

ਨਾਨਕ, ਬੁੱਲੇ ਸ਼ਾਹ, ਫਰੀਦ ਨੇ ਜਿਸ ਬੋਲੀ ਵਿਚ ਲਿਖਿਆ ਏ,

ਉਹ ਜ਼ਾਹਿਲ ਸਭ ਤੋਂ ਵੱਡੇ ਜੋ ਕਹਿਣ ਗਵਾਰ ਪੰਜਾਬੀ ਨੂੰ,

ਮੈਂ ਪੁੱਤ ਪੰਜਾਬੀ ਮਾਂ ਦਾ ਮੈਂ ਕਰਦਾ ਪਿਆਰ ਪੰਜਾਬੀ ਨੂੰ

ਬੱਚੇ ਦੂਰ ਪੰਜਾਬੀ ਕੋਲੋ ਕਰ ਦਿੱਤੇ ਸੀ ਸੜ੍ਹਿਆਂ ਨੇ,

ਘਰ ’ਚੋਂ ਆਪਣੀ ਮਾਂ ਕੱਢ ਦਿੱਤੀ ਵੇਖੋ ਬਹੁਤੇ ਪੜ੍ਹਿਆਂ ਨੇ।

ਪਈ ਆਪਣਿਆਂ ਦੇ ਹੱਥੋਂ ਪਈ ਜਦ ਵੀ ਮਾਰ ਪੰਜਾਬੀ ਨੂੰ,

ਮੈਂ ਪੁੱਤ ਪੰਜਾਬੀ ਮਾਂ ਦਾ ਮੈਂ ਕਰਦਾ ਪਿਆਰ ਪੰਜਾਬੀ ਨੂੰ

 

ਓਹ ਤਾਂ ਪੰਜਾਬ ਦੇ ਹਾਲਾਤ ਦੀ ਦੁਹਾਈ ਦਿੰਦਾ ਹੈ , ਪਰ ਵਿਦੇਸ਼ਾਂ ‘ਚ ਤਾਂ ਆਵਾ ਹੀ ਊਤਿਆ ਪਿਆ ਹੈ । ਪੰਜਾਬੋਂ ਆਏ 30 % ਹੀ ਪਰਿਵਾਰ  ਅਜਿਹੇ ਹੋਣਗੇ ਜਿਹਨਾਂ ਨੂੰ ਪੰਜਾਬੀ ਬੋਲੀ ਦੀ ਫਿਕਰ ਹੋਵੇਗੀ । ਬਾਕੀ ਜੋ ਅਸਲੀ ਪੰਜਾਬ ਦੀ ਝੋਲ਼ੀ ‘ਚੋਂ ਆਏ ਨੇ…ਜੋ ਪਿੰਡਾਂ ‘ਚੋਂ ਆਏ ਨੇ..ਜਿਥੇ ਅਸਲੀ ਪੰਜਾਬ ਵੱਸਦਾ….ਤੇ ਜਿਹਨਾਂ ਕੋਲ਼ ਠੇਠ ਪੰਜਾਬੀ ਬੋਲੀ ਦੇ ਸ਼ਬਦ ਭੰਡਾਰ ਹਨ…ਪੰਜਾਬੀ ਨੂੰ ਛੱਡਦੇ ਜਾਂਦੇ ਨੇ । ਓਹ ਪੰਜਾਬੀ ਨੂੰ  ਦੇਸੀ ਜਿਹੀ ਭਾਸ਼ਾ ਜਾਣ ਆਪਣੇ ਬੱਚਿਆਂ ਨੂੰ ਸਿਖਾਉਣ ਦੇ ਚਾਹਵਾਨ ਨਹੀਂ ਹਨ।

 

ਅੱਜ ਲੋੜ ਹੈ ਸਾਨੂੰ ਗੰਭੀਰਤਾ ਨਾਲ਼ ਸੋਚਣ ਦੀ ਕਿ ਅਗਰ ਅਸੀਂ ਚਾਹੁੰਦੇ ਹਾਂ ਕਿ ਪੰਜਾਬ ਜਿਓਂਦਾ ਰਹੇ, ਲੋੜ ਹੈ ‘ ਪੰਜਾਬੀ’ ਨੂੰ ਜਿਓਂਦਾ ਰੱਖਣ ਦੀ। ਅਗਰ ਅਸੀਂ ਆਪਣੇ ਬੱਚਿਆਂ ਨੂੰ ਦੱਸਾਂਗੇ ਹੀ ਨਾ ਕਿ ਪੰਜਾਬੀ ਬੋਲੀ ਕੋਲ਼ ਕਿੰਨਾ ਵੱਡਮੁੱਲਾ ਖਜ਼ਾਨਾ ਹੈ….ਅਮੀਰ ਵਿਰਸਾ ਹੈ….ਤਾਂ ਓਹ ਕਿਵੇਂ ਜਾਨਣਗੇ ਪੰਜਾਬ ਦਾ ਪਿਛੋਕੜ…ਆਪਣਿਆਂ ਬਾਰੇ….ਆਪਣੇ ਬਜ਼ੁਰਗਾਂ ਬਾਰੇ….ਓਹ ਕਿਵੇਂ ਜਾਨਣਗੇ ਕਿ ਏਸ ਬੋਲੀ ‘ਚ ਸਾਡੇ ਗੁਰੂਆਂ ਦੀ ਬਾਣੀ ਹੈ…ਏਸ ਬੋਲੀ ‘ਚ ‘ਮਾਂ’ ਦੀ ਲੋਰੀ ਹੈ…ਇਹ ਬੋਲੀ ਸਾਡੇ ਸਿਰ ਦਾ ਤਾਜ਼ ਹੈ….ਇਹ ਸਾਡੀ ਮਾਂ-ਬੋਲੀ ਹੈ….ਓਹ ਕਿਵੇਂ ਇਹ ਬੋਲੀ ਸਿੱਖਣ ਲਈ ਉਤਸ਼ਾਹਿਤ ਹੋਣਗੇ।

ਅਗਰ ਸਾਡੇ ਬੱਚਿਆਂ ਕੋਲ਼ ਪੰਜਾਬੀ ਬੋਲੀ ਦੇ ਸ਼ਬਦਾਂ ਦਾ ਭੰਡਾਰ ਨਹੀਂ ਹੋਵੇਗਾ ਤਾਂ ਓਹ ਕਿਵੇਂ ਪੰਜਾਬੀ ਹਾਸ-ਕਲਾਕਾਰ ‘ ਭੱਲੇ ਤੇ ਬਾਲੇ’ ਦੇ ਛਣਕਾਟੇ ਦਾ ਲੁਤਫ਼ ਲੈ ਸਕਣਗੇ ਜਾਂ ਭਗਵੰਤ ਮਾਨ ਦੀ ਬੀਬੋ ਭੂਆ ਨੂੰ ਕਿਵੇਂ ਜਾਨਣਗੇ ਜਾਂ ਫਿਰ ਪੰਜਾਬੀ ਲੋਕ ਗਾਇਕ ਗੁਰਦਾਸ ਮਾਨ ਦੀ ਦੇ ਗਾਏ ‘ ਆਪਣਾ ਪੰਜਾਬ ਹੋਵੇ..” ਦੀ ਹਰ ਸਤਰ ‘ਚੋਂ ਕਿਵੇਂ ਪੰਜਾਬ ਨੂੰ ਲੱਭਣਗੇ ?

 

ਪੰਜਾਬ ਦੀ ਬੋਲੀ ਨੂੰ ਜਿਓਂਦਾ ਰੱਖਣ ਲਈ ਸਾਨੂੰ ਸਾਰੇ ਪੰਜਾਬੀਆਂ ਦੇ ਸਹਿਯੋਗ ਦੀ ਲੋੜ ਹੈ, ਤਾਂ ਹੀ ਅਸੀਂ ਏਸ ਦੇਸੀ ਭਾਸ਼ਾ ਨੂੰ ਜਾਣ ਸਕਦੇ ਹਾਂ ਤੇ ਬੱਚਿਆਂ ਨੂੰ ਸਿੱਖਾ ਸਕਦੇ ਹਾਂ।ਹਰ ਨਵੀਂ ਥਾਂ ਜਾ ਕੇ ਨਵਾਂ ਪੰਜਾਬ ਬਣਾਉਣ ਵਾਲ਼ੇ ਇਹ ਪੰਜਾਬੀ ਤਾਂ ਹੀ ਇੱਕ ਨਵਾਂ ਪੰਜਾਬ ਬਣਾ ਸਕਣਗੇ ਜੇ ਉਹ ਪੰਜਾਬੀ ਬੋਲੀ ਨੂੰ ਜਿਉਂਦਾ ਰੱਖਣ ।

 

ਡਾ. ਹਰਦੀਪ ਕੌਰ ਸੰਧੂ

(ਨੋਟ: ਇਹ ਲੇਖ ਸਾਂਝਾ ਪੰਜਾਬ ‘ਤੇ ਵੀ ਪ੍ਰਕਾਸ਼ਿਤ ਹੋਇਆ । ਵੇਖਣ ਲਈ ਇੱਥੇ ਕਲਿੱਕ ਕਰੋ

ਇਸ਼ਤਿਹਾਰ

Responses

  1. ਜਦੋਂ ਇਹ ਲੇਖ ਸਾਂਝਾ ਪੰਜਾਬ ‘ਤੇ ਪ੍ਰਕਾਸ਼ਿਤ ਹੋਇਆ ਤਾਂ ਸੰਪਾਦਕ ਜਸਟਿਸ ਸੱਯਦ ਆਸਿਫ ਸ਼ਾਹਕਾਰ ਨੇ ਇਸ ਲੇਖ ਦੀ ਸ਼ਲਾਘਾ ਲਈ ਆਪਣੇ ਵਿਚਾਰ ਇੰਝ ਸਾਂਝੇ ਕੀਤੇ ।

    ਦੀਪ ਜੀ ਤੁਹਾਡੇ ਹਾੜੇ ਬਜਾ ਨੇ। ਪੰਜਾਬੀ ਆਪਣੀ ਬੋਲੀ ਨੂੰ ਛੱਡਣ ਨਾਲ਼ ਆਪਣੇ ਆਪ ਨੂੰ ਵੀ ਛੱਡਦਾ ਜਾਂਦਾ ਏ। ਉਹ ਪੰਜਾਬ ਜਿਹਦੀਆਂ ਹੱਦਾਂ ਕਾਬਲ ਤੋਂ ਸ਼ੁਰੂ ਹੋ ਕੇ ਦਿੱਲੀ ਤੱਕ ਸਨ। ਉਹ ਪੰਜਾਬੀ ਕੌਮ ਜੋ ਇਕ ਵਾਰ ਏਸ਼ੀਆ ਦੀ ਮੰਨੀ ਪ੍ਰਮੰਨੀ ਕੌਮ ਸੀ ਏਸ ਪੰਜਾਬ ਤੇ ਏਸ ਕੌਮ ਨੂੰ ਮਾਰਨ ਲਈ ਇਨ੍ਹਾਂ ਦੇ ਦੁਸ਼ਮਣਾਂ ਕੋਈ ਬਾਹਰੋਂ ਬੰਦੇ ਨਹੀਂ ਲਿਆਂਦੇ ਸਗੋਂ ਇਹ ਕੰਮ ਪੰਜਾਬੀਆਂ ਜ਼ਿੰਮੇ ਲਾਇਆ ਗਿਆ ਤੇ ਪੰਜਾਬੀਆਂ ਇਹ ਕੰਮ ਬਹੁਤ ਸੋਹਣਾ ਕੀਤਾ ਤੇ ਅੱਜ ਤੱਕ ਕਰੀ ਜਾ ਰਹੇ ਨੇ।
    ਇਨ੍ਹਾਂ ਆਪਣੇ ਆਪ ਨੂੰ ਸਿੱਖਾਂ ਮੁਸਲਮਾਨਾਂ ਹਿੰਦੂਆਂ ਤੇ ਈਸਾਈਆਂ ਵਿਚ ਵੰਡ ਕੇ ਇਕ ਦੂਜੇ ਦੇ ਲੜਫੇ ਲਾਹ ਦਿੱਤੇ ਤੇ ਅੱਜ ਤੱਕ ਇਸੇ ਕੰਮ ਤੇ ਲੱਗੇ ਹੋਏ ਨੇ। ਇਹ ਨਹੀਂ ਕਿ ਇਕ ਸਿੱਖ ਨੇ ਮੁਸਲਮਾਂਨਾਂ, ਹਿੰਦੂਆਂ ਤੇ ਈਸਾਈਆਂ ਨੂੰ ਮਾਰਿਆ ਉਹਨੇ ਸਿੱਖਾਂ ਨੂੰ ਵੀ ਮਾਰਿਆ ਤੇ ਅੱਜ ਤੱਕ ਮਾਰੀ ਜਾ ਰਿਹਾ ਏ । ਇਕ ਮੁਸਲਮਾਨ ਨੇ ਸਿਰਫ਼ ਸਿੱਖਾਂ, ਹਿੰਦੂਆਂ ਤੇ ਈਸਾਈਆਂ ਨੂੰ ਈ ਨਹੀਂ ਮਾਰਿਆ ਸਗੋਂ ਸਭ ਤੋਂ ਵੱਧ ਮੁਸਲਮਾਂਨਾਂ ਨੂੰ ਮਾਰਿਆ ਤੇ ਅੱਜ ਤੱਕ ਮਾਰੀ ਜਾ ਰਿਹਾ ਏ। ਏਸ ਕੰਮ ਵਿਚ ਹਿੰਦੂਆਂ ਤੇ ਈਸਾਈਆਂ ਵੀ ਘੱਟ ਨਹੀਂ ਕੀਤੀ।
    ਪੂਰੀ ਇਨਸਾਨੀ ਤਾਰੀਖ਼ ਵਿਚ ਸਾਂਨੂੰ ਹੋਰ ਕੋਈ ਅਜਿਹੀ ਕੌਮ ਨਹੀਂ ਮਿਲਦੀ ਜਿਹਨੇ ਆਪਣੇ ਇਤਨੇ ਬੰਦੇ ਮਾਰੇ ਜਿਤਨੇ ਪੰਜਾਬੀਆਂ ਮਾਰੇ ਤੇ ਅੱਜ ਤੱਕ ਮਾਰੀ ਜਾ ਰਹੀ ਏ। ਭਾਂਵੇਂ ਸਾਰੀ ਦੁਨੀਆ ਬਦਲ ਗਈ ਪਰ ਪੰਜਾਬੀ ਅੱਜ ਤੱਕ ਨਹੀਂ ਬਦਲਿਆ। ਏਸ ਸਾਰੇ ਖ਼ੂਨ ਖ਼ਰਾਬੇ ਦੀ ਇਕੋ ਵਜ੍ਹਾ ਏ ਕਿ ਪੰਜਾਬੀ ਆਪਣੇ ਆਪ ਨੂੰ ਪੰਜਾਬੀ ਨਹੀਂ ਮੰਨਦਾ। ਉਹ ਸਿੱਖ ਏ ਮੁਸਲਮਾਨ ਏ ਹਿੰਦੂ ਏ ਤੇ ਈਸਾਈ ਏ। ਤੇ ਏਸ ਵੰਡ ਦਾ ਇਕੋ ਮਤਲਬ ਏ ਮਾਰੋ। ਮਾਰੋ । ਮਾਰੋ ਸਭ ਨੂੰ ਮਾਰੋ। ਮਾਰ ਮਾਰ ਕੇ ਪੰਜਾਬੀ ਬੰਦੇ, ਪੰਜਾਬੀ ਬੋਲੀ ਤੇ ਪੰਜਾਬ ਦਾ ਮੂਲ ਮੁਕਾ ਦਿਓ।

    ਜਸਟਿਸ ਸੱਯਦ ਆਸਿਫ਼ ਸ਼ਾਹਕਾਰ


ਟਿੱਪਣੀ ਕਰੋ ਜਾਂ ਕੁਝ ਪੁੱਛੋ

ਆਪਣੀ ਜਾਣਕਾਰੀ ਹੇਠਾਂ ਭਰੋ ਜਾਂ ਦਾਖਲੇ ਲਈ ਕਿਸੇ ਆਈਕਨ 'ਤੇ ਕਲਿੱਕ ਕਰੋ:

WordPress.com Logo

ਤੁਸੀਂ WordPress.com ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Twitter picture

ਤੁਸੀਂ Twitter ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Facebook photo

ਤੁਸੀਂ Facebook ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Google+ photo

ਤੁਸੀਂ Google+ ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Connecting to %s

ਸ਼੍ਰੇਣੀਆਂ

%d bloggers like this: