Posted by: ਡਾ. ਹਰਦੀਪ ਕੌਰ ਸੰਧੂ | ਜੂਨ 29, 2012

ਪੇਂਡੂ ਸੱਭਿਆਚਾਰ -1


ਪੰਜਾਬ ਦੇ ਪੇਂਡੂ ਸੱਭਿਆਚਾਰ ਦੀ ਗੱਲ ਕਰੀਏ ਤਾਂ ਚੌਂਕੇ- ਚੁੱਲ੍ਹੇ ਨਾਲ਼ ਜੁੜੀ ਸੁਆਣੀ ਦੀ ਗੱਲ ਕਰਨੀ ਬਣਦੀ ਹੈ। ਚੌਂਕੇ-ਚੁੱਲ੍ਹੇ ਦੀ ਗੱਲ ਬਾਲਣ ਦੀ ਗੱਲ ਕੀਤੇ ਬਿਨਾਂ ਅਧੂਰੀ ਹੈ। ਪੰਜਾਬ ਦੇ ਪਿੰਡਾਂ ਨੇ ਬਹੁਤ ਤਰੱਕੀ ਕਰ ਲਈ ਹੈ। ਪਿੰਡਾਂ ‘ਚ ਗੋਬਰ-ਗੈਸ ਪਲਾਂਟ ਲੱਗ ਗਏ ਨੇ । ਮੱਕੀ ਦੇ ਟਾਂਡੇ ਅਤੇ ਕਪਾਹ ਦੀਆਂ ਛਿੱਟੀਆਂ  ਨੂੰ ਗੈਸੀ ਫਾਇਰ ਯੰਤਰਾਂ ਵਿੱਚ ਵਰਤੋਂ ਕੀਤੀ ਜਾਣ ਲੱਗੀ ਹੈ। ਪਰ ਫੇਰ ਵੀ ਪਿੰਡਾਂ ‘ਚ ਤੁਹਾਨੂੰ ਸਿਰਾਂ ‘ਤੇ ਬਾਲਣ ਲਈ ਜਾਂਦੀਆਂ ਔਰਤਾਂ ਜ਼ਰੂਰ ਨਜ਼ਰੀਂ ਪੈ ਜਾਣਗੀਆਂ।

                              ਬਾਲਣ ਮੁੱਕੇ

                          ਰੋਟੀ -ਟੁੱਕ ਨਬੇੜ

                              ਚੁੱਗਣੇ ਡੱਕੇ

ਕਈ ਪਿੰਡਾਂ ‘ਚ ਬਾਲਣ-ਚੁੱਗਣ ਜਾਣ ਨੂੰ ਡੱਕਿਆਂ ਨੂੰ ਜਾਣਾ ਕਿਹਾ ਜਾਂਦਾ ਹੈ। ਜੋ ਘਰ ਕਪਾਹ ਦੀ ਛਿੱਟੀਆਂ, ਪਾਥੀਆਂ ਜਾਂ ਲੱਕੜਾਂ ਆਦਿ ਦੀ ਵਰਤੋਂ ਕਰਨ ਤੋਂ ਅਸਮਰਥ ਹੁੰਦੇ ਨੇ ਓਨ੍ਹਾਂ ਘਰਾਂ ਦੀਆਂ ਸੁਆਣੀਆਂ ਨੂੰ ਰੋਟੀ-ਟੁੱਕ ਕਰਨ ਤੋਂ ਬਾਅਦ ਬਾਲਣ /ਡੱਕੇ ਚੁੱਗਣ ਲਈ ਜਾਣਾ ਪੈਂਦਾ ਹੈ। 

  ਪੰਜਾਬ ਦੇ ਮੌਸਮ ਦੀ ਜੇ ਕਰੀਏ ਤਾਂ ਜੇਠ-ਹਾੜ ਦੀਆਂ ਪਿੰਡਾ ਲੂਹੰਦੀਆਂ  ਧੁੱਪਾਂ ਤੋਂ ਲੋਕ ਤੰਗ ਆ ਕੇ ਮੀਂਹ ਦੀਆਂ ਅਰਦਾਸਾਂ ਕਰਦੇ ਨੇ….

“ਰੱਬਾ ਰੱਬਾ ਮੀਂਹ ਵਰਸਾ, ਸਾਡੀ ਕੋਠੀ ਦਾਣੇ ਪਾ”

” ਕਾਲੀਆਂ ਇੱਟਾਂ ਕਾਲੇ ਰੋੜ, ਮੀਂਹ ਵਸਾ ਦੇ ਜ਼ੋਰੋ ਜ਼ੋਰ”

ਪਹਿਲੇ ਸਮਿਆਂ ‘ਚ ਜੇਠ ਹਾੜ ਦੀ ਗਰਮੀ ਤੇ ਲੰਮੀ ਔੜ ਪੈਣ ‘ਤੇ ਲੋਕਾਂ ਨੇ  ਇਕੱਠੇ ਹੋਕੇ ਮੀਂਹ ਪੈਣ ਲਈ ਪਿੰਡ-ਖੇੜੇ ਹਵਨ ਕਰਨੇ ਤੇ ਚੌਲਾਂ ਦੇ ਯੱਗ ਕਰਨੇ। ਇਹ ਯੱਗ ਪਿੰਡ ਦਾ ਲੰਬੜਦਾਰ ਮੂਹਰੇ ਹੋ ਕੇ ਕਰਵਾਉਂਦਾ। ਕੁੜੀਆਂ ਕੱਪੜੇ ਦੀ ਗੁੱਡੀ ਬਣਾ ਕੇ ਫੂਕਦੀਆਂ। 

ਔੜ ਦੀ ਘੜੀ

ਫੂੱਕਣ ਨੇ ਚੱਲੀਆਂ

ਲੀਰਾਂ ਦੀ ਗੁੱਡੀ 

(ਹੁਣ ਲੋੜ ਨਹੀਂ ਪੈਂਦੀ, ਹਰ ਰੋਜ਼ ਕਿਤੇ ਨਾ ਕਿਤੇ ਜਿਊਂਦੀ ਜਾਗਦੀ ਗੁੱਡੀ ਫੁਕਣ ਦੀ ਖ਼ਬਰ ਆਉਂਦੀ ਹੀ ਰਹਿੰਦੀ ਹੈ)। 

ਜਦੋਂ ਮੀਂਹ ਪੈਣ ਲੱਗ ਜਾਂਦਾ ਤਾਂ ਛੇਤੀ ਹੀ  ਲੋਕ ਓਸ ਤੋਂ ਵੀ  ਅੱਕ ਜਾਂਦੇ ਨੇ। ਏਥੇ ਇਹ ਅਖੌਤ ਬਿਲਕੁਲ ਠੀਕ ਢੱਕਦਾ ਹੈ…….

“ਲੋਕੀਂ ਬਾਰਾਂ ਸਾਲਾਂ ਦਾ ਸੋਕਾ ਤਾਂ ਬਰਦਾਸ਼ਤ ਕਰ ਲੈਂਦੇ ਹਨ ਪਰ ਬਾਰਾਂ ਘੜੀਆਂ ਦਾ ਮੀਂਹ ਬਰਦਾਸ਼ਤ ਨਹੀਂ ਕਰ ਸਕਦੇ।”

ਏਥੇ ਮੈਂ ਆਪਣੀ ਪਿਆਰੀ ਬੇਬੇ ਦੀ ਗੱਲ ਕੀਤੇ ਬਿਨਾਂ ਨਹੀਂ ਰਹਿ ਸਕਦੀ। ਬੱਦਲਾਂ ਨੂੰ ਵੇਖ ਕੇ ਬੇਬੇ ਬੇਚੈਨ ਹੋ ਉੱਠਦੀ ਹੈ। ਉਸ ਨੂੰ ਆਪਣੇ ਚੁੱਲ੍ਹੇ-ਚੌਂਕੇ ਤੇ ਪਾਥੀਆਂ ਦਾ ਫਿਕਰ ਹੁੰਦਾ ਹੈ।

                                                  ਬੱਦਲ਼ ਗੱਜੇ

                                                 ਬੇਬੇ ਢੱਕ ਪਾਥੀਆਂ

                                                  ਚੁੱਲ੍ਹੇ ਨੂੰ ਕੱਜੇ 

ਪਿੰਡਾਂ ‘ਚ ਹੁਣ ਬਹੁਤੀਆਂ ਰਸੋਈਆਂ ਪੱਕੀ ਇੱਟ ਦੀਆਂ ਬਣ ਗਈਆਂ ਨੇ।ਪਰ ਪਹਿਲਾਂ ਇਹ ਕੱਚੀਆਂ ਹੁੰਦੀਆਂ ਸਨ ਤੇ ਮੀਂਹ ਪੈਣ ‘ਤੇ ਚੋਣ ਲੱਗਦੀਆਂ ਸਨ। ਝਲਿਆਨੀ ‘ਚ ਸਾਂਭਿਆ ਬਾਲਣ ਗਿੱਲਾ ਤੇ ਸਿਲ੍ਹਾ ਹੋ ਜਾਂਦਾ । ਸੁੱਕਾ ਬਾਲਣ ਮੁੱਕਣ ‘ਤੇ ਸਿਲ੍ਹੇ ਬਾਲਣ ਨਾਲ ਰੋਟੀ ਪਕਾਉਣੀ ਸੁਆਣੀਆਂ ਲਈ ਔਖੀ ਹੋ ਜਾਂਦੀ ।

                                                    ਵਰ੍ਹਦਾ ਮੀਂਹ

                                                  ਚੋ ਰਹੀ ਝਲਿਆਨੀ*

                                                  ਗਿੱਲਾ ਬਾਲਣ 

ਲਗਾਤਾਰ ਮੀਂਹ ਕਾਰਨ ਸਲ੍ਹਾਬੇ ਤੇ ਹੁੰਮਸ ਭਰੇ ਮੌਸਮ ‘ਚ ਸਭ ਕੁਝ ਸਲ੍ਹਾਬਿਆ ਜਾਂਦਾ ਹੈ। ਜਦੋਂ ਮੀਂਹ ਰੁਕਣ ਦਾ ਨਾਂ ਨਾ ਲੈਂਦਾ….ਕੱਚੇ ਕੋਠੇ ਚੋਣੇ ਸ਼ੁਰੂ ਹੋ ਜਾਂਦੇ….ਫੇਰ ਰੱਬ ਕੋਲ਼ ਏਸ ਮੀਂਹ ਨੂੰ ਰੋਕਣ ਦੀ ਫਰਿਆਦ ਵੀ ਕਰਨੀ ਜ਼ਰੂਰੀ ਬਣਦੀ। ਸੋਕਾ ਜਾਂ ਡੋਬਾ ਦੋਵੇਂ ਹੀ ਘਾਤੀ ਨੇ । ਮੀਂਹ ਦੀ ਝੜੀ ਰੋਕਣ ਲਈ  ਕਦੇ  ਖਵਾਜੇ ਦੇ ਮਿੱਠੇ ਚੌਲ ਸੁੱਖਣੇ  ਤੇ ਕਦੇ ਝੜੀਆਂ ਰੋਕਣ ਲਈ ਧੂਣੀਆਂ ‘ਤੇ ਮੰਨ ਪਕਾ ਜੱਗ ਕਰਨੇ ।

ਮੀਂਹਾਂ ਮੌਕੇ ਲੋਕ ਪੱਲੀਆਂ ਨੂੰ ਠੀਕ ਕਰਦੇ ਤਾਂ ਕਿ ਬਾਹਰ ਪਿਆ ਸਮਾਨ ਢੱਕਣ ਆਦਿ ਦੇ ਕੰਮ ਆ ਸਕਣ ।  ਰੱਬ ਵੱਲ ਆਪਣਾ ਗੁੱਸਾ ਜਾਹਿਰ ਕਰਦੇ ਉੱਪਰ ਵੱਲ ਦੇਖਕੇ ਝਿੜਕ ਜਿਹੀ ਮਾਰਕੇ ਕੋਈ ਕਹਿੰਦਾ “ਓ ਬੱਸ ਕਰ ਹੁਣ…..…ਬਥੇਰਾ ਹੋ ਗਿਆ……..ਕਦੇ ਤਾਂ ਤੇਰੇ ਕੋਲ਼ੋਂ ਛਿੱਟ ਨੀ ਸਰਦੀ……..ਹੁਣ ਸਾਰਾ ਈ ਡੋਲ੍ਹਣ ਲੱਗਿਐਂ ” 

ਪ੍ਰੋ. ਦਰਬਾਰਾ ਸਿੰਘ ਜੀ ਨੇ ਏਸ ਬਾਰੇ ਹੋਰ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ…….ਪਿੰਡ ‘ਚ ਉਸੇ ਖੇੜੇ ਕੋਲ, ਧਰਤੀ ਵਿਚ ਸੁਹਾਗਾ ਗੱਡਿਆ ਜਾਂਦਾ, ਲੰਬੜਦਾਰ ਪੋਰ ਵਿਚ ਦੀ ਉੱਚੀ ਅਸਮਾਨ ਵੱਲ ਮੁੰਹ ਕਰਕੇ ਆਖਦਾ, “ਦਾਤਾ ਬੱਸ ਕਰ, ਬਹੁਤ ਹੋ ਗਿਆ”। ਇਹ ਅਕਸਰ ਮੇਰੇ ਪਿਤਾ ਨੂੰ ਹੀ ਕਰਨਾ ਪੈਂਦਾ ਕਿਉਂਕਿ ਉਹ ਪਿੰਡ ਦੇ ਲੰਬੜਦਾਰ ( ਆਲਮਬਰਦਾਰ) ਸਨ। ਦੁਜੇ ਲੰਬੜਦਾਰ ਡਰਦੇ ਕਿ ਜਿਹੜਾ ਇਸ ਤਰ੍ਹਾਂ ਕਹੇਗਾ ਉਨ੍ਹਾਂ ਦੇ ਦਾਣੇ ਘੱਟ ਹੋਣਗੇ। ਪਰ ਮੇਰੇ ਪਿਤਾ ਜੀ ਨੇ ਕਹਿਣਾ, “ਸੌਹਰਿਓ ਪਿੰਡ ਡੁੱਬ ਰਿਹੈ ਜੇ ਇਕ ਟੱਬਰ ਦੇ ਦਾਣੇ ਘੱਟ ਹੋ ਜਾਣਗੇ ਘੱਟ ਖਾਲੂ, ਲਿਆ ਫੜਾ ਮੈਨੂੰ ਪੋਰ”। ਘਰ ਜਾਂਦੇ ਮਾਂ ਦੀ ਲੜਾਈ, “ਮਾਰ ਆਇਆ ਟੱਬਰ ਨੂੰ ਭੁੱਖਾ, ਹੋਰ ਲੰਬੜਦਾਰ ਹਣ ਨੀਂ”। ਪਰ ਉਨਾਂ ਨੇ ਬੜੇ ਅਰਾਮ ਨਾਲ ਸਮਝਾਓਣਾ”, ਕੋਈ ਨੀ ਰੱਬ ਭਲੀ ਕਰੂ ਆਪੇ”। ਹੁਣ ਇਹ ਗੱਲਾਂ ਕਿੱਥੇ,ਅਪਣੇ ਤਕ ਸੀਮਤ ਹੈ ਹਰ ਕੋਈ।

                      ਪਹਿਲਾਂ ਚਾਹੇ ਸੋਕੇ-ਡੋਬੇ ਵੇਲ਼ੇ ਲੋਕ ਔਖੇ ਹੁੰਦੇ ਸਨ। ਪਰ ਲੋਕਾਂ ‘ਚ ਨੇੜਤਾ ਸੀ, ਸਾਂਝੀਵਾਲਤਾ ਸੀ। ਔਖ-ਸੌਖ ਇੱਕਠੇ ਹੋ ਕੇ ਝੱਲ ਲੈਂਦੇ ਤੇ ਭੁੱਲ ਜਾਂਦੇ ਕਿ ਔਖ ਦੀ ਘੜੀ ਵੀ ਕਦੇ ਆਈ ਸੀ। ਨਿੱਘੇ-ਮੋਹ ਦੇ ਪ੍ਰਤੀਕ ਸਨ ਸਾਡੇ ਪਿੰਡ ਤੇ ਸਾਡੇ ਪਿੰਡਾਂ ਵਾਲ਼ੇ। 

* ਝਲਿਆਨੀ (ਝਲਾਨੀ) = ਨੀਵੀਂ ਛੱਤ ਵਾਲ਼ੀ ਛੋਟੀ ਜਿਹੀ ਕੱਚੀ ਰਸੋਈ ਜੋ ਇੱਕ ਛੋਟੀ ਸ਼ਤੀਰੀ ਤੇ ਬਾਲੇ ਪਾ ਕੇ ਛੱਤੀ ਜਾਂਦੀ ਸੀ ।

ਡਾ.ਹਰਦੀਪ ਕੌਰ ਸੰਧੂ 

                    

ਇਸ਼ਤਿਹਾਰ

Responses

 1. ਬਹੁਤ ਵਧੀਆ ਜਾਣਕਾਰੀ , ਝਲਿਆਨੀ ਕੀ ਹੁੰਦੀ ਹੈ ?

 2. ‘ਝਲਿਆਨੀ’ ਸ਼ਾਇਦ ‘ਝਲਾਨੀ’ ਸ਼ਬਦ ਹੀ ਬਿਗੜਿਆ ਰੂਪ ਹੈ ਜੋ ਪੇਂਡੂ ਇਲਾਕਿਆਂ ‘ਚ ਜ਼ਿਆਦਾ ਪ੍ਰਚੱਲਤ ਹੋਇਆ।ਤਕਰੀਬਨ ਹਰ ਘਰ ‘ਚ ਇੱਕ ਨੀਵੀਂ ਛੱਤ ਵਾਲ਼ੀ ਛੋਟੀ ਜਿਹੀ ਰਸੋਈ ਹੁੰਦੀ ਸੀ ਜਿਸ ਨੂੰ ਝਲਿਆਨੀ ਕਿਹਾ ਜਾਂਦਾ ਸੀ। ਇਸ ‘ਚ ਇੱਕ ਪਾਸੇ ਕਰਕੇ ਚੁੱਲ੍ਹਾ ਬਣਾਇਆ ਜਾਂਦਾ ਸੀ, ਜੋ ਮੀਂਹ ਕਣੀ ਦੇ ਦਿਨਾਂ ‘ਚ ਵਰਤਿਆ ਜਾਂਦਾ ਸੀ। ਰੋਜ਼ਾਨਾ ਵਰਤੋਂ ਲਈ ਝਲਿਆਨੀ ਦੇ ਬਾਹਰ ਵਾਲ਼ੇ ਪਾਸੇ ਓਟਾ ਕਰਕੇ ਚੌਂਕਾ-ਚੁੱਲ੍ਹਾ ਬਣਾਇਆ ਜਾਂਦਾ ਸੀ।

  ਹਰਦੀਪ

  • ohh ,, bhut jyada vadia e jee ,,, tuhadi site bhut vdia lagi ,, eni vadia lagi ke das ni sakdi

   kamal
   DHALIWAL

   • ਕਮਲ ਜੀ ਪੰਜਾਬੀ ਵਿਹੜੇ ਫੇਰੀ ਪਾਉਣ ਲਈ ਤੇ ਪਸੰਦ ਕਰਨ ਲਈ ਬਹੁਤ ਬਹੁਤ ਸ਼ੁਕਰੀਆ । ਜਦੋਂ ਕੁਝ ਕਹਿਣ ਲਈ ਸ਼ਬਦ ਨਾ ਲੱਭਣ ਤਾਂ ਸਮਝੋ ਲਓ ਕਿ ਲਿਖਤ ਪਾਠਕ ਦੇ ਦਿਲ ‘ਚ ਧੁਰ ਉੱਤਰ ਗਈ ਹੈ।

 3. ਬਹੁਤ ਵਧੀਆ ਭੈਣ ਜੀ!

  ਭੂਪਿੰਦਰ।

 4. i have manage to get a book of gurumukhi qayda. vernmala.
  And learning with the motto to be touched with kind and good persons like you. Thank you.
  Be always with the learners like me.


ਟਿੱਪਣੀ ਕਰੋ ਜਾਂ ਕੁਝ ਪੁੱਛੋ

ਆਪਣੀ ਜਾਣਕਾਰੀ ਹੇਠਾਂ ਭਰੋ ਜਾਂ ਦਾਖਲੇ ਲਈ ਕਿਸੇ ਆਈਕਨ 'ਤੇ ਕਲਿੱਕ ਕਰੋ:

WordPress.com Logo

ਤੁਸੀਂ WordPress.com ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Twitter picture

ਤੁਸੀਂ Twitter ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Facebook photo

ਤੁਸੀਂ Facebook ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Google+ photo

ਤੁਸੀਂ Google+ ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Connecting to %s

ਸ਼੍ਰੇਣੀਆਂ

%d bloggers like this: