Posted by: ਡਾ. ਹਰਦੀਪ ਕੌਰ ਸੰਧੂ | ਮਈ 1, 2012

ਸ਼ਬਦ ਸਾਂਝ ਅਤੇ ਮੇਰੀਆਂ ਰਚਨਾਵਾਂ


ਪਿਛਲੇ ਕੁਝ ਸਮੇਂ ਤੋਂ ਸ਼ਬਦ ਸਾਂਝ ਨਾਲ਼ ਸਾਂਝ ਪਈ। ਸਮੇਂ-ਸਮੇਂ ‘ਤੇ ਕੁਝ ਨਾ ਕੁਝ ਸਾਂਝਾ ਕਰਦੀ ਰਹੀ। ਅੱਜ ਓਹੀ ਸਮੇਟ ਕੇ ਪੰਜਾਬੀ ਵਿਹੜੇ ਸੰਭਾਲਣ ਲੱਗੀ ਹਾਂ।

1. ਰੱਬ ਦੀ ਚਿੱਤਾ  ਪੜ੍ਹਨ ਲਈ ਇੱਥੇ ਕਲਿੱਕ ਕਰੋ ।

2. ਖੂਨੀ ਹਿਜਰਤ ’47 ਪੜ੍ਹਨ ਲਈ ਇੱਥੇ ਕਲਿੱਕ ਕਰੋ ।

3. ਕਰਨੀ ਕੱਖ ਦੀ, ਗੱਲ ਲੱਖ-ਲੱਖ ਦੀ  ਪੜ੍ਹਨ ਲਈ ਇੱਥੇ ਕਲਿੱਕ ਕਰੋ।

4. ਸ਼ਬਦ ਸਾਂਝ ਦੇ ਨਾਂ ਲਿਖੀ ਵਾਰਤਾ ਬਹੁਤਾ ਭਲਾ ਨਾ ਬੋਲਣਾ ਬਹੁਤੀ ਭਲੀ ਨਾ ਚੁੱਪ  ਪੜ੍ਹਨ ਲਈ ਇੱਥੇ ਕਲਿੱਕ ਕਰੋ।

ਆਪ ਦੀ ਸਹੂਲਤ ਲਈ ਓਹੀ ਵਾਰਤਾ ਮੈਂ ਪੰਜਾਬੀ ਵਿਹੜੇ ਵੀ ਸਾਂਝੀ ਕਰਨ ਲੱਗੀ ਹਾਂ।

ਡਾ. ਹਰਦੀਪ ਕੌਰ ਸੰਧੂ

ਬਹੁਤਾ ਭਲਾ ਨਾ ਬੋਲਣਾ ਬਹੁਤੀ ਭਲੀ ਨਾ ਚੁੱਪ 

ਇਸ ਜੱਗ ਤ੍ਰਿੰਝਣ ‘ਚ ਨਿਗ੍ਹਾ ਮਾਰਿਆਂ ‘ਇੰਟਰਨੈਟ’ ਨਾਂ ਦਾ ਪਿੰਡ ਸਭ ਦੀ ਨਿਗ੍ਹਾ ‘ਚ ਆ ਹੀ ਜਾਂਦਾ ਹੈ। ਸੁੱਖ ਨਾਲ਼ ਬਹੁਤ ਵੱਡਾ ਪਿੰਡ ਹੈ ਇਹ। ਘਰ ਕਿੰਨੇ ਹੋਣਗੇ, ਕਦੇ ਗਿਣਤੀ ਹੀ ਨਹੀਂ ਕੀਤੀ। ਅਜੋਕੇ ਜ਼ਮਾਨੇ ਦੇ ਇਸ ਪਿੰਡ ‘ਚ ਆਧੁਨਿਕਤਾ ਝਲਕਦੀ ਹੈ ਜਿਥੇ ਤੁਹਾਨੂੰ ਘਰ ਦੇ ਮੂਹਰਲੇ ਵੱਡੇ ਦਰਵਾਜ਼ੇ ‘ਤੇ ਘਰ ਦੇ ਨਾਂ ਵਾਲ਼ੀ ਤਖਤੀ ਟੰਗੀ ਜ਼ਰੂਰ ਨਜ਼ਰ ਪੈ ਜਾਵੇਗੀ। ਇਸ ਪਿੰਡ ਦੀ ਹੋਰ ਸਿਫ਼ਤ ਇਹ ਆ ਬਈ ਕਿ ਏਥੇ ਪੁਰਾਣੀਆਂ ਨਿਸ਼ਾਨੀਆਂ ਵੀ ਸਾਂਭੀਆਂ ਮਿਲ਼ ਜਾਣਗੀਆਂ। ਪਿੰਡ ‘ਚ ਗੇੜਾ ਮਾਰੋ ਤਾਂ ਐਨ ਵਿੱਚਕਾਰ ਜਿਹੇ, ਬੁੱਢੇ ਬੋਹੜ ਵਾਲ਼ਾ ਚੁੱਗਲ ਚੌਂਕ ਟੱਪ ਕੇ, ਉੱਚੀ ਬੀਹੀ ਵੜਦਿਆਂ ਹੀ ਛੱਤੇ ਖੂਹ ਦੇ ਐਨ ਸਾਹਮਣੇ ਇੱਕ ਬਹੁਤ ਖੁੱਲ੍ਹੇ-ਡੁੱਲ੍ਹੇ ਵਿਹੜੇ ਵਾਲ਼ਾ ਵੱਡਾ ਸਾਰਾ ਘਰ ਹੈ। ਓਸ ਘਰ ਦੇ ਬਾਰ ਮੂਹਰੇ ਮੋਟੇ-ਮੋਟੇ ਅੱਖਰਾਂ ‘ਚ ‘ਸ਼ਬਦ ਸਾਂਝ’ ਦੇ ਨਾਂ ਦੀ ਲਿਖੀ ਤਖ਼ਤੀ ਤੁਹਾਨੂੰ ਦੂਰੋਂ ਹੀ ਨਜ਼ਰ ਪੈ ਜਾਵੇਗੀ।

 ਇਸ ਘਰ ਦੀ ਅੱਲ ‘ਵੱਡੇ ਲਾਣੇ ਕਿਆਂ’ ਦੀ ਪਈ ਹੋਈ ਹੈ। ਆਪੇ ਪੈਣੀ ਸੀ ਇਹ ਅੱਲ….. ਸੁੱਖ ਨਾਲ਼ ਬਹੁਤ ਵੱਡਾ ਟੱਬਰ ਹੈ। ਜਿਵੇਂ ਕਹਿੰਦੇ ਨੇ ਕਿ ਜਦ ਕੋਈ ਰੋਟੀ ਖਾਵੇ ਓਹਦੀ ਰੋਟੀਆਂ ਦੀ ਗਿਣਤੀ ਨਹੀਂ ਕਰੀਦੀ। ਏਸੇ ਤਰਾਂ ਵੱਡੇ ਲਾਣੇ ਕਿਆਂ ਦੇ ਟੱਬਰ ਦੇ ਜੀਆਂ ਦੀ ਕਦੇ ਕਿਸੇ ਨੇ ਗਿਣਤੀ ਹੀ ਨਹੀਂ ਕੀਤੀ। ਹਾਂ….. ਇਹ ਲਾਣਾ ਦਿਨੋਂ-ਦਿਨ ਵੱਧ ਜ਼ਰੂਰ ਰਿਹਾ ਹੈ। ਘਰ ਦਾ ਕਰਤਾ-ਧਰਤਾ ਸਾਰੇ ਜੀਆਂ ਦਾ ਤੇ ਘਰ ‘ਚ ਆਉਣ ਵਾਲ਼ੇ ਮਹਿਮਾਨਾਂ  ਨੂੰ ਖਿੜੇ-ਮੱਥੇ ਜੀ ਆਇਆਂ ਕਹਿੰਦਾ ਹੈ। ਟੱਬਰ ਦੇ ਸਾਰੇ ਜੀਅ ਬਹੁਤ ਹੀ ਵਧੀਆ ਨੇ, ਉੱਚੀ-ਸੁੱਚੀ ਤੇ ਸੁੱਲਝੀ ਸੋਚ ਦੇ ਮਾਲਕ। ਘਰ ਦੇ ਵਿਹੜੇ ‘ਚ ਗੱਲਾਂ ਦਾ ਤੰਦੂਰ ਹਮੇਸ਼ਾਂ ਭੱਖਦਾ ਰਹਿੰਦਾ ਹੈ, ਜਿੱਥੇ ਰੂਹ ਦੀ ਖੁਰਾਕ ਡੂੰਘੀ ਸੋਚ ਦੇ ਆਟੇ ਨਾਲ਼ , ਤੱਥਾਂ-ਵਿਚਾਰਾਂ ਦਾ ਬਾਲਣ ਪਾ ਚੱਤੋ ਪਹਿਰ ਪੱਕਦੀ ਰਹਿੰਦੀ ਹੈ। ਰੋਟੀਆਂ ਦਾ ਛਾਬਾ ਭਰਿਆ ਰਹਿੰਦਾ ਹੈ ਤੇ ਜੋ ਜੀਅ ਆਵੇ ਸੋ ਰਾਜੀ ਜਾਵੇ….. ਹਰ ਕਿਸੇ ਲਈ ਖੁੱਲੇ ਗੱਫੇ਼ ਖਾਣ ਨੂੰ। ਗਾਲੜੀ ਤਾਂ ਬਹੁਤ ਨੇ ਟੱਬਰ ਦੇ ਸਾਰੇ ਜੀਅ ਪਰ ਗੱਲਾਂ ਓਹ ਆਵਦੇ – ਆਪ ਨਾਲ਼ ਹੀ ਕਰਦੇ ਨੇ। ਲੱਗਦਾ  ਇੱਕ ਦੂਜੇ ਨਾਲ਼ ਜਿਵੇਂ ਰੁੱਸੇ ਬੈਠੇ ਹੋਣ। ਆਪਸ ‘ਚ ਗੱਲਬਾਤ ਘੱਟ ਹੀ ਹੁੰਦੀ ਹੈ। ਪਰੋਸੀਆਂ ਤੰਦੂਰੀ ਰੋਟੀਆਂ (ਲਿਖਤਾਂ) ਸਾਰੇ ਖਾ (ਪੜ੍ਹ) ਲੈਂਦੇ ਨੇ ਮੂੰਹ ਜਿਹਾ ਵੱਟ ਕੇ । ਪਰ ਰੋਟੀ ਖਾ ਕੇ ਪਾਣੀ-ਧਾਣੀ ਨਹੀਂ ਪੁੱਛਦੇ ਕਿਸੇ ਨੂੰ। ਛਾਬੇ ‘ਚੋਂ ਰੋਟੀਆਂ ਤਾਂ ਕਦੇ ਮੁੱਕਣ ਨਹੀਂ ਦਿੰਦੇ ਪਰ ਵਿਹੜੇ ‘ਚ ਪਏ ਘੜੇ (ਟਿੱਪਣੀ ਵਾਲ਼ਾ ਖਾਨਾ) ਵੱਲ ਧਿਆਨ ਘੱਟ ਹੀ ਜਾਂਦੈ। ਬੱਸ ਤਿੱਪ ਕੁ ਪਾਣੀ ਆ ਓਸ ‘ਚ। ਕਦੇ ਨਾ ਕਦੇ ਕਿਸੇ ਦਾ ਜੀਅ ਕਰ ਆਉਂਦੈ ਜਾਂ ਕੋਈ ਰਾਹਗੀਰ ਆਉਂਦਾ-ਜਾਂਦਾ ਦੋ ਚੂਲ਼ੀਆਂ ਪਾਣੀ ਦੀਆਂ ਪਾ ਜਾਂਦੈ ਓਸ ਸੱਖਣੇ ਜਿਹੇ ਘੜੇ ‘ਚ ਤੇ ਤੇਹ੍ਹ ਬੁਝਾ ਜਾਂਦੈ। ਡਰ ਤਾਂ ਇਹ ਹੈ ਬਈ ਕਿਤੇ ਰੋਟੀ ਖਾਂਦਿਆਂ , ਪਾਣੀ ਖੁਣੋ ਬੁਰਕੀ ਤਾਲ਼ੂਏ ਨੂੰ ਨਾ ਜਾ ਲੱਗੇ, ਨਾਲ਼ੇ ਇਓਂ ਬੁਰਕੀ ਲੰਘਾਉਣੀ ਵੀ ਤਾਂ ਔਖੀ  ਹੈ।

 ਜੇ ਕਿਸੇ ਦੇ ਮਨ ਮਿਹਰ ਪੈ ਜਾਵੇ ਬਈ ਚੱਲੋ ਆਪਾਂ ਵੀ ਹਿੱਸਾ ਪਾ ਦੇਈਏ ਘੜੇ ਨੂੰ ਹੱਥ ਲਾ ਹੀ ਦੇਈਏ । ਦੇਖਣਾ ਜ਼ਰਾ ਧਿਆਨ ਰੱਖਣਾ ਘੜੇ ਨੂੰ ਭਰਨ ਲੱਗੇ ਕਿਤੇ ਗੰਧਲ਼ੇ ਪਾਣੀ ( ਅਢੁੱਕਵੀਂ ਨੁਕਤਾਚੀਨੀ) ਨਾ ਪੈ ਜਾਵੇ। ਜਾਂ ਫੇਰ ਭਰ ਕੇ ਘੜਾ ਕਿਸੇ ਦੇ ਸਿਰ ‘ਤੇ ਸਾਰਾ ਹੀ ਨਾ ਮੁਧਾ ਦੇਣਾ ਕਿ ਅਗਲੇ ਨੂੰ ਸਾਹ ਹੀ ਨਾ ਆਵੇ। ਫੂਹੀ-ਫੂਹੀ ਤਲਾ ਭਰ ਜਾਂਦੈ। ਲੋੜ ਹੈ ਵੇਲ਼ੇ ਸਿਰ, ਥੋੜਾ-ਥੋੜਾ, ਸਹਿਜੇ-ਸਹਿਜੇ ਘੜੇ ਨੂੰ ਧੁੱਪੇ-ਛਾਂਵੇ ਕਰਦਿਆਂ ਸਾਫ਼ ਪਾਣੀ ( ਉਸਾਰੂ ਵਿਚਾਰ) ਦੀ ਬੂੰਦ-ਬੂੰਦ  ਕਰਕੇ ਪਾਈ ਜਾਵੇ  ਤਾਂ ਕਿ ਏਸ ਘਰੇ ਕੋਈ ਤਿਹਾਇਆ ਨਾ ਰਹੇ। ਸਭ ਨੂੰ ਸੰਤੁਲਿਤ ਖੁਰਾਕ ਮਿਲ਼ੇ ਜੋ ਤੰਦਰੁਸਤ ਸੋਚਣੀ ਲਈ ਬਹੁਤ ਜ਼ਰੂਰੀ ਹੈ। ਸੰਤੁਲਨ ਬਣਾਈ ਰੱਖਣਾ ਲਾਜ਼ਮੀ ਹੈ ਕਿਉਂਕਿ ਬਹੁਤਾ ਭਲਾ ਨਾ ਬੋਲਣਾ, ਬਹੁਤੀ ਭਲੀ ਨਾ ਚੁੱਪ ।

ਇਸ਼ਤਿਹਾਰ

ਟਿੱਪਣੀ ਕਰੋ ਜਾਂ ਕੁਝ ਪੁੱਛੋ

ਆਪਣੀ ਜਾਣਕਾਰੀ ਹੇਠਾਂ ਭਰੋ ਜਾਂ ਦਾਖਲੇ ਲਈ ਕਿਸੇ ਆਈਕਨ 'ਤੇ ਕਲਿੱਕ ਕਰੋ:

WordPress.com Logo

ਤੁਸੀਂ WordPress.com ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Twitter picture

ਤੁਸੀਂ Twitter ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Facebook photo

ਤੁਸੀਂ Facebook ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Google+ photo

ਤੁਸੀਂ Google+ ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Connecting to %s

ਸ਼੍ਰੇਣੀਆਂ

%d bloggers like this: