Posted by: ਡਾ. ਹਰਦੀਪ ਕੌਰ ਸੰਧੂ | ਮਾਰਚ 31, 2012

ਮੇਰੀਆਂ ਅਭੁੱਲ ਯਾਦਾਂ


ਸ਼ਬਦ ਸਾਂਝ ‘ਤੇ ਮੇਰੀਆਂ ਅਭੁੱਲ ਯਾਦਾਂ- ਖੂਨੀ ਹਿਜਰਤ- ਸੰਨ 47 * ਜਦੋਂ ‘ਬਾਰ ( ਬੇਲੇ) ਲਾਸ਼ਾਂ ਬਿਛੀਆਂ ……ਪੜ੍ਹਨ ਲਈ ਇੱਥੇ ਕਲਿੱਕ ਕਰੋ

ਖੂਨੀ ਹਿਜਰਤ (ਸੰਨ ’47) – ਜਦੋਂ ‘ਬਾਰ ‘ਚ (ਬੇਲੇ) ਲਾਸ਼ਾਂ ਬਿਛੀਆਂ

ਅੱਜ ਵੀ ਕਦੇ ਨਾ ਕਦੇ ਮੇਰੇ ਚੇਤਿਆਂ ‘ਚ ਵਸਦੀ ਮੇਰੀ ਪੜਨਾਨੀ (ਜਿਸਨੂੰ ਮੈਂ ਨਾਨੀ ਕਹਿ ਕੇ ਬੁਲਾਉਂਦੀ ਸੀ ) ਮੇਰੇ ਨਾਲ ਗੱਲਾਂ ਕਰਨ ਲੱਗਦੀ ਹੈ । ਛੋਟੇ ਹੁੰਦਿਆਂ ਨੂੰ ਓਹ ਸਾਨੂੰ ‘ਬਾਰ’ ਦੀਆਂ ਗੱਲਾਂ ਸੁਣਾਉਂਦੀ ਤੇ  ਉਥੇ ਇੱਕ ਵਾਰ ਜਾ ਕੇ ਆਪਣਾ ਪੁਰਾਣਾ ਪਿੰਡ ਵੇਖਣ ਦੀ ਇੱਛਾ ਜਾਹਰ ਕਰਦੀ ।ਇਹ “ਸਾਂਦਲ ਬਾਰ “ ਦਾ ਇਲਾਕਾ ਸੀ ਜੋ ਅੱਜਕੱਲ ਪਾਕਿਸਤਾਨ ਦਾ ਮਾਨਚੈਸਟਰ (City of Textile) ਅਖਵਾਉਂਦਾ ਹੈ । ਮੇਰਾ ਨਾਨਕਾ ਪਰਿਵਾਰ ਭਾਰਤ -ਪਾਕਿ ਦੀ ਵੰਡ ਤੋਂ ਪਹਿਲਾਂ ਓਥੇ ਚੱਕ ਨੰਬਰ 52, ਤਹਿਸੀਲ ਸਮੁੰਦਰੀ , ਜ਼ਿਲ੍ਹਾ ਲਾਇਲਪੁਰ ਵਿਖੇ ਰਹਿੰਦਾ ਸੀ ਤੇ ਮੇਰੀ ਪੜਨਾਨੀ ਦਾ ਪਿੰਡ ਸੀਤਲਾ ਸੀ। 

ਸਾਡੇ ਕੋਲ਼ ਮਿਲਣ ਆਈ ਪੜਨਾਨੀ ਕਈ-ਕਈ ਮਹੀਨੇ ਲਾ ਜਾਂਦੀ। ਮੇਰੇ ਡੈਡੀ ਨੇ ਕਹਿਣਾ, “ਜੁਆਕੋ… ਇਹ ਮੇਰੀ ਬੇਬੇ ਆ। ਇਹ ਥੋਡੀ ਮਾਂ ਦੀ ਮਾਂ ਦੀ ਮਾਂ ਹੈ। ਬੇਬੇ ਤੋਂ ਕੁਝ ਸਿੱਖੋ… ਬੇਬੇ ਦੀਆਂ ਗੱਲਾਂ ਧਿਆਨ ਨਾਲ਼ ਸੁਣਿਆ ਕਰੋ। ਬੇਬੇ ਦੀ ਸੇਵਾ ਕਰਿਆ ਕਰੋ।”  

ਓਦੋਂ ਨਾਨੀ ਦੀਆਂ ਸੁਣਾਈਆਂ ਬਾਤਾਂ ਤੋਂ ਬਗੈਰ  ਚਾਹੇ ਬਹੁਤੀਆਂ ਗੱਲਾਂ ਦੀ ਸਾਨੂੰ ਸਮਝ ਵੀ ਨਾ ਆਉਂਦੀ ਪਰ ਫੇਰ ਵੀ ਅਸੀਂ ਨਾਨੀ ਦੀਆਂ ਗੱਲਾਂ ਬੜੇ ਗਹੁ ਨਾਲ ਸੁਣਦੇ… ਤੇ ਨਾਨੀ ਫੇਰ ਕੀ ਹੋਇਆ… ਫੇਰ ਕੀ ਹੋਇਆ… ਕਹਿ-ਕਹਿ ਕੇ ਓਸ ਦੀਆਂ ਕਦੇ ਨਾ ਮੁੱਕਣ ਵਾਲੀਆਂ ‘ਬਾਰ’ ਦੀਆਂ ਗੱਲਾਂ ਦੀ ਲੜੀ ਨੂੰ ਹੋਰ ਲੰਮੇਰਾ ਕਰ ਦਿੰਦੇ । ਗੱਲਾਂ ਕਰਦੀ ਨਾਨੀ ਦੀਆਂ  ਅੱਖਾਂ ‘ਚੋਂ ਆਪ ਮੁਹਾਰੇ ਹੰਝੂ ਵਹਿ ਤੁਰਦੇ । ਅਸੀਂ ਨਿਆਣੇ ਆਪਣੀ ਸਮਝ ਅਨੁਸਾਰ ਨਾਨੀ ਨੂੰ ਹੌਸਲਾ ਦਿੰਦੇ ਕਹਿੰਦੇ, “ਲੈ… ਨਾਨੀ ਭਲਾ ਤੂੰ ਰੋਂਦੀ ਕਿਓਂ ਹੈਂ… ਹੋ ਲੈਣ ਦੇ ਸਾਨੂੰ ਵੱਡੇ… ਫੇਰ ਅਸੀਂ ਤੈਨੂੰ ਤੇਰੇ ਪਿੰਡ ਲੈ ਕੇ ਚੱਲਾਂਗੇ ।”

ਇੱਕ ਦਿਨ ਜਦੋਂ ਮੈਂ ਆਵਦੀ ਸਹੇਲੀ ਨਾਲ ਮੂਹਰਲੇ ਬਰਾਂਡੇ ‘ਚ ਬੈਠੀ ਆਵਦਾ ਸਕੂਲ ਦਾ ਕੰਮ ਕਰ ਰਹੀ ਸੀ ਤਾਂ ਕੋਲ ਬੈਠੀ ਗਲੋਟੇ ਅਟੇਰਦੀ ਨਾਨੀ ਨੇ ਮੇਰੇ ਕੋਲ ਖਿਲਰੇ ਕਾਗਜਾਂ ਵੱਲ ਇਸ਼ਾਰਾ ਕਰਦੀ ਨੇ ਪੁੱਛਿਆ, “ਕੁੜੇ… ਆ ਭਲਾ ਭਾਰਤ ਦਾ ਨਸ਼ਕਾ ਆ ?” 

ਮੇਰੀ ਸਹੇਲੀ ਨੇ ਹੈਰਾਨ ਹੋ ਕੇ ਕਿਹਾ , “ਬੇਬੇ ਭਲਾ ਤੈਨੂੰ ਕਿਵੇਂ ਪਤਾ ਬਈ ਇਹ ਭਾਰਤ ਦਾ ਨਕਸ਼ਾ ਹੈ ।” 

“……ਲੈ ਪੁੱਤ ਤਾਂ ਕੀ ਹੋਇਆ, ਜੇ ਮੈਂ ਥੋਡੇ ਆਂਗੂ ਪੜ੍ਹੀ ਵੀ ਨੀ… ਪਰ ਥੋਨੂੰ ਨਿੱਤ ਵੇਹੰਦੀ ਆਂ… ਪੜ੍ਹਦੀਆਂ ਨੂੰ… ਗੱਲਾਂ ਕਰਦੀਆਂ ਨੂੰ, ਜਦੋਂ ਤੁਸੀਂ ‘ਜਾਦੀ ( ਆਜ਼ਾਦੀ ) ਬਾਰੇ ਪੜ੍ਹਦੀਆਂ ਓ ।”

ਨਾਨੀ ਨੇ ਆਵਦੀ ਮਲਮਲ ਦੀ ਚੁੰਨੀ ਦਾ ਪੱਲਾ ਠੀਕ ਕਰਦਿਆਂ ਫੇਰ ਓਸੇ ਨਕਸ਼ੇ ਵੱਲ ਇਸ਼ਾਰਾ ਕਰਦਿਆਂ ਕਹਿਣਾ ਸ਼ੁਰੂ ਕੀਤਾ, “ਪੁੱਤ, ‘ਜਾਦੀ ਦੀ ਓਹ ਪੜ੍ਹਾਈ ਤਾਂ ਥੋਨੂੰ ਅੱਜ ਤਾਈਂ ਕਿਸੇ ਨੇ ਪੜ੍ਹਾਈ ਈ ਨੀ… ਜਿਹੜੀ ਅਸੀਂ ਆਵਦੇ ਪਿੰਡੇ ‘ਤੇ ਹੰਡਾਈ ਆ । ਜੈ ਖਾਣਿਆਂ ਨੇ ਪੱਕੀਆਂ ਲਖੀਰਾਂ ਵਾਤੀਆਂ ਏਹਨਾਂ ਕਾਗਤਾਂ ‘ਤੇ… ਨਾਲ਼ੇ ਸਾਡੀਆਂ ਜਮੀਨਾਂ ‘ਤੇ… ਇੱਕੋ ਮੁਲਖ ਦੇ ਕਰਤੇ ਦੋ ਟੋਟੇ… ਬਣਾ ਤਾ ਇੱਕ ਹਿੰਦੋਸਤਾਨ… ਤੇ ਦੂਜਾ ਪਾਕਿਸਤਾਨ… ਭੈਣ-ਭਾਈਆਂ ਆਂਗੂ ਰਹਿੰਦਿਆਂ ਨੂੰ ਅੱਡ ਕਰਤਾ ਸਾਨੂੰ  ।” 

ਨਾਨੀ ਹਮੇਸ਼ਾਂ ਵਾਂਗ ਆਪਣੇ ਅਤੀਤ ‘ਚ ਗੁਆਚ ਗਈ । “…ਪੁੱਤ ਸੰਨ ਸੰਤਾਲੀ ਦੇ ਓਹਨੀਂ ਦਿਨੀਂ ਰੌਲਾ ਪੈ ਗਿਆ ਬਈ ‘ਜਾਦੀ ( ਆਜ਼ਾਦੀ) ਆ ਗੀ…’ਜਾਦੀ ਆ ਗੀ… ਹੁਣ ਸਾਨੂੰ ਮੁਲਖ ਛੱਡਣਾ ਪੈਣਾ । ਅਸੀਂ ਸਾਰੇ ਇਓਂ ਹਰਾਨ… ਬਈ ਏਹ ਕਾਹਦੀ ‘ਜਾਦੀ ਆ… ਜਿਹੜੀ ਸਾਨੂੰ ਮੁਲਖ ਛੱਡ ਕੇ ਮਿਲਣੀ ਆ। ‘ਜਾਦੀ ਕਾਹਦੀ ਆਈ ਸੀ… ਪੁੱਤ… ਨਿਰੀ ਲੁੱਟ ਸੀ ਲੁੱਟ… ਸਾਨੂੰ ਇਓਂ ਤਾਂ ਪਤਾ ਨੀ ਸੀ ਬਈ ਜਾਣਾ ਕਿੱਥੇ ਆ? …ਘਰੋਂ ਬੇਘਰ ਕਰਤਾ ਸੀ ਏਸਖਸਮਾਂ ਖਾਣੀ ‘ਜਾਦੀ ਨੇ ।  ਸਾਨੂੰ ਤਾਂ ਏਹੀ ਸੰਸਾ ਵੱਢ-ਵੱਢ ਖਾਈ ਜਾਵੇ… ਬਈ ਹੁਣ ਜੁਆਨ ਧੀਆਂ/ਨੂੰਹਾਂ ਤੇ ਨਿੱਕੇ-ਨਿਆਣਿਆਂ ਨੂੰ ਕਿੱਥੇ ਲੈ ਕੇ ਜਾਵਾਂਗੇ? ਕਦੇ ਲੱਗੇ… ਬਈ ਐਵੇਂ ਰੌਲ਼ਾ ਈ ਆ… ਖ਼ਬਰੇ ਕੋਈ ਭੂਚਾਲ਼ ਆਉਣ ਤੋਂ ਪਹਿਲਾਂ ਕੋਈ ਠੁੰਮਣਾ ਲੱਗ ਈ ਜਾਵੇ।”

ਡਾਂਗ ਜਿੱਡਾ ਹਾਉਕਾ ਭਰ ਕੇ ਨਾਨੀ ਨੇ ਆਵਦੀ ਗੱਲ ਜਾਰੀ ਰੱਖਦਿਆਂ ਕਿਹਾ, “…ਨਾਲ਼ੇ ਏਹ ‘ਜਾਦੀ ਕੀ ਥੋਡੇ ਭਾ ਦੀ ‘ਕੱਲੀ ਈ ਆ ਗੀ ਸੀ… ਨਾ ਪੁੱਤ… ਨਾ… ਇਹ ਕਲ਼ਮੂੰਹੀ ਤਾਂ ਆਵਦੇ ਨਾਲ਼ ਵਿਛੋੜੇ ਦਾ ਦੁੱਖ ਤੇ ਓਹ ਡੂੰਘੇ ਫੱਟ ਲਿਆਈ ਸੀ ਜਿਹੜੇ ਅੱਜ ਤਾਈਂ ਨੀ ਭਰੇ। ਇਹਨਾਂ ਫੱਟਾਂ ‘ਤੇ ਮੱਲ੍ਹਮ-ਪੱਟੀ ਤਾਂ ਕਿਸੇ ਨੇ ਕੀ ਧਰਨੀ ਸੀ… ਏਹ ਤਾਂ ਅੱਜ ਤਾਈਂ ਕਿਸੇ ਨੇ ਦੇਖੇ ਬੀ ਨੀ।”

ਹੌਲ਼ੀ-ਹੌਲ਼ੀ ਗੱਲਾਂ ਕਰਦੀ ਨਾਨੀ ਦੀ ਬਿਰਤੀ ਅੱਜ ਫੇਰ ਏਥੋਂ ਮੀਲਾਂ ਦੂਰ ਓਸ ਦੇ ਪਿੰਡ ਸੀਤਲਾ ( ਹੁਣ ਪਾਕਿਸਤਾਨ ‘ਚ ) ਨਾਲ਼ ਜੁੜ ਗਈ ਸੀ। “…ਲੈ ਹੈ… ਭਰਿਆ ਭਕੁੰਨਿਆ ਘਰ ਸੀ ਸਾਡਾ… ਜਿਹੜਾ ਅਸੀਂ ਪਤਾ ਨਹੀਂ ਕਿਹੜੇ ਹਾਲੀਂ ਛੱਡ ਕੇ ਤੁਰੇ ਸੀ। ਇਹ ਤਾਂ ਪੁੱਤ ਤਾਈਂ ਪਤਾ ਲੱਗੂ ਜੇ ਮੇਰੇ ਅਰਗੇ ਬੁੜੇ-ਬੁੜੀਆਂ ਦਾ ਚਿੱਤ ਫਰੋਲ਼ ਕੇ ਦੇਖੋਂਗੀਆਂ । …ਬਲਾਂ ਈ ਵੱਡਾ ਘਰ… ਖੁੱਲ੍ਹਾ-ਡੁੱਲਾ ਨਿੰਮਾਂ-ਡੇਕਾਂ ਨਾਲ਼ ਭਰਿਆ ਵਿਆ ਵਿਹੜਾ… ਇੱਕ ਪਾਸੇ ਵੱਡੀ ਸਬਾਤ… ਮੂਹਰੇ ਰਸੋਈ ਤੇ ਬਰਾਂਡਾ… ਦੂਜੇ ਪਾਸੇ ਪੱਕੀ ਬੈਠਕ… ਸਬਾਤ ‘ਚ ਪੁੱਤ ਮੈਂ ਤਾਂ ਓਮੇ-ਜਿਮੇ ਪਿੱਤਲ਼ ਨਾਲ਼ ਮੜ੍ਹਿਆ ਸੰਦੂਕ ਛੱਡ ਆਈ… ਹੱਥੀਂ ਕੱਤੇ-ਬੁਣੇ ਦਰੀਆਂ-ਖੇਸਾਂ ਨਾਲ਼ ਭਰਿਆ ਵਿਆ । ਰੀਝਾਂ ਲਾ ਕੇ ਲਿਪਿਆ ਸੰਮਿਆਰਿਆ ਚੁੱਲ੍ਹਾ-ਚੌਂਕਾ… ਓਟੇ ਤੇ ਪਾਈਆਂ ਤੋਤੇ -ਮੋਰਨੀਆਂ ਮੈਨੂੰ ਅੱਜ ਬੀ ਓਮੇ-ਜਿਮੇ ਦੀਹੰਦੇ ਨੇ। …ਮਾਰ ਘਰ ਭਰਿਆ ਪਿਆ ਸੀ ਲਵੇਰੀਆਂ ਨਾਲ਼… ਦੋ ਬਲਦਾਂ ਦੀ ਜੋੜੀਆਂ… ਬੋਤਾ… ਕੱਟਰੂ-ਵੱਛਰੂਆਂ ਨਾਲ਼। ਪੁੱਤ ਮੈਂ ਕੀ-ਕੀ ਗਣਾਮਾਂ ਥੋਨੂੰ ਹੁਣ ।”

ਠੰਢਾ ਸਾਹ ਭਰਦਿਆਂ ਨਾਨੀ ਨੇ ਆਵਦੀ ਗੱਲ ਜਾਰੀ ਰੱਖੀ, “…ਜਮਾਂ ਈ ਸਮਝੋਂ ਬਾਹਰ ਦੀ ਸ਼ੈਅ ਸੀ ਏਹ ਖਸਮਾਂ ਖਾਣੀ  ‘ਜਾਦੀ…।

ਪੁੱਤ ਮੈਨੂੰ ਤਾਂ ਕਈ-ਕਈ ਬਾਰ ਹੁਣ ਬੀ ਓਹੀ ‘ਵਾਜਾਂ ਕੰਨੀ ਪੈਂਦੀਆਂ ਨੇ… ਜਦੋਂ ਗੁਆਂਢੀਆਂ ਦਾ ਮੁੰਡਾ ਬੀਰਾ ਘਾਬਰਿਆ ਵਿਆ ਬਾਹਰੋਂ ਭੱਜਿਆ ਆਇਆ ਤੇ ਆਖੇ… ਓਏ ਭੱਜ ਲੋ ਜੇ ਭੱਜ ਹੁੰਦਾ… ਆਪਣੀ ਪੱਤੀ ਨੂੰ ਬੀ ਵੱਢਣ ਆ ਗੇ ਓਹ । …ਤੇ ਓਧਰੋਂ ਹੋਰ ਬੀ ਡਰਾਉਣੀਆਂ ‘ਵਾਜਾਂ ਔਣ… ਓ ਜਾਣ ਨਾ ਦਿਓ ਇਨ੍ਹਾਂ ਨੂੰ ਸੁੱਕੇ ਏਥੋਂ… ਕਰ ਦਿਓ ਡੱਕਰੇ ਐਥੇ ਈ । ਭਾਈ… ਜਿਨਾਂ ਕੁ ਸਮਾਨ ਘਰੋਂ ਚੱਕਿਆ ਗਿਆ… ਗੱਡਿਆਂ ‘ਤੇ ਲੱਦ ਲਿਆ… ਕੀ-ਕੀ ਧਰ ਲੈਂਦੇ ਨਾਲ਼ੇ ਅਸੀਂ… ਮਸਾਂ ਭੱਜ ਕੇ ਜਾਨਾਂ ਬਚਾਈਆਂ। ਓਦੋਂ ਤਾਂ ਲੱਗੇ ਖਬਨੀ ਲੋਟ ਈ ਹੋ ਜੂ ਸਾਰਾ ਕੁਛ… ਖਬਨੀ ਮੁੜ ਈ ਪਮਾਂਗੇ ਘਰਾਂ ਨੂੰ… ਚੰਦਰਾ ਰੱਬ ਬੀ ਪਤਾ ਨੀ ਕਿਹੜੇ ਮਾੜੇ ਕਰਮਾਂ ਦਾ ਬਦਲਾ ਲੈ ਰਿਹਾ ਸੀ ਸਾਥੋਂ। ਕੀ ਪਤਾ ਸੀ ਓਨ੍ਹਾਂ ਘਰਾਂ ਦਾ ਮੁੜ ਮੂੰਹ ਬੀ ਦੇਖਣ ਨੂੰ ਨੀ ਮਿਲਣਾ।”

ਨਾਨੀ ਨੇ ਆਵਦੀ ਐਨਕ ਦੀ ਡੰਡੀ ਨੂੰ ਮਰੋੜੀ ਦਿੰਦੇ ਆਵਦੀ ਗੱਲ ਚਾਲੂ ਰੱਖਦਿਆਂ ਕਿਹਾ,  “….‘ਤੇ ਫੇਰ ਲਹੂ ਪੀਣੀਆਂ ਨੰਗੀਆਂ ਤਲਵਾਰਾਂ ਤੇ ਬਰਛੇ ਘਰਾਂ ‘ਚ ਵੱਢ-ਟੁੱਕ ਕਰਨ ਲੱਗੇ। ਸਾਨਾਂ ਆਂਗੂੰ ਭੂਤਰੇ ਲੋਕ ਇੱਕ ਦੂਜੇ ਦੇ ਦੁਸ਼ਮਣ ਬਣਗੇ ਸੀ। ਭਾਈ-ਭਾਈ… ਸਿੱਖੜੇ ਤੇ ਮੁਸਲੇ ਬਣਗੇ ਸੀ। ਬਾਬੇ ਨਾਨਕ ਤੇ ਪੀਰ-ਪਗੰਬਰਾਂ ਦੀ ਧਰਤੀ ਰੱਤ ਨਾਲ਼ ਲਾਲੋ-ਲਾਲ ਹੋ ਗੀ ਸੀ। ਪਿੰਡੋ-ਪਿੰਡੀ ਜਿਹੜਾ ਘਾਣ ਹੋਇਆ ਸੀ ਮਨੁੱਖਤਾ ਦਾ… ਪੁੱਤ ਦੇਖਿਆ ਨੀ ਸੀ ਜਾਂਦਾ । ਹਾਹਾਕਾਰ ਮੱਚੀ ਵੀ ਸੀ ਚਾਰੇ ਪਾਸੇ… ਓਧਰ ਵਸਦੇ ਹਿੰਦੂ ਤੇ ਸਿੱਖ ਏਧਰ ਨੂੰ ਭੱਜੇ… ‘ਤੇ ਏਧਰੋਂ ਮੁਸਲਮਾਨ ਓਧਰ ਨੂੰ । …ਤੇ ਫੇਰ ਲੋਥਾਂ ਨਾਲ਼ ਭਰੀਆਂ ਗੱਡੀਆਂ… ਓਧਰੋਂ ਏਧਰ… ਤੇ ਏਧਰੋਂ ਓਧਰ ਨੂੰ ਗਈਆਂ। ਲੋਥਾਂ ਦੇ ਢੇਰ ਲੱਗ ਗਏ ਸੀ । ਓਹ ਇੱਕ ਖੂਨੀ ਹਿਜਰਤ ਹੋ ਨਿਬੜੀ ਸੀ। 

ਧੀਆਂ – ਭੈਣਾਂ ਦੀ ਇੱਜ਼ਤ ਸਰੇਆਮ ਨੀਲਾਮ ਹੋਈ ਸੀ। ਗੱਡਿਆਂ ‘ਤੇ ਤੁਰੇ ਜਾਂਦਿਆਂ ਨੂੰ ਬੀ ਇਹੀ ਸੰਸਾ… ਬਈ ਪਤਾ ਨੀ ਕਿਧਰੋਂ ਹਮਲਾ ਹੋਜੂਗਾ… ਧੀਆਂ ਭੈਣਾਂ ਨੂੰ ਖੋਹ ਕੇ ਲੈ ਜਾਣਗੇ ਓਹ । …ਤੇ ਕਈਆਂ ਨੇ ਤਾਂ ਢਿੱਡੋਂ ਜੰਮੀਆਂ ਦੀ ਇੱਜ਼ਤ ਬਚਾਉਣ ਲਈ… ਆਵਦੀਆਂ ਧੀਆਂ-ਭੈਣਾਂ ਨੂੰ ਆਵਦੇ ਹੱਥੀਂ ਆਪ ਕਿਰਪਾਨਾਂ ਨਾਲ਼ ਵੱਢਤਾ ਸੀ… ਕਈਆਂ ਨੇ ਆਵਦੀਆਂ ਜਿਓਂਦੀਆਂ ਕੁੜੀਆਂ ਨੂੰ ਨਹਿਰਾਂ ‘ਚ ਰੋੜਤਾ ਸੀ। ਓਦੋਂ ਤਾਂ ਸਾਡਾ ਰੱਬ ਬੀ ਨੀ ਸੀਬੌਹੜਿਆ… ਓਹ ਬੀ ਪਤਾ ਨੀ ਡਰ ਕੇ ਕਿਹੜੀ ਕਾਲ-ਕੋਠੜੀ ‘ਚ ਲੁੱਕ ਕੇ ਜਾ ਬੈਠਾ ਸੀ।”

“…ਤੇ ਮਗਰੋਂ ਏਧਰ ਆ ਕੇ ਕਈ ਤਾਂ ਜਮਾਂ ਈ ਚੁੱਪ ਕਰਗੇ… ਕਈਆਂ ਨੂੰ ਮੈਂ ਕਮਲ਼ੇ ਹੋਏ ਦੇਖਿਆ… ਆਵਦੇ ਟੱਬਰ ਨੂੰ… ਆਵਦੀਆਂ ਧੀਆਂ-ਭੈਣਾਂ ਨੂੰ ਆਵਦੇ ਹੱਥੀਂ ਮਾਰ ਕੇ ਕੋਈ ਕਿੰਮੇ ਜਿਓਂ ਲਊਗਾ ਭਲਾ… ਮਨ ‘ਤੇ ਪਿਆ ਬਜਨ ਅਗਲ਼ੇ ਨੂੰ ਕਮਲ਼ਾ ਨੀ ਕਰੂ ਤਾਂ ਹੋਰ ਕੀ ਕਰੂ?’ …ਤੇ ਪੁੱਤ ਆਵਦਾ ਮੁਲਖ ਛੱਡਣਾ ਕੀ ਸੌਖਾਲ਼ਾ ਪਿਆ ਨਾਲ਼ੇ…।” ਨਾਨੀ ਦੀਆਂ ਅੱਖਾਂ ‘ਚੋਂ ਧਰਲ਼-ਧਰਲ਼ ਅੱਥਰੂ ਵਹਿ ਰਹੇ ਸੀ। ਓਸਨੇ ਆਵਦੀ ਚੁੰਨੀ ਦੇ ਪੱਲੇ ਨਾਲ਼ ਅੱਖਾਂ ਪੂੰਝੀਆਂ ਤੇ ਨਾਲ਼ੇ ਆਵਦੀ ਐਨਕ ਨੂੰ …ਫੇਰ ਓਹ ਵੱਡੇ ਦਰਵਾਜ਼ੇ ਵੱਲ ਇਓਂ ਦੇਖਣ ਲੱਗੀ ਜਿਵੇਂ ਪੂੰਝੀ ਹੋਈ ਐਨਕ ਵਿੱਚੋਂ ਦੀ ਉਹਨੂੰ ਦਰਵਾਜੇ ਦੇ ਪਰਲੇ ਪਾਸੇ ਸੀਤਲਾ ਪਿੰਡ ਨੂੰ ਜਾਂਦਾ ਖਵਨੀ ਕੋਈ ਰਾਹ ਹੀ ਖੌਰੇ ਦਿੱਖ ਜਾਏ। 

ਨਾਨੀ ਦੀਆਂ ਗੱਲਾਂ ਸੁਣਦੇ… ਅਸੀਂ ਐਨਾ ਡਰ ਗਏ ਸੀ ਕਿ ਹੁੰਗਾਰਾ ਭਰਨਾ ਵੀ ਭੁੱਲ ਗਏ ਸੀ… ਨਿਆਣੀ ਮੱਤ ਨੂੰ ਸਮਝ ਵੀ ਨਹੀਂ ਸੀ ਆ ਰਿਹਾ ਨਾਨੀ ਕਿੰਨਾਂ ਨੂੰ ਵਾਰ-ਵਾਰ ਕਹਿ ਰਹੀ ਸੀ… ਬਈ ‘ਓਹ’ ਆ ਜਾਣਗੇ… ਆਖਿਰ ਕੌਣ ਸਨ ਓਹ? …ਜਿੰਨਾ ਨੇ ਐਨੀ ਦਹਿਸ਼ਤ ਪਾਈ ਸੀ ਲੋਕਾਂ ‘ਚ। 

ਆਵਦਾ ਪਿੰਡ ਫਿਰ ਤੋਂ ਦੁਬਾਰਾ ਵੇਖੇ ਬਿਨਾਂ ਹੀ ਨਾਨੀ ਤਾਂ ਕੁਝ ਸਾਲਾਂ ਬਾਦ ਏਸ ਫਾਨੀ ਦੁਨੀਆਂ ਨੂੰ ਅਲਵਿਦਾ ਕਹਿ ਗਈ… ਪਰ ਅੱਜ ਓਸ ਦੇ ਹੰਝੂ ਮੇਰੀਆਂ ਅੱਖਾਂ ਰਾਹੀਂ ਵਹਿ ਰਹੇ ਨੇ ਤੇ ਮੇਰੇ ਕੋਲ਼ ਤਾਂ ਹੁਣ ਨਾਨੀ ਦੀ ਮਲਮਲ ਦੀ ਚੁੰਨੀ ਵੀ ਨਹੀਂ ਹੈ ਜਿਸ ਨਾਲ਼ ਮੈਂ ਅੱਖਾਂ ਪੂੰਝ ਕੇ ਆਵਦੇ ਨਾਨਕਿਆਂ ਦੀ ‘ਸਾਂਦਲ ਬਾਰ’ ਤੇ ਨਾਨੀ ਦੇ ਸੀਤਲਾ ਪਿੰਡ ਨੂੰ ਵੇਖ ਸਕਾਂ । 

 ਡਾ.ਹਰਦੀਪ ਕੌਰ ਸੰਧੂ  
(ਬਰਨਾਲ਼ਾ)

ਇਸ਼ਤਿਹਾਰ

Responses

 1. ਦੀਪੀ ਭੈਣੇ
  ਸਤਿ ਸਿਰੀ ਅਕਾਲ !
  ਭੈਣੇ ਨਾਨੀ ਦੀ ਬਹੁਤ ਯਾਦ ਆਈ ਤੇਰਾ ਲਿਖਿਆ ਪੜ੍ਹ ਕੇ ….. ਨਾਨੀ ਜੀ ਸਭ ਤੋਂ ਵੱਧ ਮੈਨੂੰ ਪਿਆਰ ਕਰਦੇ ਸਨ ।ਮੈਨੂੰ ਨਾਨੀ ਦੀਆਂ ਬਹੁਤੀਆਂ ਗੱਲਾਂ ਯਾਦ ਨਹੀਂ…ਕਿਉਂਕਿ ਮੈਂ ਓਦੋਂ ਬਹੁਤ ਛੋਟਾ ਸੀ….ਸ਼ਾਇਦ 8-9 ਸਾਲ ਦਾ……ਪਰ ਬਾਰ ਵਾਲੀਆਂ ਥੋੜੀਆਂ- ਮੋਟੀਆਂ ਗੱਲਾਂ ਮੇਰੇ ਵੀ ਯਾਦ ਹਨ ।
  ਨਾਨੀ ਦੀਆ ਸਾਰੀਆਂ ਗੱਲਾਂ ਬਹੁਤ ਹੀ ਵਧੀਆ ਤਰੀਕੇ ਨਾਲ ਇੱਕ ਕਹਾਣੀ ਦੇ ਰੂਪ ਵਿਚ ਲਿਖੀਆਂ ਹਨ
  ਮੇਰੇ ਵੀ ਇੱਕ ਗੱਲ ਯਾਦ ਆਗੀ ਜਦੋ ਨਾਨੀ ਨੇ ਲੰਡੇਕਿਆਂ ਤੋਂ ਆਉਣਾ…..ਤਾਂ ਪੈਸੇ ਗਿਣਨ ਮੈਨੂੰ ਲਾ ਦੇਣਾ…ਤੇ ਬਾਦ ‘ਚ ਮੈਨੂੰ 2 ਰੁਪਏ ਦੇ ਦੇਣੇ.ਮੈਨੂੰ ਓਦੋਂ ਚਾਅ ਚੜ੍ਹ ਜਾਂਦਾ..ਆਪਾਂ ਨਾਨੀ ਨੂੰ ਤੇ ਨਾਨੀ ਜੀ ਆਪਾਂ ਨੂੰ ਕਿੰਨਾ ਪਿਆਰ ਕਰਦੇ ਸੀ !

  ਵੀਰਿੰਦਰ

 2. ਪਡ਼ਨਾਨੀ ਕੇ ਸਵਾਲ ਆਜ ਭੀ ਮੁਂਹਬਾਏ ਹਮਾਰੇ ਸਾਮਨੇ ਖਡ਼ੇ ਹੈਂ । ਉਸਕੇ ਬਹਤੇ ਗਰਮ ਆਂਸੂ ,ਪਿੱਛੇ ਛੁੱਟ ਗਈ ਜਨਮ ਭੂਮੀ , ਮਾਰਕਾਟ ਲੂਟ ਖਸੋਟ , ਬਲਾਤ੍ਕਾਰ , ਔਰ ਯਹ ਹੈਰਾਨਗੀ -‘’ਅਸੀਂ ਸਾਰੇ ਇਓਂ ਹਰਾਨ… ਬਈ ਏਹ ਕਾਹਦੀ ‘ਜਾਦੀ ਆ… ਜਿਹਡ਼ੀ ਸਾਨੂੰ ਮੁਲਖ ਛੱਡ ਕੇ ਮਿਲਣੀ ਆ। ‘ਜਾਦੀ ਕਾਹਦੀ ਆਈ ਸੀ… ਪੁਤ੍ਤ… ਨਿਰੀ ਲੁੱਟ ਸੀ ਲੁੱਟ… ਸਾਨੂੰ ਇਓਂ ਤਾਂ ਪਤਾ ਨੀ ਸੀ ਬਈ ਜਾਣਾ ਕਿਤ੍ਥੇਥੇ ਆ? …ਘਰੋਂ ਬੇਘਰ ਕਰਤਾ ਸੀ ਏਸ ਖਸਮਾਂ ਖਾਣੀ ‘ਜਾਦੀ ਨੇ । ‘’ ਆਮ ਆਦਮੀ ਕੋ ਇਸ ਆਜ਼ਾਦੀ ਨੇ ਕ੍ਯਾ ਦਿਯਾ? ਜੋ ਦਿਯਾ ਵਹ ਕੇਵਲ ਸਨ੍ਤਾਪ ਹੈ ੤ ਗਰ੍ਮ-ਗਰ੍ਮ ਆਂਸੂ ਕਭੀ ਨ ਥਮਨੇ ਵਾਲੇ ! ਦਿਏ ਬਹੁਤ ਸਾਰੇ ਸਵਾਲ ਜਿਨਕਾ ਆਜ਼ਾਦੀ ਕੇ 65 ਸਾਲ ਹੋਨੇ ਕੋ ਆਏ , ਪਰ ਜਵਾਬ ਨਹੀਂ ਮਿਲਾ ਹੈ । ਘਰ ਉਜਾਕ਼੍ਡ਼ਕਰ ਕੌਨ-ਸੀ ਆਜ਼ਾਦੀ ਮਿਲਤੀ ਹੈ ।

  ਇਸ ਹ੃ਦਯ ਵਿਦਾਰਕ ਹਾਲਤਾ ਕੋ ਦੇਖਕਰ ਭਗਵਾਨ ਭੀ ਕਿਸੀ ਕਾਲਕੋਠਰੀ ਮੇਂ ਛਿਪਕਰ ਬੈਠ ਗਯਾ ਹੋਗਾ , ਵਹ ਭੀ ਕਿਸੀ ਕਾ ਦੁ:ਖ ਦੂਰ ਕਰਨੇ ਕੇ ਲਿਏ ਬਹੀਂ ਬਹੌਡ਼ਾ; ਇਸ ਦਰ੍ਦ ਕੋ ਦੇਖਿਏ

  -‘’ਧੀਆਂ – ਭੈਣਾਂ ਦੀ ਇਜ਼੍ਜ਼੍ਤ ਸਰੇਆਮ ਨੀਲਾਮ ਹੋਈ ਸੀ। ਗੱਡਿਆਂ ‘ਤੇ ਤੁਰੇ ਜਾਂਦਿਆਂ ਨੂਂ ਬੀ ਇਹੀ ਸਂਸਾ… ਬਈ ਪਤਾ ਨੀ ਕਿਧਰੋਂ ਹਮਲਾ ਹੋਜੂਗਾ… ਧੀਆਂ ਭੈਣਾਂ ਨੂਂ ਖੋਹ ਕੇ ਲੈ ਜਾਣਗੇ ਓਹ …ਤੇ ਕਈਆਂ ਨੇ ਤਾਂ ਢਿਡ਼ਡੋਂ ਜਂਮੀਆਂ ਦੀ ਇਜ੍ਜਤ ਬਚਾਉਣ ਲਈ… ਆਵਦੀਆਂ ਧੀਆਂ-ਭੈਣਾਂ ਨੂਂ ਆਵਦੇ ਹਤ੍ਥੀਂ ਆਪ ਕਿਰਪਾਨਾਂ ਨਾਲ਼ ਵਢ੍ਢਤਾ ਸੀ… ਕਈਆਂ ਨੇ ਆਵਦੀਆਂ ਜਿਓਂਦੀਆਂ ਕੁਡ਼ੀਆਂ ਨੂਂ ਨਹਿਰਾਂ ‘ਚ ਰੋਡ਼ਤਾ ਸੀ ਓਦੋਂ ਤਾਂ ਸਾਡਾ ਰਬ੍ਬ ਬੀ ਨੀ ਸੀ ਬੌਹਡ਼ਿਆ… ਓਹ ਬੀ ਪਤਾ ਨੀ ਡਰ ਕੇ ਕਿਹਡ਼ੀ ਕਾਲ-ਕੋਠਡ਼ੀ ‘ਚ ਲੁਕ੍ਕ ਕੇ ਜਾ ਬੈਠਾ ਸੀ”

  ਸਬਕੇ ਦੁਖੋਂ ਕਾ ਸਾਰ ਯਹ ਹੈ ਕਿ ਹਮਨੇ ਦੇਸ਼ ਕੇ ਟੁਕਡ਼ੇ ਤੋ ਕਰ ਦਿਏ, ਸਾਥ ਹੀ ਇਨ੍ਸਾਨਿਯਤ ਕੋ ਭੀ ਬੇਆਬਰੂ ਕਰ ਦਿਯਾ । ਜਨ ਸਾਮਨ੍ਯ ਕੀ ਪੀਡ਼ਾ ਨ ਪਹਲੇ ਸੁਨੀ ਜਾਤੀ ਥੀ , ਨ ਅਬ । ਇਸ ਵਿਭਾਜਨ ਕੀ ਜੋ ਭੇਂਟ ਚੱੜ ਗਏ ਉਨਕਾ ਮੁਕਦਮਾ ਦੁਨਿਯਾ ਕੀ ਕਿਸ ਅਦਾਲਤ ਮੇਂ ਲਡ਼ਾ ਜਾਏਗਾ ? ਕੌਨ-ਸਾ ਮਾਨਵਾਧਿਕਾਰ ਆਯੋਗ ਉਸਕਾ ਫ਼ੈਸਲਾ ਦੇਗਾ ? ਕੌਨ ਉਸਕਾ ਹਰ੍ਜ਼ਾਨਾ ਦੇਗਾ । ਉਸ ਪਰਨਾਨੀ ਕੇ ਆਂਸੂ , ਅਪਨਾ ਗਾਁਵ ਛੁਟ ਜਾਨੇ ਕਾ ਹੌਦਕਾ , ਕਿਤਨਾ ਰੁਲਾਤਾ ਹੋਗਾ ? ਬੇਕਸੂਰੋਂ ਕੀ ਲਾਸ਼ੋਂ ਕੇ ਊਪਰ ਸੇ ਚਲਕਰ ਆਈ ਆਜ਼ਾਦੀ , ਕਭੀ ਭੀ ਆਜ਼ਾਦੀ ਨਹੀਂ ਹੈ ।ਅਗਰ ਯਹ ਆਜ਼ਾਦੀ ਹੋਤੀ ਤੋ ਦੇਸ਼ ਕੋ ਲੂਟਨੇ ਵਾਲੇ ਇਨ ਭਾਰਤੀਯ ਕਾਲੇ ਅਂਗ੍ਰੇਜ਼ੋਂ ਕੋ ਫ਼ਾਂਸੀ ਦੇ ਦੀ ਗਈ ਹੋਤੀ । ਅਪਨੀ ਕੁਰਸੀਆਂ ਬਚਾਨੇ ਕੇ ਲਿਏ ਆਜ ਭੀ ਜਾਤਿ -ਧਰ੍ਮ, ਮਜ਼ਹਬ ਕਾ ਜ਼ਹਰ ਫੈਲਾਕਰ ਲੋਗੋਂ ਕੀ ਰੋਟੀ -ਰੋਜ਼ੀ , ਇੱਜ਼ਤ ਅਮਨ -ਚੈਨ ਹਲਾਕ਼ ਹੋ ਰਹੇ ਹੈਂ ।

  ਹਰਦੀਪ ਸੰਧੂ ਚਿਤ੍ਰਕਾਰੀ ਮੇਂ ਪਾਰਂਗਤ ਹੈ । ਯਹ ਸੰਸਮਰਣ ਕਲੇਜੇ ਪਰ ਹਾਥ ਰਖਕਰ ਪੜਾ। ਵਹ ਵਿਚਾਰਧਾਰਾ ਔਰ ਰਾਜਨੀਤਿ, ਜਿਸਨੇ ਮਜ਼ਹਬ ਕੇ ਨਾਮ ਪਰ ਦੇਸ਼ ਕਾ ਬਟਵਾਰਾ ਕਰਾਯਾ ਔਰ ਮਂਜੂਰ ਕਿਯਾ , ਭਾਰਤ ਔਰ ਪਡ਼ੋਸ ਸਭੀ ਕੋ ਸਦਾ ਅਭਿਸ਼ਪ੍ਤ ਕਰਤੀ ਰਹੇਗੀ । ਬਹਨ ਹਰਦੀਪ ਜੀ ਆਪਕੋ ਇਸ ਪ੍ਰਭਾਵੀ ਚਿਤ੍ਰਣ ਕੇ ਲਿਏ ਬਹੁਤ ਬਧਾਈ ! ਆਪਕੀ ਕ਼੍ਲਮ ਇਸੀ ਤਰਹ ਚਲਤੀ ਰਹੇ ।

 3. ਡਾ. ਹਰਦੀਪ ਨੇ ਪੜਨਾਨੀ ਦੀਆਂ ਯਾਦਾਂ ਆਪਣੀ ਜ਼ੁਬਾਨੀ ਸੁਣਾਉਂਦਿਆਂ ਬੜੇ ਭਾਵਪੂਰਤ ਸ਼ਬਦ ਚਿੱਤਰਣ ਰਹੀਂ ਪਿੰਡ ਸੀਤਲਾ ਦੇ ਓਦਰੇਵੇਂ ਨੂੰ ਬਿਆਨ ਕੀਤਾ ਹੈ। ਦੇਸ਼ ਦਾ ਬਟਵਾਰਾ ਕੋਈ ਛੋਟੀ ਘਟਨਾ ਨਹੀਂ ਸੀ। ਵੰਡ ਦੌਰਾਨ ਜੋ ਹੈਵਾਨੀਅਤ ਦੇ ਭਾਂਬੜ ਮੱਚੇ, ਅਸਹਿ ਸਨ। ਪਰ ਨਾਲ਼ ਆਪਣਾ ਵਤਨ ਤੇ ਭਰਿਆ-ਭਕੁੰਨੇ ਘਰ ਨੂੰ ਛੱਡ ਕੇ ਆਉਣ ਦਾ ਵਿਗੋਚਾ ਵੀ ਅਸਹਿ ਸੀ। ਆਖਰੀ ਸਤਰਾਂ ‘ਚ ਇਸ ਪੀੜਾ ਦਾ ਅਹਿਸਾਸ ਕੀਤਾ ਜਾ ਸਕਦਾ ਹੈ….
  “ਓਸਨੇ ਆਵਦੀ ਚੁੰਨੀ ਦੇ ਪੱਲੇ ਨਾਲ਼ ਅੱਖਾਂ ਪੂੰਝੀਆਂ ਤੇ ਨਾਲ਼ੇ ਆਵਦੀ ਐਨਕ ਨੂੰ …ਫੇਰ ਓਹ ਵੱਡੇ ਦਰਵਾਜ਼ੇ ਵੱਲ ਇਓਂ ਦੇਖਣ ਲੱਗੀ ਜਿਵੇਂ ਪੂੰਝੀ ਹੋਈ ਐਨਕ ਵਿੱਚੋਂ ਦੀ ਉਹਨੂੰ ਦਰਵਾਜੇ ਦੇ ਪਰਲੇ ਪਾਸੇ ਸੀਤਲਾ ਪਿੰਡ ਨੂੰ ਜਾਂਦਾ ਖਵਨੀ ਕੋਈ ਰਾਹ ਹੀ ਖੌਰੇ ਦਿੱਖ ਜਾਏ।”
  ਦੀਪੀ ! ਸਾਡੇ ਆਪਣੇ ਇਹਨਾਂ ਭਾਂਬੜਾ ਵਿੱਚੋਂ ਗੁਜ਼ਰੇ ਨੇ। ਇੱਕ ਦਰਦ ਸਾਡੇ ਹੱਡਾਂ ਵਿੱਚ ਬੈਠ ਗਿਆ ਹੈ। ਸਾਡੇ ਤੋਂ ਜ਼ਿਆਦਾ ਕੌਣ ਸਮਝ ਸਕਦਾ ਕਿ ਫਿਰਕੂਪੁਣਾ ਕਿੱਡੀ ਵੱਡੀ ਬੁਰਾਈ ਹੈ।

  ਤੇਰੀ ਭੈਣ
  ਦਵਿੰਦਰ

 4. “…ਪੁੱਤ ਸੰਨ ਸੰਤਾਲੀ ਦੇ ਓਹਨੀਂ ਦਿਨੀਂ ਰੌਲਾ ਪੈ ਗਿਆ ਬਈ ’ਜਾਦੀ ( ਆਜ਼ਾਦੀ) ਆ ਗੀ…’ਜਾਦੀ ਆ ਗੀ… ਹੁਣ ਸਾਨੂੰ ਮੁਲਖ ਛੱਡਣਾ ਪੈਣਾ । ਅਸੀਂ ਸਾਰੇ ਇਓਂ ਹਰਾਨ… ਬਈ ਏਹ ਕਾਹਦੀ ’ਜਾਦੀ ਆ… ਜਿਹੜੀ ਸਾਨੂੰ ਮੁਲਖ ਛੱਡ ਕੇ ਮਿਲਣੀ ਆ। ’ਜਾਦੀ ਕਾਹਦੀ ਆਈ ਸੀ… ਪੁੱਤ… ਨਿਰੀ ਲੁੱਟ ਸੀ ਲੁੱਟ… ਸਾਨੂੰ ਇਓਂ ਤਾਂ ਪਤਾ ਨੀ ਸੀ ਬਈ ਜਾਣਾ ਕਿੱਥੇ ਆ? …ਘਰੋਂ ਬੇਘਰ ਕਰਤਾ ਸੀ ਏਸਖਸਮਾਂ ਖਾਣੀ ’ਜਾਦੀ ਨੇ ”

  ਹਰਦੀਪ ਭੈਣ ,
  ਅੱਖਾਂ ਭਰ ਆਈਆਂ ਤੁਹਾਡਾ ਲਿਖਿਆ ਪੜ ਕੇ ..ਸਚਮੁਚ ਇਹ ਕੇਹੀ ਅਜਾਦੀ ਸੀ …ਇਨਸਾਨੀਅਤ ਦੇ ਇਸ ਘਾਣ ਬਾਰੇ ਅੱਜਕੱਲ ਦੇ ਬੱਚਿਆਂ ਨੂੰ ਪਤਾ ਹੀ ਨਹੀਂ ਹੈ …ਮੇਰਾ ਖਿਆਲ ਹੈ ਕਿ ਵੰਡ ਦੀ ਤਰਾਸਦੀ ਬਾਰੇ ਬੱਚਿਆਂ ਦੇ ਸਿਲੇਬਸ ਵਿੱਚ ਵੀ ਪਾਠ ਹੋਵੇ ਤਾਂ ਜੋ ਨਵੀਂ ਪੀੜੀ ਨੂੰ ਹੈਵਾਨੀਅਤ ਤੋਂ ਨਫਰਤ ਹੋ ਸਕੇ ….!!!!!!


ਟਿੱਪਣੀ ਕਰੋ ਜਾਂ ਕੁਝ ਪੁੱਛੋ

ਆਪਣੀ ਜਾਣਕਾਰੀ ਹੇਠਾਂ ਭਰੋ ਜਾਂ ਦਾਖਲੇ ਲਈ ਕਿਸੇ ਆਈਕਨ 'ਤੇ ਕਲਿੱਕ ਕਰੋ:

WordPress.com Logo

ਤੁਸੀਂ WordPress.com ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Twitter picture

ਤੁਸੀਂ Twitter ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Facebook photo

ਤੁਸੀਂ Facebook ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Google+ photo

ਤੁਸੀਂ Google+ ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Connecting to %s

ਸ਼੍ਰੇਣੀਆਂ

%d bloggers like this: