Posted by: ਡਾ. ਹਰਦੀਪ ਕੌਰ ਸੰਧੂ | ਸਤੰਬਰ 17, 2011

ਸੰਧਾਰਾ


   ਤੀਆਂ ਸੰਧਾਰਾ

  ਚੌਲ਼ਾਂ ਦੀਆਂ ਪਿੰਨੀਆਂ

  ਭੋਰ ਖਾਧੀਆਂ ।

ਸਾਡੇ ਤਿਉਹਾਰ ਭਾਈਚਾਰਕ ਸਾਂਝ ਦੇ ਪ੍ਰਤੀਕ ਨੇ। ਪੰਜਾਬ ਦੇ ਪਿੰਡ ਅਜੇ ਵੀ ਪੰਜਾਬੀ ਸੱਭਿਆਚਾਰ ਆਪਣੇ ਦਿਲ ‘ਚ ਸਾਂਭੀ ਬੈਠੇ ਹਨ। ਅਸਲ ਪੰਜਾਬ ਤਾਂ ਪਿੰਡਾਂ ਵਿੱਚ ਵੱਸਦਾ ਹੈ।  ਪੰਜਾਬ ਦੇ ਪਿੰਡਾਂ ਵਿੱਚ ਅਜੇ ਵੀ ਪੁਰਾਣੇ ਤਿਉਹਾਰਾਂ ਦੀ ਬਹੁਤ ਮਾਨਤਾ ਹੈ।

ਸਾਉਣ ਮਹੀਨੇ ਮਨਾਇਆ ਜਾਣ ਵਾਲਾ ਤੀਆਂ ਦਾ ਤਿਉਹਾਰ ਵੀ ਹੁਣ ਅਲੋਪ ਹੁੰਦਾ ਜਾ ਰਿਹਾ ਹੈ। ਇਹ ਤਿਉਹਾਰ ਚਾਨਣ ਪੱਖ ਦੀ ਤੀਜ ਨੂੰ ਸ਼ੁਰੂ ਹੁੰਦਾ ਹੈ ਤੇ ਪੂਰਨਮਾਸ਼ੀ ਨੂੰ ਸੰਪੂਰਨ ਹੋ ਜਾਂਦਾ ਹੈ।

“ਸਾਉਣ ਮਹੀਨੇ ਮੀਂਹ ਪਿਆ ਪੈਂਦਾ, ਪਿੱਪਲੀ ਪੀਘਾਂ ਪਾਈਆਂ
ਰਲ ਮਿਲ ਸਖੀਆਂ ਪੀਘਾਂ ਝੂਟਣ, ਨਣਦਾਂ ਤੇ ਭਰਜਾਈਆਂ”  

            ਤੀਆਂ ਦੇ ਦਿਨਾਂ ਵਿੱਚ ਨਵੀਆਂ ਵਿਆਹੀਆਂ ਕੁੜੀਆਂ -ਕਤਰੀਆਂ ਪੇਕੇ ਆ ਜਾਂਦੀਆਂ ਸਨ ਕਿਉਂਕਿ ਤੀਆਂ ਦਾ ਪਹਿਲਾ ਸੰਧਾਰਾ ਆਮ ਤੌਰ ‘ਤੇ ਹੀ ਸਹੁਰਿਆਂ ਵਲੋਂ ਦਿੱਤਾ ਜਾਂਦਾ ਸੀ। ਨਾਲ਼ੇ ਇਹ ਤਾਂ ਓਨ੍ਹਾਂ ਦਾ ਆਪਣੀਆਂ ਸਹੇਲੀਆਂ ਨੂੰ ਮਿਲਣ ਦਾ ਇੱਕ ਬਹਾਨਾ ਹੁੰਦਾ ਸੀ।

‘‘ਭਾਦੋਂ ਚੰਦਰੀ ਵਿਛੋੜੇ ਪਾਵੇ, ਸਾਉਣ ਵੀਰੇ ਕੱਠੀਆਂ ਕਰੇ’’

          ਨਿੰਮਾਂ ਤੇ ਪਿੱਪਲਾਂ ‘ਤੇ ਪੀਂਘਾਂ ਪਾਈਆਂ ਜਾਂਦੀਆਂ … ਗਿੱਧਾ ਪੈਂਦਾ, ਜਿਸ ਵਿੱਚ ਵਿਆਹੀਆਂ ਵੀ ਤੇ ਕੁਆਰੀਆਂ ਵੀ …. ਆਪਣੇ ਮਨਾਂ ਦੇ ਭਾਵ  ਬੋਲੀਆਂ ਜਾਂ ਗੀਤਾਂ ਵਿੱਚ ਇੱਕ ਦੂਜੀ ਨੂੰ ਸੁਣਾਉਂਦੀਆਂ ।

           ਆਮ ਤੌਰ ‘ਤੇ ਤੀਆਂ ਦੇ ਦਿਨਾਂ ਵਿੱਚ ਭਰਾ ਆਪਣੀਆਂ  ਭੈਣਾਂ ਨੂੰ ਸਹੁਰਿਓਂ ਲੈਣ ਜਾਂਦੇ। ਜੇ ਓਹ  ਕਿਸੇ ਮਜਬੂਰੀ ਵੱਸ ਨਾ ਲੈਣ ਨਾ ਜਾ ਸਕਦੇ ਸੱਸਾਂ ਮਿਹਣਾ ਮਾਰਦੀਆਂ

‘ਬਹੁਤਿਆਂ ਭਰਾਵਾਂ ਵਾਲੀਏ ਤੈਨੂੰ ਤੀਆਂ ਨੂੰ ਲੈਣ ਨਾ ਆਏ’

ਫਿਰ ਨੂੰਹ ਇਹ ਕਹਿ ਕੇ ਆਪਣੇ ਦਿਲ ਦੀ ਭੜਾਸ ਕੱਢਦੀ….

‘‘ਤੈਥੋਂ ਡਰਦੇ ਲੈਣ ਨਾ ਆਏ, ਸੱਸੀਏ ਵੜੇਵੇਂ ਅੱਖੀਏ”

ਭਰਾ ਦਾ ਰਾਹ ਤੱਕਦੀ ਭੈਣ ਦਿਲ ਹੀ ਦਿਲ ਕਹਿੰਦੀ…

“ਸੱਸ ਮਾਰਦੀ ਗਾਲੀ ਦੇ ਵਿਚ ਮਿਹਣੇ, ਤੀਆਂ ਨੂੰ ਨਾ ਆਇਆ ਵੀਰਨਾ”

ਤੇ ਦੂਰੋਂ ਆਉਂਦੇ ਭਰਾ ਨੂੰ ਦੇਖ ਕੇ ਖੁਸ਼ੀ ਮਨਾਉਂਦੀ….

‘ਉਹ ਵੀਰਾ ਮੇਰਾ ਕੁੜੀਓ ਹੱਥ ਛੱਤਰੀ ਨਹਿਰ ਦੀ ਪਟੜੀ’

ਤੀਆਂ ਦਾ ਸੰਧਾਰਾ :

ਭੈਣ ਦੇ ਸਹੁਰੇ ਆਇਆ ਭਰਾ ਤੀਆਂ ਦਾ ਸੰਧਾਰਾ ਲੈ ਕੇ ਆਉਂਦਾ, ਜਿਸ ਵਿੱਚ ਭੈਣ ਲਈ ਕੱਪੜੇ, ਗਹਿਣੇ ਤੇ ਸੱਸ, ਨਣਦ, ਦਰਾਣੀਆਂ- ਜਠਾਣੀਆਂ  ਲਈ ਸੂਟ ਹੁੰਦੇ। ਏਸ ਤੋਂ ਇਲਾਵਾ ਦੇਸੀ ਘਿਓ ਤੇ  ਲੱਡੂ ਹੁੰਦੇ।

ਪਹਿਲੇ ਸੰਧਾਰੇ ਵਿੱਚ ਭਾਵੇਂ ਉਹ ਸਹੁਰੇ ਦਿੰਦੇ  ਜਾਂ ਪੇਕੇ ਰੰਗੀਲੀ ਪੀਂਘ ਫੱਟੀ, ਮਹਿੰਦੀ ਤੇ ਚੂੜੀਆਂ ਵੀ ਜ਼ਰੂਰ ਹੁੰਦੀਆਂ। ਭੈਣ ਆਪਣੇ ਵੀਰ ਨੂੰ ਪੇਕੇ ਲੈ ਜਾਣ ਲਈ ਅਰਜ਼ੋਈ ਕਰਦੀ ਕਹਿੰਦੀ ਹੈ….

‘ਛੱਲੀਆਂ ਛੱਲੀਆਂ ਛੱਲੀਆਂ

ਵੀਰਾ ਮੈਨੂੰ ਲੈ ਚੱਲ ਵੇ

ਮੇਰੀਆਂ ਝੂਟਣ ਸਹੇਲੀਆਂ ‘ਕੱਲੀਆਂ

ਤੇ ਸੰਧਾਰਾ ਦੇਣ ਆਇਆ ਭਰਾ ਭੈਣ ਨੂੰ ਨਾਲ ਹੀ ਲੈ ਜਾਂਦਾ ਹੈ।

ਸਹੁਰਿਆਂ ਵਲੋਂ  ਵੀ ਪੇਕੇ ਗਈ ਨੂੰਹ ਨੂੰ ਸੰਧਾਰਾ ਦਿੱਤਾ ਜਾਂਦਾ। ਕੁੜੀ ਦੀਆਂ ਭੈਣਾਂ ਤੇ ਭਰਜਾਈਆਂ  ਲਈ  ਚੂੜੀਆਂ ਜ਼ਰੂਰ ਭੇਜੀਆਂ ਜਾਂਦੀਆਂ । 

ਸਾਰਿਆਂ ਨੂੰ ਨਵੀਂ ਵਿਆਹੀ ਕੁੜੀ ਦੇ ਸੰਧਾਰੇ ਦੀ  ਉਡੀਕ ਵੀ ਹੁੰਦੀ ਤੇ ਚਾਅ ਵੀ।  ਕੁੜੀ ਦਾ ਪਤੀ ਜਿਸ ਨੂੰ ਪਿੰਡਾਂ ਦੀ ਮਿੱਠੀ ਬੋਲੀ ‘ਚ ‘ਪ੍ਰਾਹੁਣਾ’ ਕਿਹਾ ਜਾਂਦਾ ਸੰਧਾਰਾ ਲੈ ਕੇ ਆਉਂਦਾ।  ਉਸ ਨਾਲ ਪਿੰਡ ਦਾ ਲਾਗੀ ਵੀ ਜ਼ਰੂਰ ਹੁੰਦਾ। ਆਢੋਂ -ਗੁਆਂਢੋਂ ਸਾਰੇ ਘਰਾਂ ਦੀਆਂ ਕੁੜੀਆਂ – ਬੁੜ੍ਹੀਆਂ ਸੰਧਾਰੇ ਵਿੱਚ ਆਇਆ ਸਮਾਨ ਦੇਖਣ ਆਉਂਦੀਆਂ। ਕਿੰਨਾ ਮੋਹ-ਪਿਆਰ ਤੇ ਕਿੰਨੀ ਅਪਣੱਤ  ਸੀ ਉਦੋਂ ਸਾਰਿਆਂ ਵਿੱਚ ।

ਪਿੰਡ ਦੀ ਲਾਗਣ ਸੰਧਾਰੇ ਵਿੱਚ ਆਏ ਲੱਡੂ ਸ਼ਰੀਕੇ ਵਿੱਚ ਵੰਡ ਕੇ ਆਉਂਦੀ । ਕਈ ਵਾਰ ਘਰਾਂ ਦੀਆਂ ਛੋਟੀਆਂ ਕੁੜੀਆਂ ਵੀ ਵੰਡਣ ਚੱਲੀਆਂ ਜਾਂਦੀਆਂ….ਲੱਡੂ ਵੱਡੀ ਸਾਰੀ ਪਰਾਂਤ ਵਿੱਚ ਪਾ ਕੇ ਉਤੋਂ ਕਢਾਈ ਕੀਤੇ ਰੁਮਾਲ ਨਾਲ ਢੱਕ ਕੇ ।

ਫੇਰ ਸਮਾਂ ਦੇ ਬਦਲਾਓ ਨਾਲ਼  ਲੱਡੂਆਂ ਦੀ ਥਾਂ ਦੇਸੀ ਘਿਓ ਦੇ ਬਿਸਕੁਟ ਘਰੋਂ ਪਕਵਾ ਕੇ ਦਿੱਤੇ ਜਾਣ ਲੱਗੇ । ਐਨੇ ਸੁਆਦ ਬਿਸਕੁਟ ਕਿ ਮੂੰਹੋਂ ਨਾ ਲਹਿੰਦੇ….ਚਾਹ ‘ਚ ਡੋਬ-ਡੋਬ ਕੇ ਖਾਣ ਦਾ ਆਪਣਾ ਹੀ ਸੁਆਦ ਹੁੰਦਾ ਓਨ੍ਹਾਂ ਬਿਸਕੁਟਾਂ ਦਾ….

…….ਤੇ ਹਾਂ ਸੱਚ ਜਿਥੋਂ ਗੱਲ ਸ਼ੁਰੂ ਕੀਤੀ ਸੀ…ਓਥੇ ਹੀ ਖਤਮ ਕਰਦੀ ਹਾਂ…..ਕਈ ਵਾਰ ਸੰਧਾਰੇ ‘ਚ ਚੌਲਾਂ ਦੀਆਂ ਪਿੰਨੀਆਂ ਵੀ ਹੁੰਦੀਆਂ ।

ਡਾ. ਹਰਦੀਪ ਕੌਰ ਸੰਧੂ ( ਬਰਨਾਲ਼ਾ)

ਇਸ਼ਤਿਹਾਰ

Responses

 1. ਭੈਣ ਜੀ ਇਕ ਵਾਧਾ ਹੋਰ ਕਰ ਦਿਆਂ………..
  ਜਦੋਂ ਵੀਰ ਭੈਣ ਘਰ ਸੰਧਾਰਾ ਲੈ ਕੇ ਪੁਜਦਾ ਹੈ ਤਾਂ ਭੈਣ ਦੀ ਖੁਸੀ ਦੇਖਣ ਵਾਲੀ ਹੈ………….
  ਮੇਰੀ ਅਮੜੀ ਦਾ ਜਾਇਆ
  ਨੀ ਸੰਧਾਰਾ ਲੈ ਕੇ ਆਇਆ
  ਉਹਦੇ ਨਾਮ ਦੀ ਸਰਹੁਤਾ ਸੁਣਦੀ ਮੈ ,
  ਜਿਥਰੋ ਦੀ ਲੰਘਾ ਵੀਰਨਾਂ
  ਤੇਰਾ ਸੋਨੇ ਦੀ ਜ਼ੰਜੀਰੀ ਵਾਲਾ ਕੁੜਤਾ
  ਮੈ ਕਿਹੜੀ ਕਿਲੀ ਟੰਗਾਂ ਵੀਰਨਾਂ ?

 2. ਗੁਰਸੇਵਕ ਸਿੰਘ ਜੀ,
  ਬਹੁਤ-ਬਹੁਤ ਧੰਨਵਾਦ ….ਏਸ ਸੋਹਣੇ ਵਾਧੇ ਲਈ !

  ਗੱਲਾਂ ਤਾਂ ਹੋਰ ਵੀ ਸਨ….ਲਿਖਣ ਵਾਲ਼ੀਆਂ….
  ਜਦੋਂ ਵੀਰ ਸਹੁਰੇ ਪਹੁੰਚਦਾ ਹੈ….ਸੱਸ ਵਲੋਂ ਓਸ ਦਾ ਭਰਵਾਂ ਸੁਆਗਤ ਨਹੀਂ ਹੁੰਦਾ….ਭੈਣ ਨੂੰ ਇਹੀ ਗਿਲਾ ਹੁੰਦਾ ਹੈ….
  ਜਦੋਂ ਵੀ ਸੱਸ ਦੇ ਰਿਸ਼ਤੇਦਾਰਾਂ ਵਿਚੋਂ ਕੋਈ ਆਉਂਦਾ ਹੈ ਤਾਂ ਸੱਸ ਉਸਦੀ ਚੰਗੀ ਸੇਵਾ ਕਰਦੀ ਹੈ ਪਰ ਜਦੋਂ ਕੋਈ ਓਸ ਦੇ (ਨੂੰਹ ਦੇ) ਪੇਕਿਆਂ ਤੋਂ ਆਉਂਦਾ ਹੈ ਤਾਂ ਸੱਸ ਉਸ ਨੂੰ ਖਿੜੇ ਮੱਥੇ ਪ੍ਰਵਾਨ ਕਰਨ ਦੀ ਬਜਾਏ ਮੂੰਹ ਫੁਲਾ ਲੈਂਦੀ ਹੈ।
  ‘‘ਮੇਰੀ ਸੱਸ ਦਾ ਭਤੀਜਾ ਆਇਆ, ਖੰਡ ਦੀਆਂ ਆਉਣ ਬੋਰੀਆਂ।’’

  ਤੇ ਜਦੋਂ ਨੂੰਹ ਦੇ ਭਰਾ ਨੇ ਆਉਣਾ ਹੁੰਦਾ ਹੈ ਤਾਂ ਸੱਸ ਨੂੰ ਪਤਾ ਨੀ ਕੀ ਸੱਪ ਸੁੰਘ ਜਾਂਦਾ ਹੈ… ਫਿਰ ਇਸ ਵੇਲੇ ਦੇਸੀ ਘਿਉ ਦਾ ਤਾਂ ਨਾ ਹੀ ਨਹੀਂ ਲਿਆ ਜਾ ਸਕਦਾ। ਭੈਣ ਆਵਦਾ ਦਿਲ਼ ਹੌਲ਼ਾ ਕਰਦੀ ਹੈ…..

  ‘‘ਮੇਰੇ ਵੀਰ ਨੂੰ ਸੁੱਕੀ ਖੰਡ ਪਾਈ, ਨੀ ਸੱਸੇ ਤੇਰੀ ਮੈਂਹ ਮਰਜੇ।’’

 3. ਕਮਾਲ ਹੈ ਹਰਦੀਪ ਜੀ …!

 4. bahut sohna likhia tusin tiaan te te saon mehine te. yaad karva ditte biscuit sachmuch asin chaah vich dob ke khande hunde si…te pinnian vee kinna udeekde rehine si asin…mausma dian gallan ne dil nu dhoo panda hai ih sara kujh…west vich ajeha kujh ve nahin…thanks for sharing…

 5. ਤੀਆਂ ਦਾ ਸੰਧਾਰਾ पढ़कर अतीत में खो गया । उत्तर प्रदेश में भी सिन्धारा का रिवाज़ है । साथ में जो भाजी ( मठरी , सुहाली , मिठाई आदि) जाती है , वह मुहल्ले भर में बाँटी जाती है । हरदीप जी ने अपने आलेख को लोक साहित्य में पिरोकर इसे जीवन्त कर दिया है । बहुत बधाई !

 6. ਇਹਨਾ ਦੇਸ਼ ਨੂੰ ਯਾਦ ਕਰੋ ਗੇ , ਇਹਥੇ ਸਾਰਾ ਪੰਜਾਬ ਛਿੱਕਾਂ ਮਾਰਦਾ ਰਹੇ ਗਾ , ਤਸੀਂ ਵੀ ਉਹਥੇ ਬਸ ਇਧਰ ਦੇਖਦੇ ਰਹੋ ਗੇ . . God bless you..

 7. ਬੜਾ ਚਿਰ ਹੋ ਗਿਆ ਪਿੰਨੀਆਂ ਖਾਧਿਆਂ–ਫੋਟੋ ਦੇਖ ਮੂੰਹ ਵਿਚ ਪਾਣੀ ਆ ਗਿਆ

 8. ਹਦ ਹੋ ਗਈ..ਬਲਜੀਤਪਾਲ ਜੀ….ਪਿੰਨੀਆਂ ਦੇ ਵਿੱਚ ਰਹਿੰਦਿਆਂ ਵੀ ਪਿੰਨੀਆਂ ਨਹੀਂ ਖਾਧੀਆਂ ….
  ਅਸੀਂ ਏਥੇ ਵਿਦੇਸ਼ਾਂ ਵਿੱਚ ਵੀ ਹਰ 15-20ਹੀਂ ਦਿਨੀ ਬਣਾਈ ਰੱਖਦੇ ਹਾਂ….ਸੋਚਿਆ ਸੀ ਕਿ ਤੁਹਾਡੇ ਕੋਲ਼ ਆਕੇ ਬਾਕੀ ਰਹਿੰਦੀ ਕਸਰ ਵੀ ਪੂਰੀ ਕਰ ਲਵਾਂਗੇ…..
  ਖੈਰ…ਪੰਜਾਬੀ ਵਿਹੜੇ ਆਉਣ ਲਈ ਧੰਨਵਾਦ !

  ਹਰਦੀਪ

 9. तीज के बहाने चावलों की पिन्नी दिखा कर आपने अच्छा नहीं किया. आज इसे कहीं खोजने जाना पड़ेगा :)) बहुत ही सुंदर वर्णन किया है आपने गाँव की संस्कृति का. जितनी प्रशंसा की जाए उतनी कम है. कई बातों को तो संस्कृति के रिकार्ड की तरह रखा जा सकता है.

 10. ਸਤਿਕਾਰ ਯੋਗ ਹਰਦੀਪ ਸੰਧੂ ਜੀ,
  ਸਤਿ ਸ੍ਰੀ ਅਕਾਲ
  ਪੰਜਾਬੀ ਸਭਿਆਚਾਰ ਦੇ ਅਨਿਖੜਵੇਂ ਅੰਗ ‘ ਤੀਆਂ ‘ ਬਾਰੇ ਬਹੁਤ ਹੀ ਸੁੱਚਜੇ ਢੰਗ ਨਾਲ ਜਾਣਕਾਰੀ ਦੇਣ ਅਤੇ ਚੌਲਾਂ ਦੀਆਂ ‘ ਪਿੰਨੀਆਂ ‘ ਦੇ ਦਰਸ਼ਨ ਕਰਵਾ ਕੇ ਪਾਠਕਾਂ , ਖਾਸ ਤੌਰ ‘ਤੇ ਵਿਦੇਸ਼ਾਂ ‘ਚ ਵਸੇ ਪੰਜਾਬੀਆਂ ਸਮੇਤ ਹੋਰਨਾ ਸੂਬਿਆਂ ਦੇ ਬਸ਼ਿੰਦਿਆਂ ਦੇ ਮੁੰਹ ਚ ਪਾਣੀ ਲਿਆਉਣ ਲਈ ਸ਼ੁਕਰੀਆ ! ਸ਼ਾਲਾ ਇਸੇ ਤਰ੍ਹਾਂ ਹੀ ਆਪਣੀ ਲੇਖਣੀ ਦਾ ਕਮਾਲ ਦਿਖਾਉਂਦੇ ਰਵੋ !

 11. ਡਾਕਟਰ ਹਰਦੀਪ ਸੰਧੂ ਜੀ ,ਸਤ ਸਿਰੀ ਅਕਾਲ …
  ਮੇਰੇ ਬਲੋਗ ਤੇ ਵਿਜ਼ਿਟ ਕਰਨ ਲਈ ਆਪ ਜੀ ਦਾ ਬਹੁਤ ਬਹੁਤ ਸ਼ੁਕਰੀਆ ਤੇ ਜੀ ਆਇਆਂ ਨੂੰ ……………………..
  ਇਹ ਮੇਰੀ ਨਲਾਇਕੀ ਹੀ ਹੈ ਕਿ ਤੁਸੀਂ ਮੇਰੇ ਬਲੋਗ ਤੇ ਵਿਜ਼ਿਟ ਕਰ ਆਏ ਤੇ ਮੈ ਤੁਹਾਡਾ ਸ਼ੁਕਰੀਆ ਤੇ ਜੀ ਆਇਆਂ ਨੂੰ ਹੁਣ ਹਫਤੇ ਬਾਅਦ ਕਰ ਰਿਹਾ ਹਾਂ ,ਬੇਨਤੀ ਹੈ ਕਿ ਕਬੂਲ ਕਰਿਓ …………………
  ਮੈ ਖੁਸ਼ ਕਿਸਮਤ ਹਾਂ ਕਿ ਮੈਨੂੰ ਪੰਜਾਬੀ ਵੇਹੜੇ ਆਉਣ ਦਾ ਮੌਕਾ ਮਿਲਿਆ …ਆਪ ਦੀਆਂ ਰਚਨਾਵਾਂ ਪੜ ਕੇ ਬੇ ਹਦ ਦਿਲੀ ਖੁਸ਼ੀ ਮਹਸੂਸ ਹੋਈ …….ਹਰ ਰਚਨਾ ਪੰਜਾਬੀਅਤ ਦੇ ਰੰਗ ਵਿਚ ਰੰਗੀ ਹੋਈ ਹੈ ..ਬਲੋਗ ਦਾ ਫੇਰਾ ਲਗਾਉਣ ਸਮੇ ਇੰਜ੍ਗ ਹੀ ਮਹਸੂਸ ਹੋਇਆ ਜਿਵੇਂ ਮੈ ਆਪਨੇ ਉਹੀ ਪੁਰਾਣੇ ਰੰਗਲੇ ਪੰਜਾਬ ਵਿਚ ਵਿਚਰ ਰਿਹਾ ਹੋਵਾਂ …..ਭੈਣ ਜੀ ,ਤੁਹਾਨੂੰ ਪੰਜਾਬੀਅਤ ਦੇ ਇੰਨਾ ਨੇੜੇ ਵੇਖ ਕੇ ਦਿਲ ਗਦ ਗਦ ਹੋ ਉਠਿਆ ਹੈ –
  ਹਾਂ ਸਚ੍ਚ ,ਚੌਲਾਂ ਦੀਆਂ ਪਿਨੀਆਂ ਮੈਨੂੰ ਵੀ ਬੇਹੱਦ ਪਸੰਦ ਹਨ ..ਮੇਰੇ ਨਾਨੀ ਜੀ ਲੈ ਕੇ ਆਉਂਦੇ ਹੁੰਦੇ ਸਨ

  ਹਰਵਿੰਦਰ ਧਾਲੀਵਾਲ
  ਬਿਲਾਸਪੁਰ (ਮੋਗਾ )

 12. bhan g..asin sandhara kithey lijaiey…. sadi tan bhain hi sade naal thagi maar gai….
  balwinder singh dhaliwal
  bramusiccollegedhaliwal@yahoo.com


ਟਿੱਪਣੀ ਕਰੋ ਜਾਂ ਕੁਝ ਪੁੱਛੋ

ਆਪਣੀ ਜਾਣਕਾਰੀ ਹੇਠਾਂ ਭਰੋ ਜਾਂ ਦਾਖਲੇ ਲਈ ਕਿਸੇ ਆਈਕਨ 'ਤੇ ਕਲਿੱਕ ਕਰੋ:

WordPress.com Logo

ਤੁਸੀਂ WordPress.com ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Twitter picture

ਤੁਸੀਂ Twitter ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Facebook photo

ਤੁਸੀਂ Facebook ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Google+ photo

ਤੁਸੀਂ Google+ ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Connecting to %s

ਸ਼੍ਰੇਣੀਆਂ

%d bloggers like this: