Posted by: ਡਾ. ਹਰਦੀਪ ਕੌਰ ਸੰਧੂ | ਅਪ੍ਰੈਲ 2, 2011

ਲਿਖਤਮ ਬੇਬੇ ਧੰਨ ਕੁਰ


ਸਿਆਲ਼ਾਂ ਦੇ ਚੜ੍ਹਦੇ ਸੂਰਜ ਦੀ ਪਾਲ਼ੇ ਨਾਲ਼ ਸੁੰਗੜੀ ਧੁੱਪ ਠੁਰ-ਠੁਰ ਕਰਦੀ ਬਨ੍ਹੇਰਿਆਂ ‘ਤੇ ਆ ਬੈਠੀ ਸੀ । ਜੀਤੀ ਦੀ ਵੱਡੀ ਬੇਬੇ ਧੰਨ ਕੁਰ ਠਾਰੀ ਭੰਨਣ ਲਈ ਓਟੇ ਦੇ ਓਹਲੇ ਘਰ ਦੇ ਚੜ੍ਹਦੇ ਪਾਸੇ ਵੱਲ ਭਨੂੰਗੜੀ ‘ਤੇ ਟੋਟੇ ਦੀ ਬੁੱਕਲ਼ ਮਾਰੀ ਬੈਠੀ ਸੀ । ਹਾਜ਼ਰੀ ਵੇਲ਼ੇ ਦੀ ਖਾ ਕੇ ਥਾਲ਼ੀ ਨੂੰ ਮੰਜੀ ਹੇਠ ਸਰਕਾਉਂਦਿਆਂ ਉਸ ਨੇ ਕੋਲ਼ ਬੈਠੀ ਜੀਤੀ ਨੂੰ ਹੱਥ ਨਾਲ਼ ਇਸ਼ਾਰਾ ਕਰਦਿਆਂ ਕਿਹਾ, ” ਕੁੜੇ ਪੁੱਤ ਜੀਤੀ, ਭੋਰਾ ਗੁੜ ਦੀ ਰੋੜੀ ਤਾਂ ਲਿਆ ਕੇ ਫੜਾਈਂ । ਐਂ ਕਰੀਂ …..ਨਾਲ਼ੇ ਆਉਂਦੀ ਵੀ ਸੂਤ ਬਾਲ਼ਾ ਬੋਹੀਆ ਚੱਕੀਂ ਆਈਂ ।” ਬੇਬੇ ਸੂਤ ਅਟੇਰਨ ਲੱਗੀ ਤੇ ਜੀਤੀ ਆਵਦਾ ਸਕੂਲੋਂ ਮਿਲ਼ਿਆ ਛੁੱਟੀਆਂ ਦਾ ਕੰਮ ਮੁਕਾਉਣ  ‘ਚ ਰੁੱਝ ਗਈ।

ਬੇਬੇ ਧੰਨ ਕੁਰ ਬੜੀ ਹੀ ਸਚਿਆਰੀ ਤੇ ਕਾਮੀ ਬੁੜੀ ਸੀ। ਹਰ ਵੇਲ਼ੇ ਕੋਈ ਨਾ ਕੋਈ ਕੰਮ ਵਿੱਢੀ ਹੀ ਰੱਖਦੀ। ਰੂੰ ਪਿੰਜਵਾਉਂਦੀ, ਪੂਣੀਆਂ ਵੱਟਦੀ,ਕੱਤਦੀ-ਅਟੇਰਦੀ, ਦਰੀਆਂ-ਖੇਸਾਂ ਲਈ ਸੂਤ ਦੋਹਰਾ-ਚੌਹਰਾ ਕਰਦੀ ਜਾਂ ਫਿਰ ਬੰਬਲ਼ ਵੱਟਦੀ। ਕਿਸੇ ਨੇ ਨਵਾਂ ਚੁੱਲਾ-ਹਾਰਾ ਪੱਥਣਾ ਹੁੰਦਾ ਜਾਂ ਟਾਂਡਾਂ ਬਣਾਉਣੀਆਂ ਹੁੰਦੀਆਂ ….ਬੇਬੇ ਧੰਨ ਕੁਰ ਦੀ ਸਲਾਹ ਜ਼ਰੂਰ ਲਈ ਜਾਂਦੀ। ’47 ਦੇ ਹੱਲਿਆਂ ਤੋਂ ਪਹਿਲਾਂ ਬੇਬੇ ਦਾ ਪਰਿਵਾਰ ‘ਬਾਰ ਦੇ ਇਲਾਕੇ ( ਲਾਇਲਪੁਰ- ਹੁਣ ਪਾਕਿਸਤਾਨ’ਚ ) ਵਿੱਚ ਸੀ । ਬੇਬੇ ਅਕਸਰ ਅਤੀਤ ‘ਚ ਗੁਆਚੀ ਜੀਤੀ ਨੂੰ ਬਾਰ ਦੀਆਂ ਗੱਲਾਂ ਸੁਣਾਉਂਦੀ ।

ਪੜ੍ਹਾਈ ਕਰਦੀ ਜੀਤੀ ਦਾ ਧਿਆਨ ਵਾਰ-ਵਾਰ ਸੂਤ ਅਟੇਰਦੀ ਬੇਬੇ ਵੱਲ ਚੱਲਿਆ ਜਾਂਦਾ । ਜੀਤੀ ਦਾ ਖਿਆਲ ਸੀ ਕਿ ਬੇਬੇ ਅੱਜ ਫੇਰ ਕੋਈ ਹੱਡ-ਬੀਤੀ ਸੁਣਾਊ। ਪਰ ਗੱਲਾਂ ‘ਚੋਂ ਗੱਲਾਂ ਕੱਢਣ ਵਾਲੀ ਬੇਬੇ ਨੂੰ ਆਵਦੀ ਆਦਤ ਤੋਂ ਉਲਟ ਅੱਜ ਕੁਝ ਜ਼ਿਆਦਾ ਹੀ ਚੁੱਪ ਬੈਠੀ ਵੇਖ ਕੇ ਜੀਤੀ ਤੋਂ ਰਿਹਾ ਨਹੀਂ ਗਿਆ, ” ਬੇਬੇ ਤੂੰ ਤਾਂ ਚੁੱਪ ਕਰਾਇਆਂ ਚੁੱਪ ਨੀ ਸੀ ਹੁੰਦੀ, ਅੱਜ ਤੈਨੂੰ ਕੀ ਹੋ ਗਿਆ? ” ” ਪੁੱਤਂ ਹੁਣ ਤਾਂ ‘ਗਾਹਾਂ ਨੂੰ ਜਾਣ ਦੀਆਂ ਤਿਆਰੀਆਂ ਨੇ। ਨਾ ਚੰਗੂ ਦੀਂਹਦਾ ਤੇ ਨਾ ਚੰਗੂ ਤੁਰਿਆ ਜਾਂਦਾ । ਗਿੱਟੇ-ਗੋਡੇ ਜਮਾਂ ਹੀ ਖੜ੍ਹਗੇ ਹੁਣ ਤਾਂ।” ਬੇਬੇ ਨੇ ਉੱਲਝਦੇ ਜਾਂਦੇ ਸੂਤ ਦੇ ਗਲੋਟਿਆਂ ਨੂੰ ਠੀਕ ਕਰਦੇ ਹੋਏ ਕਿਹਾ।  “ਲੈ ਬੇਬੇ ਐਂ ਕਿਓਂ ਕਹਿਨੀ ਐਂ…. ਅਜੇ ਤਾਂ ਮੈਂ ਤੈਥੋਂ ਬੌਤ ਕੁਛ ਸਿੱਖਣਾ ” ਜੀਤੀ ਨੇ ਬੇਬੇ ਦੀ ਨਿਰਾਸ਼ਤਾ ਤੋੜਨ ਲਈ ਕਿਹਾ। ਇੰਨੀ ਗੱਲ ਸੁਣਦਿਆਂ ਹੀ ਬੇਬੇ ਆਵਦੇ ਰੌਂਅ ‘ਚ ਆ ਗਈ, ”ਪੁੱਤ ਤੂੰ ਭੋਰਾ ਸੰਸਾ ਨਾ ਮੰਨ, ਐਡੀ ਛੇਤੀ ਨੀ ਮੈਂ ਕਿਧਰੇ ਜਾਂਦੀ। ਤੂੰ ਐਂ ਕਰ ਆਵਦੇ ਝੋਲ਼ੇ ‘ਚੋਂ ਕਾਗਤ-ਪਿਲ਼ਸਨ ਕੱਢ।”

“ਕਾਗਜ਼ -ਪੈਨਸਿਲ ਕਾਹਦੇ ਲਈ ?” ਜੀਤੀ ਨੇ ਬੇਬੇ ਦਾ ਆਖਰੀ ਵਾਕ ਦੋਹਰਾਉਂਦੇ ਹੋਏ ਪੁੱਛਿਆ। ” ਤੈਥੋਂ ਚਿੱਠੀ ਲਖਆਉਣੀ ਆ, ਸਾਂਝਾ ਖਤ, ਤੇਰੇ ਬਰਗੀਆਂ ਕੁੜੀਆਂ-ਕੱਤਰੀਆਂ ਦੇ ਨਓਂ।” ਓਸ ਤੋਂ ਮਗਰੋਂ ਬੇਬੇ ਪਤਾ ਨਹੀਂ ਕਿੰਨਾ ਚਿਰ ਬਿਨਾਂ ਸਾਹ ਲਿਆਂ ਬੋਲੀ ਗਈ ਤੇ ਜੀਤੀ ਬੇਬੇ ਦੇ ਡੂੰਘੇ ਵਿਚਾਰਾਂ ਨੂੰ ਕਾਗਜ਼ ਦੇ ਨਾਲ਼-ਨਾਲ਼ ਆਵਦੀ ਮਨ ਦੀ ਤਖ਼ਤੀ ‘ਤੇ ਵੀ ਉਕਰਦੀ ਗਈ।

ਅੰਤਾਂ ਪਿਆਰੀਓ ਧੀਓ,

ਜਿਓਦੀਆਂ -ਵਸਦੀਆਂ ਰਓ !

ਹਰਾਨੀ ਤਾਂ ਥੋਨੂੰ ਬੌਤ ਹੋਊ ਬਈ ਕਿਹੜਾ ਅਜੇ ਬੀ ਗਏ-ਗੁਜਰੇ ਜਮਾਨੇ ਦੀਆਂ ਬਾਤਾਂ ਪਾਈ ਜਾਂਦੈ। ਥੋਡੇ ਕੰਪੂਟਰਾਂ ਦੇ ਜਮਾਨੇ ‘ਚ ਬੀ ਚਿੱਠੀਆਂ ਪਾਈ ਜਾਂਦੈ ।ਪੁੱਤ ਥੋਡਾ ਕੋਈ ਆਵਦਾ ਈ ਇਹ ਹੱਕ ਜਤਾ ਸਕਦੈ। ਥੋਡੇ ਨਾਲ਼ ਗੱਲਾਂ ਕਰਨ ਨੂੰ ਤਾਂ ਮੈਂ ਕਦੋਂ ਦੀ ਤਕਾਉਂਦੀ ਸਾਂ, ਪਰ ਬਿੰਦ-ਝੱਟ ਕਰਦੀ ਨੂੰ ਆ ਵੇਲ਼ਾ ਆ ਗਿਆ। ਚਿੱਠੀ -ਪੱਤਰੀ ਤਾਂ ਪੁੱਤ ਥੋਡੇ ਆ ਚੰਦਰੇ ਫੂਨਾਂ -ਕੰਪੂਟਰਾਂ ਨੇ ਖਾ ਲੀ।

ਮੈਂ ਸਦਕੇ ਜਾਮਾਂ ਪੁੱਤ….. ਤਰੱਕੀ ਤਾਂ ਤੁਸੀਂ  ਹੁਣ ਬੌਤ ਕਰਲੀ । ਬੌਤ ਪੜ੍ਹ-ਲਿਖ ਗਈਓਂ । ਬੌਤਾ ਪੜ੍ਹ ਕੇ ਲੱਗਦੈ ਥੋਡਾ ਡਮਾਕ ਚੱਕਿਆ ਗਿਐ । ਡੁੱਬੜੀਆਂ ਨੂੰ ਨਾ ਕੋਈ ਫਿਕਰ ਨਾ ਫਾਕਾ। ਨਾ ਕੋਈ ਚੜ੍ਹੀ ਦੀ ਨਾ ਲੱਥੀ ਦੀ । ਕਿੰਨੀਆਂ ਅਲਗਰਜ ਹੋ ਗਈਓਂ ਨੀ ਤੁਸੀਂ । ਆਵਦੇ ਮਾਂ-ਪਿਓ ਨੂੰ ਬੋਲਣ ਲੱਗੀਆਂ ਅੱਗਾ-ਪਿੱਛਾ ਨੀ ਵੇਂਹਦੀਆਂ ।ਚੰਗੇ-ਚੰਗੇ ਘਰਾਂ ਦੀਆਂ ਧੀਆਂ ਐਂ ਲਪਰ-ਲਪਰ ਬੋਲਦੀਆਂ ਨੇ ਆਵਦੀਆਂ ਮਾਵਾਂ ਨੂੰ , ” ਅਖੇ ਗੋਲ਼ – ਰੋਟੀ ਪਕਾਉਣ ਦੀਆਂ ਨਸੀਹਤਾਂ ਸਾਨੂੰ ਹੀ ਕਿਓਂ ਦਿੰਨੇ ਓਂ , ਮੁੰਡੇ ਕਿਓਂ ਨੀ ਸਿੱਖਦੇ ? ” ਚੁੱਲ੍ਹਾ-ਚੌਕਾ ਤਾਂ ਹੁਣ ਰਿਹਾ ਨੀ ਜਿਹੜਾ ਬਈ ਏਨਾ ਨੇ ਲਿੱਪਣਾ ਆ, ਰੋਟੀ-ਟੁੱਕ ਕਰਦੀਆਂ ਦੀ ਡੁੱਬੜੀਓ ਥੋਡੀ ਜਾਨ ਨਿਕਲਦੀ ਆ।

ਬੀਰ, ਰੱਬ ਝੂਠ ਨਾ ਬਲਾਵੇ….ਸਾਡੇ ਵੇਲ਼ਿਆਂ ‘ਚ ਕੁੜੀਆਂ ਬੌਤਾ ਨੀ ਸੀ ਪੜ੍ਹਦੀਆਂ। ਬੱਸ ਚਿੱਠੀ-ਚਪਾਠੀ ਲਿਖਣ ਜੋਗਾ ਈ ਜਾਣਦੀਆਂ ਸੀ। ਮੂੰਹ -ਨ੍ਹੇਰੇ ਉੱਠ ਮਾਲ- ਡੰਗਰ ਸਾਂਭਦੀਆਂ…ਧਾਰਾਂ ਕੱਢ…ਦੁੱਧ ਰਿੜਕਦੀਆਂ… ਰੋਟੀ-ਟੁੱਕ ਨਬੇੜ ਖੇਤ ਨੂੰ ਰੋਟੀ ਲੈ ਕੇ ਜਾਂਦੀਆਂ। ਵਿਹਲੇ ਵੇਲ਼ੇ ਚੁੱਲ੍ਹਾ-ਚੌਂਕਾ ਲਿੱਪਦੀਆਂ-ਸੁਆਰਦੀਆਂ। ਬਹੁਤੀਆਂ ਸਚਿਆਰੀਆਂ ਪਰੋਲ਼ਾ ਫੇਰ ਲੈਂਦੀਆਂ…ਕੰਧੋਲ਼ੀ -ਓਟਿਆਂ ‘ਤੇ ਫੁੱਲ-ਬੂਟੇ ਤੇ ਤੋਤੇ ਮੋਰਨੀਆਂ ਛਾਪਦੀਆਂ। ਕੱਢਣਾ-ਕੱਤਣਾ ਹਰ ਕੁੜੀ -ਕੱਤਰੀ ਦਾ ਸ਼ੌਕ ਹੁੰਦਾ। ਦਰੀਆਂ-ਖੇਸ ਬੁਣਦੀਆਂ…ਚਾਦਰਾਂ-ਸਰਾਣੇ ਤੇ ਬਾਗ-ਫੁਲਕਾਰੀਆਂ ਕੱਢਦੀਆਂ। ਪੱਖੀਆਂ-ਬੋਹੀਏ…ਮੰਜੇ-ਪੀੜ੍ਹੀਆਂ ਬੁਣਦੀਆਂ। ਫੇਰ ਪਿੰਡਾਂ ‘ਚ ਜਦੋਂ ਸਿਲਾਈ ਮਸ਼ੀਨਾਂ ਆਗੀਆਂ…ਕੱਪੜੇ ਸਿਊਣਾ ਸਿੱਖੀਆਂ। ਕੋਟੀਆਂ-ਸਵਾਟਰ ਬੁਣਨ ਲੱਗਪੀਆਂ। ਕੁੜੇ ਨੌਂ ਨੀ ਔਂਦਾ..ਓਹ ਗਿੱਠ ਕ ਜਿਹੀ ਸਲ਼ਾਈ ਦਾ….ਆਹੋ ਸੱਚ….ਕਰੋਸ਼ੀਆ …’ਤੇ ਭਾਂਤ-ਸਭਾਂਤੇ ਨਮੂਨੇ ਲਾਹੁਣ ਲੱਗਪੀਆਂ।

ਪੁੱਤ ਜਮਾਨਾ ਬਦਲ ਗਿਆ..ਮੈਂ ਕਦੋਂ ਮੁੱਕਰਦੀਆਂ। ਕੁੜੇ ਜੈ-ਖਾਣੇ ਦੀ ਕੁਦਰਤ ਤਾਂ ਨੀ ਬਦਲੀ। ਕਈ ਕੰਮ ਕੁਦਰਤੋਂ ਈ ਕੁੜੀਆਂ ਨੂੰ ਸੋਭਦੇ ਆ।ਜੇ ਕੁਦਰਤ ਆਵਦਾ ਨੇਮ ਨੀ ਤੋੜਦੀ ਤਾਂ ਮਾਤੜਾਂ-ਧਮਾਤੜਾਂ ਨੇ ਤੋੜਕੇ ਤਾਂ ਔਖੇ ਹੀ ਹੋਣਾ ਆ। ਨਿਆਣੇ ਤਾਂ ਤੀਮੀਆਂ ਈ ਜੰਮਦੀਆਂ ਨੇ। ਧੁਰੋਂ ਮਿਲ਼ੀ ਦਾਤ ਥੋਨੂੰ “ਮਾਂ” ਬਣਾਉਂਦੀਆ। ਮਾਂ ਦੇ ਰੁੱਤਬੇ ਨੂੰ ਚੰਗੂ ਹੰਢਾਉਣ ਲਈ…ਪੁੱਤ ਕੁੜੀਆਂ-ਕੱਤਰੀਆਂ ਨੂੰ ਕੂਨੀਆਂ -ਸਚਿਆਰੀਆਂ ਬਣਨਾ ਹੀ ਪੈਣਾ।ਹੁਣ ਤਾਂ ਬੱਸ ਇੱਕੋ ਹੀ ਸੰਸਾ ਆ…ਬਈ ਬੱਡੀਆਂ ਪਟਰਾਣੀਆਂ ਡੱਕਾ ਭੰਨ ਕੇ ਦੂਹਰਾ ਕਰਦੀਆਂ ਨੀ …ਸਚਿਆਰੀਆਂ ਇਨ੍ਹਾਂ ਸੁਆਹ ਬਣਨਾ।

ਅਵੱਲੀ ‘ਵਾ ਵਗਣ ਲੱਗਪੀ ਪੁੱਤ….ਓਦਣ ਤਾਂ ਮੈਨੂੰ ਬਲਾਂ ਹੀ ਸ਼ਰਮ ਆਈ, ਜਿੱਦਣ ਮੈਂ ਸ਼ੈਹਰ ਦਾਰੂ (ਦਵਾਈ) ਲੈਣ ਗਈ। ਜਮਾਂ ਈ ਕੱਲਜੁੱਗ ਆ ਗਿਆ। ਖਸਮਾਂ-ਖਾਣੀਆਂ ਕਿਧਰੋਂ ਆ ਬੈਲ-ਬਾਟਮਾਂ ਜਿਹੀਆਂ ਚੱਲਪੀਆਂ। ਬੂ ਨੀ ਭਾਈਆਂ ਦੀਓ…ਕੁੜੀਆਂ ਤਾਂ ਮੇਰੀ ਸਿਆਣ ‘ਚ ਈ ਨਾ ਆਉਣ । ਗੁੱਤ-ਮੁੰਨੀਆਂ ਪੈਟਾਂ ਜਿਹੀਆਂ ਪਾਈ  ਲੂਤ-ਲੂਤ ਕਰਦੀਆਂ ਫਿਰਨ। ਨਾ ਭੋਰਾ ਸ਼ਰਮ, ਨਾ ਹਿਆ। ਸੂਟ-ਚੁੰਨੀਆਂ ਤਾਂ ਪਤਾ ਨੀ ਕਿਹੜੀ ਕਿੱਲੀ ਟੰਗ ਆਈਆਂ…ਭਲਾ ਓਨ੍ਹਾਂ ਨੂੰ ਪੁੱਛਣ ਵਾਲ਼ਾ ਹੋਵੇ…ਬਈ ਗਾਹਾਂ ਨੂੰ ਥੋਡੇ ਜੁਆਕਾਂ ਨੂੰ ਕਿਥੋਂ ਥਿਆਉਣਗੀਆਂ ਮਾਂ ਦੀਆ ਬੁੱਕਲ਼ਾਂ।

ਪੁੱਤ ਊਂ ਤਾਂ ਆਖੋਗੀਆਂ ਬਈ ਬੇਬੇ ਕੀ ਆਖੀ ਜਾਂਦੀ ਆ। ਆ ਭਲਾ ਕੁਆਰੀਆਂ ਕੁੜੀਆਂ ਦਾ ਕੀ ਕੰਮ ..ਆ ਸੁਰਖੀ-ਪੌਡਰ ਲੌਣ ਦਾ। ਫੇਰ ਆਖਣਗੀਆਂ ਬਈ ਬਿਆਹ ਮੌਕੇ ਰੂਪ ਨੀ ਚੜ੍ਹਿਆ। ਜਦ ਬਿਆਹੀਆਂ -ਕੁਆਰੀਆਂ ਦਾ ਈ ਪਤਾ ਨੀ ਲੱਗਦਾ..ਰੂਪ ਸੁਆਂਹ ਚੜ੍ਹੇ। ਚੰਗੂ ਸੁਆਰ ਕੇ ਗੁੱਤ-ਗੁੰਦਣੀ ਬੀ ਕਲਾ ਆ। ਝਾਟਾ ਜਿਹਾ ਖੰਡਾ ਕੇ ਫਿਰਦੀਆਂ ਭੂਤਨੀਆਂ ਜਿਹੀਆਂ ਕੀ ਚੰਗੀਆਂ ਲੱਗਦੀਆਂ ਭਲਾ।

ਭੋਰਾ ਚੱਜ ਨੀ ਰੋਟੀ -ਟੁੱਕ ਕਰਨ ਦਾ। ਆਟਾ ਗੁੰਨਦੀਆਂ ਮਣ-ਮਣ ਪੱਕਾ ਆਟਾ ਪਰਾਂਤ ਨੂੰ ਲੱਗਾ ਛੱਡ ਦਿੰਦੀਆ ਨੇ। ਰੋਟੀ ਬੇਲਣ ਲੱਗੀਆਂ ਪਸੇਰੀ- ਪਸੇਰੀ ਆਟਾ ਚੱਕਲ਼ੇ ਦੁਆਲ਼ੇ ਖਲਿਆਰ ਦਿੰਦੀਆਂ ਨੇ। ਸਬਜੀ ਚੀਰਦੀਆਂ ਛਿੱਲੜਾਂ ਨਾਲ਼ ਸਾਰਾ ਬੇਹੜਾ ਭਰ ਦਿੰਦੀਆਂ ਨੇ। ਦੁੱਧ-ਦਹੀਂ ਜਮਾਉਣਾ…ਸਾਗ ਧਰਨਾ..ਅਚਾਰ ਪਾਉਣਾ ਤਾਂ ਥੋਡੇ ਨੇੜੇ-ਤੇੜੇ ਬੀ ਨੀ। ਖੀਰ-ਪੂੜੇ, ਮੱਠੀਆ-ਗੁੱਲਗੁਲਿਆਂ ਦੀਆਂ ਤਾਂ ਥੋਡੇ ਨਿਆਣੇ ਬਾਤਾਂ ਈ ਪਾਇਆ ਕਰਨਗੇ। ਚੰਦਰੀਓ ਕੁਸ਼ ਤਾਂ ਸਿੱਖੋ। ਕਿਵੇਂ ਸਾਰਾ ਦਿਨ ਹਰਲ-ਹਰਲ ਕਰਦੀਆਂ ਫਿਰਦੀਓਂ…ਡੁੱਬੜੀਓ..ਭੋਰਾ ਸ਼ਰਮ ਤਾਂ ਮੰਨੋ।

ਖਸਮਾਂ ਨੂੰ ਖਾਵੇ ਥੋਡੀ ਐਹੋ ਜਿਹੀ ਪੜ੍ਹਾਈ..ਜਿਹੜੀ ਦਿਨ ਪਰ ਦਿਨ ਥੋਨੂੰ ਨਿਕੰਮੀਆ ਬਣਾਈ ਜਾਂਦੀਆ। ਆਵਦੇ ਆਦਮੀ ਨਾਲ਼ ਆਢਾ ਲੌਣ ਨੂੰ ਤਾਂ ਬਿੰਦ ਲੌਂਦੀਓਂ। ਅਖੇ ਅਸੀਂ ਬੀ ਕਮਾਊਂਦੀਆਂ…ਫੇਰ ਰੋਟੀ-ਟੁੱਕ ਕਿਓਂ ਕਰੀਏ? ਸ਼ੈਂਤ ਪੁੱਤ ਕੋਈ ਭਰਮ ਪੈ ਗਿਆ ਥੋਨੂੰ। ਆ ਗੱਲ ਤਾਂ ਤੁਸੀਂ ਪੜ੍ਹੀ ਬੀ ਹੋਊ..ਬਈ ਆਦਮੀ ਦੇ ਦਿਲ ਦਾ ਰਾਹ ਓਸ ਦੇ ਢਿੱਡ ‘ਚ ਦੀ ਹੋ ਕੇ ਜਾਂਦਾ। ਟੱਬਰ ਨੂੰ ਬੰਨਣ ਲਈ… ਪੁੱਤ ਚੁੱਲ੍ਹਾ-ਚੌਂਕਾ ਸਾਂਭਣਾ ਬੌਤ ਜਰੂਰੀਆ।

ਮੈਂ ਥੋਨੂੰ ਐਓਂ ਨੀ ਕਹਿੰਦੀ ਬਈ ਆਬਦੀਆਂ ਪੜ੍ਹਾਈਆਂ-ਲਿਖਾਈਆਂ ਛੱਡ ਕੇ ਹੁਣ ਤੁਸੀਂ ਚੁੱਲੇ ਲਿੱਪਣ ਜਾਂ ਸੂਈਆਂ-ਧਾਗੇ ਲੈ ਕੇ ਬਹਿ ਜੋ। ਮੈਂ ਤਾਂ ਐਓਂ  ਕੈਨੀਆਂ ਬਈ ਚਿੱਤ ‘ਚ ਕੁਛ ਸਿੱਖਣ ਦੀ ਰੀਝ ਹੋਣੀ ਜਰੂਰੀਆ।ਬੁੜਿਆਂ ਕੋਲ਼ੇ ਬਿੰਦ -ਘੜੀ ਬੈ-ਖੜ੍ਹ ਜਿਆ ਕਰੋ..ਕੋਈ ਕੰਮ ਦੀ ਗੱਲ ਈ ਪੱਲੇ ਪਊ। ਥੋਡੀਆਂ ਦਾਦੀਆਂ-ਨਾਨੀਆਂ ਨੇ ਆਂਵੇਂ ਧੁੱਪ ‘ਚ ਬਾਲ਼ ਚਿੱਟੇ ਨੀ ਕੀਤੇ। ਓਨ੍ਹਾਂ ਦੀਆਂ ਗੱਲਾਂ ‘ਚ ਦਮ ਹੁੰਦੈ। ਰੱਬ ਘਰ-ਘਰ ਦੇਵੇ ਸਾਡੀ ਜੀਤੀ ਬਰਗੀਆਂ ਧੀਆਂ..ਜੀਹਨੇ ਕਦੇ ਪਿਓ ਮੂਹਰੇ ਅੱਖ ਨੀ ਚੱਕੀ ਤੇ ਮਾਂ ਮੂਹਰੇ ਬੋਲ ਨੀ ਕੱਢਿਆ। ਮੇਰੇ ਬਰਗੀ ਬੁੜੀ ਦੇ ਦੁਆਲ਼ੇ ਸਾਰਾ  ਦਿਨ ਫਿਰਦੀ ਰਹਿੰਦੀ ਆ ਬਈ ਬੇਬੇ ਅੱਜ ਹੋਰ ਕੀ ਸਖਾਮੇਂਗੀ।

ਧੀਆਂ-ਪੁੱਤ ਈ ਮਾਪਿਆਂ ਦੀਅਸਲੀ ਜੈ-ਦਾਤ ਹੁੰਦੇ ਨੇ। ਪੁੱਤ ਚਿੱਤ ਨੂੰ ਨਾ ਲਾਇਓ…ਜੇ ਬੇਬੇ ਤੋਂ ਬੌਤਾ ਘੂਰ ਹੋ ਗਿਆ। ਬੁੜਿਆਂ ਦੀਆਂ ਗਾਲਾਂ ਤਾਂ ਘਿਓ ਦੀਆਂ ਨਾਲਾਂ ਹੁੰਦੀਆਂ।

                         ਲਿਖਤਮ ਬੇਬੇ ਧੰਨ ਕੁਰ

ਗੱਲਾਂ ਕਰਦੀ ਬੇਬੇ ਦੇ ਹੱਥ ਵੀ ਓਨੀ ਤੇਜ਼ੀ ਨਾਲ਼ ਚੱਲਦੇ ਗਏ। ਪਤਾ ਹੀ ਨਾ ਲੱਗਾ ਕਦੋਂ ਬੇਬੇ ਨੇ ਢੇਰ ਗਲੋਟਿਆਂ ਦਾ ਅਟੇਰ ਦਿੱਤਾ। ” ਮੈਂ ਸਦਕੇ ਜਾਮਾਂ ਪੁੱਤ ਜੀਤੀ…ਜਿਓਂਦੀ ਰਓ…ਤੂੰ ਬੌਤਾ ਪੜ੍ਹੇਂ …ਬੁੱਢ-ਸੁਹਾਗਣ ਹੋਮੇ !” ਬੇਬੇ ਨੇ ਜੀਤੀ ਨੂੰ ਘੁੱਟ ਕੇ ਜੱਫੀ ‘ਚ ਲੈ ਕੇ ਪਿਆਰ ਦਿੰਦੇ ਹੋਏ ਅਸੀਸਾਂ ਦੀ ਝੜੀ ਲਾ ਦਿੱਤੀ । ” ਅੱਜ ਤਾਂ ਪੁੱਤ ਬਲਾਂ ਈ ਚੰਗਾ ਦਿਨ ਚੜ੍ਹਿਆ…. ਮੇਰੀ ਚਿੱਤ ਦੀ ਰੀਝ ਪੂਰੀ ਕਰਤੀ ….ਆ ਸਾਰਾ ਕੁਛ ਕਾਗਤ ‘ਤੇ ਲਿਖ ਕੇ । ਹੁਣ ਐਓਂ ਕਰੀਂ ਤੂੰ ਏਸ ਚਿੱਠੀ ਨੂੰ ਐਹੋ ਜਿਹੇ ਡਾਕ ਬਾਬੂ ਨੂੰ ਫੜਾਈਂ ਜਿਹੜਾ ਬਿਨਾ ਕਿਸੇ ਦਾ ਸਰਨਾਮਾਂ ਲਿਖੇ ਬੇਬੇ ਸਾ ਸੁਨੇਹਾ ਹਰ ਓਸ ਘਰ ਅੱਪੜਦਾ ਕਰ ਦਵੇ ਜਿੰਨੀ ਘਰੀਂ ਤੇਰੇ ਹਾਣ ਦੀਆਂ ਕੁੜੀਆਂ ਨੇ ।

ਹਰਦੀਪ ਕੌਰ ਸੰਧੂ

(ਬਰਨਾਲ਼ਾ)

ਇਸ਼ਤਿਹਾਰ

Responses

 1. लिखतम बेबे धन कुर-मार्मिक शब्द चित्र है । इसे आप हिन्दी में भी अनुवाद कीजिए , बहुत हृदय सर्शी रचना है ,

 2. प्रेम, सरलता, सहजता में गुँथी-बनी बेबे लाजवाब है. न बेबे की पूनियाँ समाप्त हो सकती हैं और न बेबे की बातें. न बेबे की नसीहतें कम हो सकती हैं और न बेबे की व्यस्तता. चरखे पर चढ़े सूत को तभी चैन आएगा जब वह जीन्स के रेशे में छिप कर नई पीढ़ी के शरीर पर जम जाएगा.

  बेबे की झुर्रियाँ गहरी हैं और सुंदर भी.

 3. bebe dhankur da suneha ghar-ghar phunche
  punjabi virse di gall kardi sohni post
  bdhaai hove

 4. बेबे धनकुर को पहली बार पढ़ा, बहुत ही मर्म स्पर्शी रचना है। भाषा ग़ज़ब की है। पंजाबी शब्दों की, पंजाबी बोली और भाषा की मिठास देखते ही बनती है। बहुत खूब हरदीप जी…

 5. mazedar !!!

 6. ਕੱਲ ਤੇ ਅੱਜ ਵਿੱਚ ਆਯੀ ਤਬਦੀਲੀ ਨੂੰ
  ਬੇਬੇ ਧਨ ਕੁਰ ਦੇ ਪਾਤਰ ਰਾਹੀਂ
  ਬਹੁਤ ਹੀ ਸਹਜਤਾ ਨਾਲ ਉਕੇਰੇਆ ਗਿਆ ਹੈ
  ਜ਼ਰੁਰਤ ਹੈ ਕਿ
  ਤ੍ਰਕ਼ੀ ਦੇ ਨਾਲ ਨਾਲ
  ਸਾਡੇ ਅਨਮੋਲ ਵਿਰਸੇ ਅਤੇ ਸਭਿਆਚਾਰ ਨੂੰ ਵੀ ਸਾਮ੍ਭੀਆ ਜਾਵੇ

  ਪੰਜਾਬੀ ਵੇਹੜਾ ਅਤੇ ਦੇਸ-ਪਰਦੇਸ
  ਦੋਵੇਂ ਬਲੋਗ ਏਸ ਜ਼ਿਮ੍ਮੇਵਾਰੀ ਨੂੰ
  ਬਹੁਤ ਸਫਲਤਾ ਨਾਲ ਨਿਭਾ ਰਹੇ ਹਨ
  ਮੁਬਾਰਕਬਾਦ .

 7. ਬਹੁਤ ਸਾਰੀਆਂ ਯਾਦਾਂ ਤਾਜਾ ਹੋ ਗਈਆਂ ਨੇ …….ਇੱਕ ਦੂਸਰੇ ਹੀ ਸ਼ਹਰ ਦੀ ਸੇਰ ਯਿਹਾਂ …….ਹਰ ਅੱਜ ਦੀ ਧੀ ਵਾਸਤੇ …ਇਹ ਇੱਕ ਪਤ੍ਰ ਹੈ ……ਜੋ ਉਸਦੀ ਗੱਲ ਕਰੇਗਾ
  Manvinder Bhimber
  http://www.mereaaspaas.blogspot.com

 8. ਮੈਂ ਬੈਠਾ ਬੈਠਾ ਕਈ ਵਾਰ ਸੋਚਦਾ ਹਾਂ ਕੀ ਚਿਠੀ ਲਿਖੀ ਨੂੰ ਕਿੰਨਾ ਹੀ ਚਿਰ ਹੋ ਗਿਆ
  ਕਦੇ ਮੌਕਾ ਹੀ ਨਹੀਂ ਮਿਲਿਆ I ਮੇਰੇ ਦਿਲ ਦੀ ਗੱਲ ਕਹ ਦਿਤੀ ਤੁਸੀਂ I
  ਜੋ ਗੱਲ ਚਿਠੀ ਵਿਚ ਹੈ ਓਹ ਮੇਲਾਂ ਸ਼ੇਲਾਂ ਵਿਚ ਕਿਥੇ

 9. ਮੈਂ ਸਾਰੇ ਪਾਠਕਾਂ ਦਾ ਤਹਿ ਦਿਲੋਂ ਧੰਨਵਾਦ ਕਰਦੀ ਹਾਂ ਜਿਨਾਂ ਨੇ ਬੇਬੇ ਧੰਨਕੁਰ ਦੀ ਗੱਲ ਦਾ ਹੁੰਗਾਰਾ ਭਰਿਆ!
  ਭਾਰਤ ਭੂਸ਼ਨ ਜੀ ਦਾ ਕਹਿਣਾ ਸੋਲਾਂ ਆਨੇ ਸੱਚ ਹੈ ਕਿ……
  ਚਰਖੇ ਤੇ ਚੜ੍ਹੇ ਸੂਤ ਨੂੰ ਤਾਂ ਹੀ ਚੈਨ ਆਏਗਾ ਜਦੋਂ ਇਹ ਜੀਨਜ਼ ਦੇ ਰੇਸ਼ੇ ‘ਚ ਸਮਾ ਕੇ ਨਵੀਂ ਪੀੜ੍ਹੀ ਦੇ ਹੱਡੀਂ ਰੱਚ ਜਾਵੇਗਾ !
  ਆਦਰ ਸਹਿਤ
  ਹਰਦੀਪ

 10. ਬੇਬੇ ਦੇ ਪੈਰੀਂ ਪੈਣਾ.. ਹਰਦੀਪ ਜੀ!
  ਨਾਨੀ, ਪੜਨਾਨੀ.. ਨਾਲੇ ਦਾਦੀ ਚੇਤੇ ਕਰਾ ਤੀ..ਤੁਸਾਂ!
  ਬਹੁਤ ਖੂਬ ਚਿਤਰਣ ਹੈ ਨਾਲੇ ਤੇਜ਼ ਤਰਾਰ ਜ਼ਿੰਦਗੀ ਨੂੰ ਇਕ ਸੰਦੇਸ਼ ਵੀ।

 11. […] ਹੇਠ ਲਿਖੇ ਲਿੰਕ ‘ਤੇ ਲਗਾਈ ਹੀ ਸੀ .….. https://punjabivehda.wordpress.com/2011/04/02/%E0%A8%B2%E0%A8%BF%E0%A8%96%E0%A8%A4%E0%A8%AE-%E0%A8%AC… *** ਇਹ ਤਾਂ ਹਫਤੇ ਬਾਦ ਹੀ ਚੋਰੀ ਹੋ ਗਈ ਅਤੇ 9 […]

 12. ਬੇਬੇ ਧੰਨ ਕੋਰ ਜੀ,
  ਸਤਿ ਸਿਰੀ ਅਕਾਲ।
  ਤੁਹਾਡਾ ਖ਼ਤ ਪੜ ਪੜ ਮੈ ਤਾਂ ਉਸ ਜਮਾਨੇ ਬਿਚ ਗੁਆਚ ਗਈ।
  ਕਿੰਨਾ ਫਿਕਰ ਹੈ ਤੁਹਾਨੂ ਇਸ ਪੀੜੀ ਦਾ। ਤੁਹਾਡੀਆ ਸਾਰੀਆਂ ਗਲਾਂ ਮਨ ਮੋਹਣੀਆ ਹਨ । ਨ੍ਸੀਤਾਂ ਵਾਲੀਆਂ। ਇਹ ਰੇਖਾ ਚਿਤ੍ਰ ਮਨ ਦੇ ਪਿਆਰ ਦਾ ,ਅਸ਼ਿਸ਼ਾਂ ਦੀ ਵਰਖਾ ਕਰਦਾ ਅਤੇ ਇਕ ਤਾਜਗੀ ਦੇਂਦਾ ਉਸ ਯੁਗ ਤੋਂ ਸਾਨੂ 21ਵੀੰ ਸਦੀ ਤਕ ਲੈ ਆਯਾ ਇਸ ਸਦੀ ਦੇ ਭੀ ਸੁੰਦਰ ਚਿਤ੍ਰ ਨਾਲ ਰੂਬਰੂ ਕਰਾ ਗਿਆ। ਇਕ ਗਲ ਕਿਉਂ ਛਡ ਦਿਤੀ ਚੱਕੀ ਪੀਸਨਾ ਤਦ ਜਾਕੇ ਤਾਂ ਸ਼ਾ ਵੇਲਾ ਪਕਦਾ ਸੀ । ਬੇਬੇ ਆਪਣੇ ਅਟੇਰਨੇ ਬਿਚ ਜਿਆਦਾ ਮਗਨ ਹੋ ਗਈ ਜਾਪਦੀ ਹੈ। ਗਲਾਂ ਦਾ ਸਿਲਸਿਲਾ ਜਦੋਂ ਸ਼ੁਰੂ ਹੁੰਦਾ ਇੰਜ ਹੀ ਹੁੰਦਾ ਹੈ ।
  ਬੇਬੇ ਜੀ ਫੇਰ ਭੀ ਖਤ ਲਿਖਾਤੇ ਰਹਿਓ।
  ਆਵਦੀ ਪਾਠਿਕਾ।
  ਕਮਲਾ ਘਾਟੋਰਾ


ਟਿੱਪਣੀ ਕਰੋ ਜਾਂ ਕੁਝ ਪੁੱਛੋ

ਆਪਣੀ ਜਾਣਕਾਰੀ ਹੇਠਾਂ ਭਰੋ ਜਾਂ ਦਾਖਲੇ ਲਈ ਕਿਸੇ ਆਈਕਨ 'ਤੇ ਕਲਿੱਕ ਕਰੋ:

WordPress.com Logo

ਤੁਸੀਂ WordPress.com ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Twitter picture

ਤੁਸੀਂ Twitter ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Facebook photo

ਤੁਸੀਂ Facebook ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Google+ photo

ਤੁਸੀਂ Google+ ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Connecting to %s

ਸ਼੍ਰੇਣੀਆਂ

%d bloggers like this: