Posted by: ਡਾ. ਹਰਦੀਪ ਕੌਰ ਸੰਧੂ | ਜੂਨ 28, 2010

ਭੰਡਾ-ਭੰਡਾਰੀਆ


ਭੰਡਾ-ਭੰਡਾਰੀਆ

ਪੰਜਾਬ ਦੀਆਂ ਪੁਰਾਤਨ ਲੋਕ-ਖੇਡਾਂ ਪੰਜਾਬੀ ਸੱਭਿਆਚਾਰਕ ਵਿਰਸੇ ਦੀ ਅਣਮੋਲ ਦੇਣ ਹਨ। ਇਹ ਬਿਨਾਂ ਕੁਝ ਖਰਚਿਆਂ ਕਿਸੇ ਵੀ ਸਥਾਨ ‘ਤੇ ਖੇਡੀਆਂ ਜਾ ਸਕਦੀਆਂ ਹਨ । ਇਨ੍ਹਾਂ ਨੂੰ ਕਿਸੇ ਰੈਫਰੀ ਜਾਂ  ਕੋਚ ਦੀ ਜ਼ਰੂਰਤ ਨਹੀਂ ਹੁੰਦੀ। ਇਹੀ ਖੇਡਾਂ ਪੇਂਡੂ ਭਾਈਚਾਰੇ ਦੀਆਂ ਆਧਾਰ ਬਣਦੀਆਂ ਸੀ। ਅੱਜਕੱਲ ਦੀਆਂ ਖੇਡਾਂ ਵਾਂਗ ਭਾਵੇਂ ਇਨ੍ਹਾਂ ਲਈ ਕੋਈ ਟਰੌਫ਼ੀ ਜਾਂ ਕੱਪ ਤਾਂ ਨਹੀਂ ਹੁੰਦਾ ਸੀ ਪਰ ਬੱਚੇ ਇਹ ਖੇਡਾਂ ਖੇਡ ਕੇ ਜੋ ਮਣਾ-ਮੂਹੀ  ਖੁਸ਼ੀ ਦਾ ਅਨੁਭਵ ਕਰਦੇ ਸੀ ਉਸ ਨੂੰ ਸ਼ਬਦਾਂ ‘ਚ ਬੰਨਣਾ ਔਖਾ ਹੈ।

‘ਭੰਡਾ-ਭੰਡਾਰੀਆ’ ਜੋ ਅੱਜਕਲ੍ਹ ਲੱਗਭੱਗ ਅਲੋਪ ਹੀ ਹੋ ਚੁੱਕੀ ਹੈ ਕਿਸੇ ਜ਼ਮਾਨੇ ‘ਚ ਕੁੜੀਆਂ ਦੀ ਹਰਮਨ ਪਿਆਰੀ ਖੇਡ ਸੀ। ਛੋਟੀਆਂ-ਛੋਟੀਆਂ ਕੁੜੀਆਂ ਰਲ਼ ਕੇ ਇਹ ਖੇਡ ਖੇਡਦੀਆਂ ਸਨ। ਖੇਡ ਮੈਦਾਨ ਆਮ ਤੌਰ ‘ਤੇ ਘਰਾਂ ਦੇ ਕੱਚੇ ਵਿਹੜੇ, ਲੰਮੀਆਂ ਬੀਹੀਆਂ, ਹਵੇਲੀਆਂ, ਚੁਰੱਸਤੇ, ਬਾਹਰਵਾਰ ਥਾਂਵਾਂ ਹੁੰਦੀਆਂ । ਖੇਡ ਖੇਡਣ ਦਾ ਕੋਈ ਨਿਸਚਿਤ ਸਮਾਂ ਵੀ ਨਹੀਂ ਹੁੰਦਾ ਸੀ। ਜਦੋਂ ਵਿਹਲ ਮਿਲਣੀ, ਕੁੜੀਆਂ ਨੇ ‘ਕੱਠੀਆਂ ਹੋ ਖੇਡਣ ਲੱਗ ਜਾਣਾ। ਫਿਰ ਚਾਹੇ ਓਹ ਵੇਲ਼ਾ ਸਵੇਰ ਦਾ ਹੋਵੇ, ਦੁਪਹਿਰ ,ਆਥਣ ਜਾਂ ਫਿਰ ਚਾਨਣੀ ਰਾਤ ਦਾ। ਖੇਡ ਸ਼ੁਰੂ ਕਰਨ ਤੋਂ ਪਹਿਲਾਂ ਪੁੱਗਿਆ ਜਾਂਦਾ। ਜਿਸ ਸਿਰ ਦਾਈ ਆਉਂਦੀ ਓਹ ਕੁੜੀ ਪੈਰਾਂ-ਭਾਰ ਭੁੰਜੇ ਬੈਠ ਜਾਂਦੀ। ਬਾਕੀ ਕੁੜੀਆਂ ਉਸ ਦੇ ਸਿਰ ‘ਤੇ ਆਪਣੀਆਂ ਮੁੱਠੀਆਂ ਰੱਖਦੀਆਂ। ਜਿਹੜੀ ਕੁੜੀ ਸਭ ਤੋਂ ਜ਼ਿਆਦਾ ਹੁੰਦੜਹੇਲ ਜਾਂ ਫੁਰਤੀਲੀ ਹੁੰਦੀ ਓਹ ਸਭ ਤੋਂ ਪਹਿਲੀ ਮੂੱਠੀ ਰੱਖਦੀ। ਫਿਰ ਆਵਦੀ ਦੂਜੀ ਮੂੱਠੀ ਰੱਖਦੀ। ਫਿਰ ਬਾਕੀ ਦੀਆਂ ਕੁੜੀਆਂ ਉਸ ਦੀਆਂ ਮੂੱਠੀਆਂ ਦੇ ਉੱਪਰੋ-ਉੱਪਰੀ ਮੂੱਠੀਆਂ ਟਿਕਾ ਦਿੰਦੀਆਂ। ਰਲ਼ ਕੇ ਸਾਰੀਆਂ ਸੁਰੀਲੀ ਅਵਾਜ਼ ‘ਚ ਕਹਿੰਦੀਆਂ…..

‘ਭੰਡਾ-ਭੰਡਾਰੀਆ ਕਿੰਨਾ ਕੁ ਭਾਰ’

ਭੁੰਜੇ ਬੈਠੀ ਕੁੜੀ ਪੂਰੇ ਜ਼ੋਰ ਨਾਲ਼ ਜਵਾਬ ਦਿੰਦੀ……

‘ਇੱਕ ਮੂੱਠੀ ਚੱਕ ਲਾ ਦੂਜੀ ਤਿਆਰ’

ਸਭ ਤੋਂ ਉੱਪਰ ਧਰੀ ਇੱਕ ਮੂੱਠੀ ਚੁੱਕ ਲਈ ਜਾਂਦੀ ਤੇ ਫਿਰ ਓਹੀ ਸਤਰ ਦੁਹਰਾਈ ਜਾਂਦੀ…..

“ਭੰਡਾ-ਭੰਡਾਰੀਆ ਕਿੰਨਾ ਕੁ ਭਾਰ

ਇੱਕ ਮੂੱਠੀ ਚੱਕ ਲਾ ਦੂਜੀ ਤਿਆਰ”

ਜਦੋਂ ਕੋਈ ਇੱਕ ਕੁੜੀ ਆਵਦੀਆਂ ਦੋਵੇਂ ਮੂੱਠੀਆਂ ਚੁੱਕ ਵਿਹਲੀ ਹੋ ਜਾਂਦੀ ਤਾਂ ਓਹ ਭੋਰਾ ਪਿਛਾਂਹ ਹੱਟ ਕੇ ਖੜੀ ਹੋ ਜਾਂਦੀ ਤਾਂ ਜੋ ਓਹ ਵੇਲ਼ੇ ਸਿਰ ਭੱਜ ਸਕੇ। ਇਸ ਤਰਾਂ ਬਾਰ-ਬਾਰ ਦੁਹਰਾਇਆ ਜਾਂਦਾ ਜਦੋਂ ਤੱਕ ਸਾਰੀਆਂ ਮੂੱਠੀਆਂ ਚੁੱਕ ਨਾ ਲਈਆਂ ਜਾਂਦੀਆਂ। ਆਖਰੀ ਮੂੱਠੀ ਚੁੱਕਣ ਤੋਂ ਬਾਦ ਬੈਠੀ ਕੁੜੀ ਨੇ ਭੱਜ ਕੇ ਦੂਜੀਆਂ ਕੁੜੀਆਂ ਨੂੰ ਛੂਹਣਾ ਹੁੰਦਾ ਸੀ। ਇਸੇ ਕਰਕੇ ਹੀ ਸਭ ਤੋਂ ਅਖੀਰ ਵਿੱਚ ਮੂੱਠੀਆਂ ਚੁੱਕਣ ਵਾਲ਼ੀ ਫੁਰਤੀਲੀ ਕੁੜੀ ਨੂੰ ਚੁਣਿਆ ਜਾਂਦਾ ਤਾਂ ਜੋ ਉਹ ਭੰਡਾ –ਭੰਡਾਰੀਆ ਦੀ ਆਖਰੀ ਸਤਰ ਕਹਿ ਕੇ ਫੁਰਤੀ ਨਾਲ਼ ਦੂਰ ਭੱਜ ਸਕੇ। ਛੁਹਾਈ ਖਾਣ ਵਾਲ਼ੀ ਕੁੜੀ ਸਿਰ ਦਾਈ ਆ ਜਾਂਦੀ ਅਤੇ ਖੇਡ ਫਿਰ ਤੋਂ ਸ਼ੁਰੂ ਹੋ ਜਾਂਦੀ। ਆਮ ਤੌਰ ‘ਤੇ ਅਜਿਹੀਆਂ ਖੇਡਾਂ ਆਥਣੇ ਹੀ ਖੇਡੀਆਂ ਜਾਂਦੀਆਂ ਤੇ ਫਿਰ ਗਈ ਰਾਤ ਤੱਕ ਚਾਨਣੀਆਂ ਰਾਤਾਂ ਵਿੱਚ ਓਦੋਂ ਤੱਕ ਚਾਲੂ ਰਹਿੰਦੀਆਂ ਜਦੋਂ ਤੱਕ ਮਾਵਾਂ ਆ ਕੇ ਕੰਨ ਮਰੋੜ ਘਰ ਨੂੰ ਜਾਣ ਲਈ ਨਾ ਕਹਿੰਦੀਆਂ।

ਹਰਦੀਪ ਕੌਰ ਸੰਧੂ

ਇਸ਼ਤਿਹਾਰ

Responses

 1. ਬੜੀ ਦੇਰ ਬਾਅਦ ਬਲਾਗ ਨੂੰ ਹਰਾ ਭਰਾ ਕੀਤਾ ਹੈ।ਇਹ ਕੰਮ ਥੋੜਾ ਜਲਦੀ ਕਰਿਆ ਕਰੋ।ਕੁੜੀਆਂ ਦੀ ਖੇਡ ਦੀ ਵਧੀਆ ਜਾਣਕਾਰੀ।

 2. ਦੀਪੀ ਜੀ,ਮੈਨੂੰ ਪੂਰਾ ਤਾਂ ਯਾਦ ਨਹੀਂ ਪਰ ਲੱਗਦਾ ਹੈ ਕਿ ਜਦੋਂ ਅਸੀਂ ਬੱਚੇ ਸੀ।ਅਸੀਂ ਕੁੜੀਆਂ ਮੁੰਡੇ ਇਹ ਖੇਡ ਇਕੱਠੇ ਵੀ ਖੇਡਦੇ ਰਹੇ ਹਾਂ।

 3. ਤੁਹਾਡੇ ਵਿਹੜੇ ਵਿਚ ਪੇਂਡੂ ਪੰਜਾਬ ਦੀਆਂ ਭੁਲੀਆਂ ਵਿਸਰੀਆਂ ਖੇਡਾਂ ਬਾਰੇ ਦਿਤੀ ਜਾਣਕਾਰੀ ਨੇ ਬਚਪਨ ਯਾਦ ਕਰਵਾ ਦਿੱਤਾ ਹੈ। ਧੰਨਵਾਦ
  ਦਰਬਾਰਾ ਸਿੰਘ ਜੀ ਨੇ ਬੜੇ ਅਰਸੇ ਤੋਂ ਅਮਰਜੀਤ ਸਾਥੀ ਜੀ ਦੀ ਪੁਸਤਕ ‘ਨਿਮਖ’ ਭੇਜਣ ਲਈ ਤੁਹਾਡਾ ਸਿਰਨਾਮਾ ਮੰਗਿਆ ਹੋਇਆ ਹੈ। ਮੈਂ ਭੀ ਉਹਨਾਂ ਨਾਲ ਰਲ ਕੇ ਤੁਹਾਨੂੰ ਬੇਨਤੀ ਕਰਨਾ ਚਾਹਾਂਗਾ, ਕਿ ਸਾਥੀ ਜੀ ਦੁਆਰਾ ਰਚਿਤ ਇਹ ਪੁਸਤਕ ਜਰੂਰ ਪੜ੍ਹੋ।

 4. ਮੇਰੇ ਲਈ ਇਹ ਸ਼ਬਦ ਜਾਣਕਾਰੀ ਭਰਪੂਰ ਹਨ ਅਤੇ ਖੇਡ ਦੇ ਨਿਯਮਾਂ ਅਤੇ ਅਮਲ ਨੂੰ ਸਫ਼ਾਈ ਨਾਲ ਦਰਜ ਕੀਤਾ ਗਿਆ ਹੈ। ਅਕਸਰ ਲੇਖਕ ਖੇਡ ਦੇ ਕਦਮ-ਬ-ਕਦਮ ਨਿਯਮਾਂ ਨੂੰ ਸਮਝ ਆ ਸਕਣ ਵਾਲੀ ਵਾਰਤਕ ਵਿੱਚ ਲਿਖਣ ਵਿੱਚ ਅਸਫ਼ਲ ਰਹਿੰਦੇ ਹਨ ਪਰ ਇਸ ਸੂਰਤ ਵਿੱਚ ਖੇਡ ਦੀ ਸਾਰੀ ਤਰਤੀਬ ਸਮਝ ਪੈ ਗਈ ਹੈ; ਇਹ ਲੇਖਕ ਦੀ ਵਡਿਆਈ ਹੈ। ਵਧੀਆ ਵਾਰਤਕ ਦਾ ਪਹਿਲਾ ਤੇ ਆਖ਼ਰੀ ਗੁਣ ਉਸ ਦੀ ਸਮਝ ਆ ਸਕਣ ਦੀ ਖ਼ਾਸੀਅਤ ਹੁੰਦੀ ਹੈ।

 5. ਕੁੜੀਆਂ ਦੀ ਇਹ ਖੇਡ,ਔਰਤ ਦੇ ਰੂਝੇਵੇਂ ਭਰੇ ਜੀਵਨ ਦਾ ਚਿੰਨਾਤਮਿਕ ਪ੍ਰਗਟਾਵਾ ਹੈ । ਸਾਰੀ ਉਮਰ ਜ਼ਿੰਮੇਵਾਰੀਆਂ ਦੇ ਭਾਰ ਥੱਲੇ ਦੱਬੀ ਇਕ ਇਕ ਕਰਕੇ ਮੁਕਤ ਹੋਣ ਦੀ ਕੋਸ਼ਿਸ਼ ਵਿਚ ਰਹਿੰਦੀ ਹੈ ।ਜੇ ਸਮੇ ਸਿਰ ਫਰਜ਼ ਨਬੇੜ ਅੱਗੈ ਨੂੰਹ ਸਿਰ ਫਰਜ਼ਾਂ ਦਾ ਭਾਰ ਸਿੱਟ ਵੇਹਲੀ ਹੋ ਗਈ ਤਾਂ ਖੁਸ਼ਕਿਸਮਤ,ਨਹੀਂ ਏਸੇ ਚੱਕਰ ਵਿਚ ਫਸੀ ਉਮਰ ਬਿਤਾਓਂਦੀ ਹੈ ।
  ਸਾਰੀਆਂ ਲੋਕ ਕਥਾਵਾਂ/ਕਹਾਣੀਆਂ,ਬਾਤਾਂ,ਖੇਡਾਂ ਜੀਵਨ ਨਾਲ ਮੇਲ reinterpret ਕਰਨ ਦੀ ਲੋੜ ਹੈ ।

 6. ਬਚਪਨ ਦੀਆਂ ਯਾਦਾਂ ਹੁੰਦੀਆਂ ਹੀ ਇਸ ਤਰਾਂ ਦੀ ਹਨ , ਭੁਲਣਾ ਅਸਾਨ ਨਹੀਂ ਹੁੰਦਾ .ਇਹ ਖੇਡਾਂ ਕੀ ਹੁਣ ਵੀ ਖੇਡੀਆਂ ਜਾਂਦੀਆਂ ਹਨ ?

 7. Hello Deepi bhen
  sat shri akal!!
  u know whenever i read literary books…i always feel that these writers are from unknown planet…but now u can’t imagine how much proud i feel when i read ur text..i feel..”‘oh thats written by my sister”
  ur script scratch my Punjabi vocab..my childhood..my imagination…at the same time giving me utmost peace of mind while njoying ur text..
  really whatever knowledge u r sharing…myself as well our coming generations would be unable to get that from any book or their busy parents…So its ur great effort for preserving as well as expanding our culture…..thanks a lot..

  Harman

 8. ਬਚਪਨ ਦੀਆਂ ਯਾਦਾਂ ਨੂੰ ਕਲਮ ਦੀ ਸਾਦਗੀ ਨਾਲ ਪ੍ਰਗਟ ਕਰ ਸਕਣ ਦੀ ਇੱਕ ਹੋਰ ਲਾਜਵਾਬ ਮਿਸਾਲ …

 9. ਦਰਬਾਰਾ ਸਿੰਘ ਜੀ ਤੇ ਬਲਜੀਤ ਪਾਲ ਜੀ,
  ਬਹੁਤ-ਬਹੁਤ ਸ਼ੁਕਰੀਆ, ਹਮੇਸ਼ਾਂ ਦੀ ਤਰਾਂ ਆਵਦੇ ਕੀਮਤੀ ਵਿਚਾਰਾਂ ਨਾਲ਼ ਸਾਂਝ ਪਾਉਣ ਲਈ।
  ਗੁਰਮੀਤ ਸੰਧੂ ਜੀ ਤੇ ਬਲਰਾਜ ਚੀਮਾ ਜੀ,
  ਮੈਂ ਆਵਦੇ-ਆਪ ਨੂੰ ਖੁਸ਼ਕਿਸਮਤ ਕਹਾਂਗੀ ਜੋ ਆਪ ਜੈਸੇ ਉੱਚ ਕੋਟੀ ਦੇ ਲੇਖਕਾਂ ਨੂੰ ਮੇਰਾ ਲਿਖਿਆ ਚੰਗਾ ਲੱਗਾ…ਜਿਨ੍ਹਾਂ ਦਾ ਕਿਹਾ ਹਰ ਸ਼ਬਦ ਮੈਨੂੰ ਲਿਖਣ ਦੀ ਸੇਧ ਦਿੰਦਾ ਹੈ…ਹੁਲਾਰਾ ਦਿੰਦਾ ਹੈ…ਹੌਸਲਾ ਦਿੰਦਾ ਹੈ….
  ਇਸ ਦੁਨੀਆਂ ‘ਚ ਆਪ ਜੈਸੇ ਦੋਸਤ/ ਸ਼ੁਭ-ਚਿੰਤਕ ਚਿਰਾਗ ਲੈ ਕੇ ਭਾਲ਼ਿਆਂ ਵੀ ਨਹੀਂ ਲੱਭਦੇ।
  ਦਰਬਾਰਾ ਸਿੰਘ ਜੀ ਮੇਰੇ ਵਲੋਂ ਮੈਡਮ ਮਹਿੰਦਰ ਜੀ ਦਾ ਵੀ ਧੰਨਵਾਦ ਕਰਨਾ, ਪੰਜਾਬੀ ਵਿਹੜੇ ਲਈ ਉਚੇਚਾ ਸਮਾਂ
  ਕੱਢਣ ਵਾਸਤੇ….ਹੌਸਲਾ ਅਫ਼ਜਾਈ ਵਾਸਤੇ।

  ਮੈਂ ਆਰ ਕੇ ਅਤੇ ਹਰਮਨ ਦਾ ਵੀ ਧੰਨਵਾਦ ਕਰਦੀ ਹਾਂ ….ਆਵਦੇ ਵਿਚਾਰਾਂ ਦੀ ਸਾਂਝ ਤੁਸਾਂ ਪੰਜਾਬੀ ਵਿਹੜੇ ਪਾਈ। ਸਾਂਝ ਬਣਾਈ ਰੱਖਣਾ।

 10. ਦਰਬਾਰਾ ਸਿੰਘ ਜੀ,
  ਮੈਂ ਆਪ ਜੀ ਦਾ ਉਚੇਚਾ ਧੰਨਵਾਦ ਕਰਨਾ ਚਾਹਾਂਗੀ, ਤੁਸਾਂ ਨੇ ਪੰਜਾਬੀ ਵਿਹੜੇ ਨੂੰ ਆਵਦਾ ਸਮਝਿਆ ਤੇ ਆਪਣੇ ਨਵੇਂ ਆਏ ਪ੍ਰਾਹੁਣਿਆਂ (ਮਨੋਜ ਭਾਰਤੀ ਤੇ ਓਮ ਪ੍ਰੋਹਿਤ )ਨੂੰ ਜੀ ਆਇਆਂ ਆਖਿਆ।

  ਮੈਂ ਇੱਕ ਵਾਰ ਫੇਰ ਮਨੋਜ ਭਾਰਤੀ ਤੇ ਓਮ ਪ੍ਰੋਹਿਤ ਜੀ ਦਾ ‘ਪੰਜਾਬੀ ਵਿਹੜੇ’ ਸੁਆਗਤ ਕਰਦੀ ਹਾਂ।
  ਤੁਸਾਂ ਨੇ ਓਨ੍ਹਾਂ ਦਾ ਥਹੁ-ਪਤਾ ਪੁੱਛਿਆ ਸੀ…..
  ਲਿਖ ਰਹੀ ਹਾਂ….
  ਮਨੋਜ ਭਾਰਤੀ – http://gunjanugunj.blogspot.com
  ਓਮ ਪ੍ਰੋਹਿਤ ‘ਕਾਗਦ’ -http://omkagad.blogspot.com

 11. ਡਾ. ਹਰਦੀਪ,
  ਤੁਹਾਡੇ ਵਿਹੜੇ ਆ ਕੇ ਪੰਜਾਬ ਦੀ ਹਰਿਆਲੀ ਦਾ ਅਹਿਸਾਸ ਹੋਇਆ, ਬਚਪਨ ਦੀ ਵਿਰਾਸਤ ਜੋ ਤੁਸੀਂ ਸਾਂਭ ਕੇ ਰੱਖੀ ਹੈ ਉਹ ਦਿਮਾਗ ’ਚੋਂ ਬਾਹਰ ਨਿਕਲ ਕੇ ਅੱਖਾਂ ਨਾਲ ਤੱਕੀ ਜਾ ਸਕਦੀ ਹੈ। ਹਰ ਕਿਸੇ ਵਿਚ ਇਹ ਸੁਖਾਵਾਂ ਅਹਿਸਾਸ ਹੁੰਦਾ ਹੋਵੇਗਾ ਪ੍ਰੰਤੂ ਉਸ ਨੂੰ ਰੂਪਮਾਨ ਕਰਨਾ ਤੁਹਾਡੇ ਹਿੱਸੇ ਆਇਆ ਹੈ। ਮੈਨੂੰ ਖੁਸ਼ੀ ਹੈ ਕਿ ਇਹ ਸਭ ਮੇਰੇ ਇਲਾਕੇ ਦੀ ਹੋਣਹਾਰ ਲੜਕੀ ਨੇ ਕੀਤਾ ਹੈ। ਜੋ ਤੁਸਾਂ ਬਨਸਪਤੀ ਵਿਗਿਆਨ ਦੀ ਖੋਜ਼ ਕੀਤੀ ਹੈ ਉਹ ਤੁਹਾਡੇ ‘ਵਿਹੜੇ’ ਵਿਚੋਂ ਸਾਫ ਝਲਕਦੀ ਹੈ। ਤੁਹਾਡੇ ਵਿਹੜੇ ਆ ਕੇ ਮੱਥੇ ਪਈਆਂ ਸਮਾਜਿਕ ਚਿੰਤਾਵਾਂ ਦੀਆਂ ਤਿਊੜੀਆਂ ਢਿਲੀਆਂ ਹੋ ਜਾਂਦੀਆਂ ਹਨ। -ਪ੍ਰਮਾਤਮਾ ਤੁਹਾਨੂੰ ਖੁਸ਼ੀਆਂ ਬਖਸ਼ੇ।

  ਗੁਰਸੇਵਕ ਸਿੰਘ ਧੌਲਾ
  ਸੰਪਾਦਕ : ਸਿੱਖ ਵੀਕਲੀ
  ਕਨੇਡਾ
  Mobile No. 94632-16267

 12. dear sis ,
  when I read any of ur writings , I feel like that I myself have written all these, It may be that I was a part of all the games played by us toghether..,,,,,,,,,keep it up
  gurjeet

 13. Ssa didi,
  es khed bare mainu nai c pta par pad ke bada hi changa laga.Dil kita bachan dubara aa jaye te o sariya khedan khedia jo hun alop ho chukiya ne.Thanks sis


ਟਿੱਪਣੀ ਕਰੋ ਜਾਂ ਕੁਝ ਪੁੱਛੋ

ਆਪਣੀ ਜਾਣਕਾਰੀ ਹੇਠਾਂ ਭਰੋ ਜਾਂ ਦਾਖਲੇ ਲਈ ਕਿਸੇ ਆਈਕਨ 'ਤੇ ਕਲਿੱਕ ਕਰੋ:

WordPress.com Logo

ਤੁਸੀਂ WordPress.com ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Twitter picture

ਤੁਸੀਂ Twitter ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Facebook photo

ਤੁਸੀਂ Facebook ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Google+ photo

ਤੁਸੀਂ Google+ ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Connecting to %s

ਸ਼੍ਰੇਣੀਆਂ

%d bloggers like this: