Posted by: ਡਾ. ਹਰਦੀਪ ਕੌਰ ਸੰਧੂ | ਅਪ੍ਰੈਲ 30, 2010

ਕਰਨੀ ਕੱਖ ਦੀ, ਗੱਲ ਲੱਖ-ਲੱਖ ਦੀ


ਇੱਕ ਦਿਨ ਇੰਟਰਨੈਟ ਦੇ ਬਗੀਚੇ ‘ਚ ਪੰਜਾਬੀ ਸਾਹਿਤਕ ਮੰਚ (ਪ.ਸ.ਮ.) ਤੇ ਹਿੰਦੀ ਸਾਹਿਤਕ ਮੰਚ (ਹ.ਸ.ਮ) ਘੁੰਮਦੇ-ਘੁੰਮਾਉਂਦੇ ਟੱਕਰ ਪਏ। ਇੱਕ ਦੂਜੇ ਨੂੰ ਦੇਖ ਕੇ ਓਹ ਬਾਗੋ-ਬਾਗ ਹੋ ਗਏ। ਹਾਸੇ-ਠੱਠੇ ‘ਚ ਗੱਪੋ-ਗੱਪੀ ਹੁੰਦੇ ਉਹ ਸੁਆਲੋ-ਸੁਆਲੀ ਵੀ ਹੁੰਦੇ ਰਹੇ। ਇਧਰਲੀਆਂ-ਓਧਰਲੀਆਂ ਤੇ ਖੱਟੀਆਂ-ਮਿੱਠੀਆਂ ਮਾਰਦੇ ਮਾਰਦੇ ਤਿੱਖੀਆਂ ‘ਤੇ ਉੱਤਰ ਆਏ

ਹ.ਸ.ਮ –  ਬਾਈ ਥੋਨੂੰ ਹੁਣ ਆਵਦੀ ਰਾਏ ਬਦਲਣੀ ਪਊ।

ਪ.ਸ.ਮ. –  ਕਿਉਂ ਬਦਲੀਏ ? ਨਾਲ਼ੇ ਕਿਹੜੀ ਰਾਏ ?

ਹ.ਸ.ਮ. –  ਏਹੀ… ਬਈ ਪੰਜਾਬੀ ਬੜੇ ਵੱਡੇ ਦਿਲ ਵਾਲ਼ੇ ਹੁੰਦੇ ਨੇ।

ਪ.ਸ.ਮ. – ਓ ਤਾਂ ਹਾਂ ਈ। ਏਹਦੇ ‘ਚ ਕੀ ਸ਼ੱਕ ਆ ਭਲਾਂ ? ਤੂੰ ਐਂ ਦੱਸ ਬਈ ਕੁਛ ਮੰਗਣ ਆਏ ਨੂੰ ਖਾਲੀ ਮੁੜਨ ਦਿੱਤਾ  ਅੱਜ ਤਾਂਈਂ

ਹ.ਸ.ਮ. – ਓਹ ਗੱਲ ਨੀ । ਮੈਂ ਤਾਂ ਇਓਂ ਕਹਿਨਾ ਬਈ ਤੁਸੀਂ ‘ਸ਼ਬਦੀ ਖਰਚਾ’ ਨੀ ਕਰਦੇ।ਵੱਡੇ ਘਰਾਂ ਦੇ ਮਾਲਕ ਹੋ ਕੇ  ਛੋਟੇ ਦਿਲਾਂ ਵਾਲ਼ੇ ਬਣ ਗਏਓਂ।

ਪ.ਸ.ਮ. –  ਕਿਹੜਾ ‘ਸ਼ਬਦੀ ਖਰਚਾ’ ?

ਹ.ਸ.ਮ. –  ਕਿਸੇ ਨਾਲ਼ ਆਵਦੇ ਵਿਚਾਰਾਂ ਦੀ ਸਾਂਝ ਪਾਉਣ ਦਾ। ਪਤਾ ਨੀ ਚੰਗੇ ਨੂੰ ਚੰਗਾ    ਕਹਿਣ ਤੋਂ ਕਿਉਂ ਹੱਥ ਤੰਗ ਹੈ  ਥੋਡਾ। ਤੂੰ ਕਦੇ ਹੋਰਨਾਂ ਹਿੰਦੀ ਬਲਾਗਾਂ ਦੇ  ਵਿਹੜੇ               ਜਾ ਕੇ ਤਾਂ ਵੇਖ, ਫ਼ਰਕ ਆਪੇ ਪਤਾ ਲੱਗਜੂ।

ਪ.ਸ.ਮ. –  ਲੈ ਤੇਰੇ ਭਾਣੇ ਮੈਂ ਕਦੇ ਕਿਤੇ ਗਿਆ ਈ ਨੀ ਹੁਣ ਤਾਂਈਂ

ਹ.ਸ.ਮ. –  ਮੈਂ ਕਦੋਂ ਮੁੱਕਰਦਾਂ ਏਸ ਗੱਲੋਂ। ਬਈ ਤੂੰ ਹੋਰਨਾਂ ਦੇ ਵਿਹੜੇ ਫੇਰੀ ਨੀ ਪਾਈ। ਫੇਰੀ  ਪਾਉਂਦੇ ਓ, ਝਾਤੀ ਮਾਰਦੇ ਓਂ ਤੇ ਬਿਨ ਆਵਦੀ ਹਾਜ਼ਰੀ ਲੁਆਏ, ਬਿਨਾਂ ਕੁਝ ਕਹੇ,ਬਿਨਾਂ ਕੋਈ ਸ਼ਬਦ ਖਰਚੇ ਮੁੜ ਆਉਂਦੇ ਓ।

ਪ.ਸ.ਮ. –  ਲੈ ਤੇਰਾ ਕਹਾਣਾ ਬਈ ਹਰ ਬਲਾਗ ਦੀ ਹਰ ਲੇਖਣੀ ਬਾਰੇ ਲਿਖਣ ਬਹਿ ਜਾਈਏ। ਜਿਵੇਂ ਕਿਤੇ ਹੋਰ ਕੋਈ ਕੰਮ ਹੀ ਨੀ ਕੋਈ ਰਹਿ ਗਿਆ ਏਸ ਜੱਗ ‘ਤੇ ਕਰਨ ਨੂੰ।

ਹ.ਸ.ਮ. –  ਬਾਈ ਤੱਤਾ ਕਾਹਨੂੰ ਹੁੰਨੈ ? ਕਾਹਨੂੰ ਚਾਰੇ ਪੈਰ ਚੱਕ-ਚੱਕ ਪੈਨਾਂ ? ਮੈਂ ਕਦੋਂ ਕਹਿਨਾ ਬਈ ਹਰ ਰਚਨਾ  ‘ਤੇ ਲਿਖਣ ਬਹਿ ਜਾਓ। ਪਰ ਠੰਢੇ ਦਿਮਾਗ ਨਾਲ਼ ਜੇ ਗਹੁ ਨਾਲ਼ ਦੇਖੇਂ ਤਾਂ ਪੰਜਾਬੀ ਬਲਾਗਾਂ ਦੀ ਕਿਸੇ ਵੀ ਲਿਖਤ  ‘ਤੇ ਦੋ-ਚਾਰ ਟਿੱਪਣੀਆਂ ਤੋਂ ਵੱਧ ਕੁਝ ਨੀ ਲੱਭਦਾ। ਦੂਜੇ ਬੰਨੇ ਹਿੰਦੀ ਬਲਾਗਾਂ ਵਾਲ਼ੇ ਟਿੱਪਣੀਆਂ ਦੀ ‘ਨ੍ਹੇਰੀ ਲਿਆ ਦਿੰਦੇ ਨੇ। ਪਰ ਕਹਿਣ ਨੂੰ ਜੋ ਮਰਜ਼ੀ ਕਹੀ ਚੱਲੋ, ਹੈ ਤਾਂ ਤੁਸੀਂ ਏਸ ਮਾਮਲੇ ‘ਚ ਕੰਜੂਸ- ਮੱਖੀ  ਚੂਸ…. ਪੂਰੇ ਸੂਮ ….

ਪ.ਸ.ਮ. –  ਕੀ ਕਿਹਾ…. ਕੰਜੂਸ… ਸੂਮ..?     ਪਰ ਮੈਂ ਤਾਂ ਸੁਣਿਆ

” ਸਖੀ ਨਾਲ਼ੋਂ ਸੂਮ ਚੰਗਾ    ਜਿਹੜਾ ਤੁਰੰਤ ਦੇਵੇ ਜੁਵਾਬ”

ਹ.ਸ.ਮ. –   ਆਹੋ….. ਏਹੋ ਤਾਂ ਮੈਂ ਕਹਿਨਾ ਬਈ ਕੋਈ ਤਾਂ ਜੁਵਾਬ ਦੇਵੋ। ਚੰਗੇ-ਮਾੜੇ ਕੋਈ ਤਾਂ   ਦੋ-ਚਾਰ ਸ਼ਬਦ ਝਰੀਟੋ।ਲੈ ਹੋਰ ਸੁਣ ਲਾ ਸੂਮਾਂ ਬਾਰੇ…..  ” ਜ਼ੋਰੂ ਪੁੱਛੇ ਸੂਮ ਦੀ, ਕਿਉਂ ਕਰੇ ਚਿੱਤ ਘਾਊਂ-ਮਾਊਂ       ਕੀ ਤੇਰਾ ਕੁਛ ਗੁਆਚ ਗਿਆ ਜਾਂ ਕੁਛ ਦੇਣਾ ਸਾਓਂ”

ਸੂਮ ਅਗੋਂ ਆਖਦਾ….

” ਨਾ ਕੁਛ ਮੇਰਾ ਗੁਆਚਾ, ਨਾ ਕੁਛ ਦੇਣਾ ਸਾਓਂ   ਹੋਰਾਂ ਦਿੰਦੇ ਵੇਖ ਕੇ, ਕਰੇ ਚਿੱਤ ਘਾਊਂ-ਮਾਂਊਂ “

ਪ.ਸ.ਮ.-     ਬੱਸ ਬਾਈ ਬੱਸ। ਤੂੰ ਤਾਂ ਜਮਾਂ ਈ ਲਾਹ ਕੇ ਰੱਖ ਤੀ । ਤੂੰ ਤਾਂ ਜਾਣਦਾਂ ਹੀ ਏਂ ਬਈ ਅੱਜਕੱਲ ….

” ਗੁਰੂ ਬਹੁਤੇ ਨੇ, ਚੇਲਾ ਕੋਈ-ਕੋਈ ਆ   ਲਿਖਦੇ ਬਹੁਤੇ ਨੇ, ਪਾਠਕ ਕੋਈ-ਕੋਈ ਆ ” ਤੇ ਜਿਹੜੇ ਥੋੜੇ-ਬਹੁਤ ਹਨ ਵੀ, ਓਹ  ”ਪੜ੍ਹੇ-ਲਿਖੇ ”  ਨਾਲ਼ੋਂ   ” ਲਿਖੇ-ਪੂੰਝੇ ” ਜ਼ਿਆਦਾ ਲੱਗਦੇ ਨੇ।

ਹ. ਸ.ਮ.  –  ” ਲਿਖੇ – ਪੂੰਝੇ ” ? ਓਹ ਕਿਵੇਂ ?

ਪ.ਸ.ਮ. –    ਆਹੋ…ਬਈ ਜੋ ਜਿਥੇ ਪੜ੍ਹਿਆ ਓਥੇ  ਹੀ ਛੱਡ ਆਏ । ਦਿਲ-ਦਿਮਾਗ ਦੀ ਫੱਟੀ    ਓਥੇ ਹੀ ਪੋਚ ਦਿੱਤੀ, ਓਥੇ ਪੂੰਝ ਦਿੱਤੀ।  ” ਮੈਨੂੰ ਕੀ ” ਦੇ ਅਸੂਲਾਂ ‘ਤੇ ਚੱਲਦੇ  ‘ ਚੱਲ ਛੱਡ ਪਰਾਂ ‘ ਕਹਿ ਬਿਨਾਂ ਕੁਛ ਚੰਗਾ/ਮਾੜਾ ਕਹੇ  ਅਗਲੇ ਦੇ ਵਿਹੜਿਓਂ ਮੁੜ ਪੈਂਦੇ ਨੇ।

ਹ.ਸ.ਮ. –  ਇਹ ਤਾਂ ਬਾਈ ਤੂੰ ਜਾਣਦਾ ਹੀ ਹੋਵੇਂਗਾ ਕਿ ਜੇ ਤੂੰ ਮੈਨੂੰ ‘ਇੱਕ ਰੁਪਈਆ’ ਦੇਵੇਂਗਾ ਤਾਂ ਮੈਂ ਤੈਥੋਂ ‘ਰੁਪਈਆ’ ਵੱਧ ਅਮੀਰ ਹੋਜੂੰਗਾ। ਪਰ ਕੀ ਕਦੇ ਤੈਂ ਸੋਚਿਆ ਬਈ ਜੇ ਤੂੰ ਆਵਦਾ ਕੋਈ ਵਿਚਾਰ ਮੈਨੂੰ ਘੱਲੇਂਗਾ ਤਾਂ ਓਹ ਵਿਚਾਰ ਮੈਨੂੰ ਵੀ ਮਿਲ਼ਜੂਗਾ ਤੇ ਤੇਰੇ ਕੋਲ਼ੋਂ ਵੀ ਕਿਧਰੇ ਖੁੱਸਣ ਨੀ ਲੱਗਾ।ਤੇਰੇ ਕਿਹਾ ਇੱਕ ਸ਼ਬਦ ਪਿਆਸੇ ਨੂੰ ਮਿਲ਼ੀ ਓਸ ਬੂੰਦ ਦੀ ਤਰਾਂ ਜੋ ਮਾਰੂਥਲ ‘ਚ ਉਸ ਦੇ ਜੀਓਣ ਦਾ ਸਬੱਬ ਹੋ ਨਿਬੜਦੀ ਹੈ। ਓਸ ‘ਇੱਕ ਨਿੱਕੇ ਸ਼ਬਦ ਹੁਲਾਰੇ’ ਨਾਲ਼ ਲੇਖਕ ਆਪਣੇ ਤਜ਼ਰਬਿਆਂ ਨੂੰ ਥੋਡੇ ਸਾਹਮਣੇ ਪਰੋਸਣ ਲਈ ਨਵੇਂ ਸਿਰੇ ਤੋਂ ਵਿਉਂਤਾਂ ਗੁੰਦਣ ਲੱਗ ਜਾਂਦਾ।

ਪ.ਸ.ਮ. –  ਸੋਲਾਂ ਆਨੇ ਸੱਚ ਆ ਬਾਈ। ਜਿਵੇਂ ਆਪਾਂ ਦੀਵਾ-ਦੀਵਾ ਬਾਲ਼ੀਏ ਤਾਂ ‘ ਦੀਵਾਲ਼ੀ’     ਬਣ ਜਾਂਦੀ ਆ। ਨਿੱਕੀਆਂ-ਨਿੱਕੀਆਂ ਖੁਸ਼ੀਆਂ ‘ਕੱਠੀਆਂ ਕਰੀ ਚੱਲੀਏ  ਤਾਂ ‘ ਖੁਸ਼ਹਾਲੀ’ ਆ ਜਾਂਦੀ ਆ।  ਏਸੇ ਤਰਾਂ ਵੱਖੋ-ਵੱਖਰੇ ਵਿਚਾਰਾਂ ਦਾ ਅੱਖਰ-ਅੱਖਰ ਪਰੋਂਦੇ ਰਹੀਏ ਤਾਂ ‘ਵਿਚਾਰਧਾਰਾ’ ਬਣ ਜਾਵੇਗੀ। ਚੰਗਾ ਸਾਹਿਤ ਆਪੇ ਰਚਿਆ  ਜਾਵੇਗਾ। ਓਹ ਸਾਹਿਤ ਜੋ ਨਵੀਂ ਪੀੜ੍ਹੀ ਨੂੰ ਆਵਦੇ ਪਿਛੋਕੜ ਨਾਲ਼ ਜੋੜੀ ਰੱਖਦਾ, ਜੋ  ਦੂਜਿਆਂ ਦੀ ਦਲੀਲ ਸੁਣ , ਵਿਚਾਰਨਾ ਸਿਖਾਉਂਦਾ ਅਤੇ ਆਪਣੇ ਪੁਰਖਿਆਂ ਦੇ   ਜੀਵਨ ਤੱਤਾਂ ਨੂੰ ਜਾਨਣ, ਘੋਖਣ ਤੇ ਆਵਦੇ ਜੀਵਨ ‘ਚ ਢਾਲਣ ਦਾ ਪ੍ਰੇਰਨਾ ਸਰੋਤ              ਬਣਦਾ।

ਹੁਣ ਥੁੱਕੀਂ ਵੜੇ ਪਕਾ ਕੇ ਕੰਮ ਨੀ ਸਰਨਾ।  ਵਿਚਾਰਾਂ ਦੀ ‘ਨ੍ਹੇਰੀ ਨਾ ਸਹੀ, ਮੱਠੀ-  ਮੱਠੀ ਹਵਾ ਤਾਂ ਰੁਮਕਣ ਲਾ ਦਿਓ, ਏਨਾ ਹੀ ਬਹੁਤ ਹੈ।ਪੰਜਾਬੀ ਸਾਹਿਤ ਨੂੰ ਜਿਓਂਦਾ ਰੱਖਣ ਲਈ ਸਾਰੇ ਪੰਜਾਬੀਆਂ ਨੂੰ  ਆਵਦੇ-ਆਵਦੇ ਵਿਚਾਰਾਂ ਦੇ ਸਾਹ ਪੰਜਾਬੀ ਲਿਖਤਾਂ ‘ਚ ਫੂਕਣੇ ਹੀ ਪੈਣੇ ਨੇ। ਨਹੀਂ ਤਾਂ ਇਹ ਗੱਲ ਸੁਨਣੀ ਹੀ ਪੈਣੀ ਹੈ ਕਿ ਸਾਡੀ ਕਰਨੀ ਕੱਖ ਦੀ, ਗੱਲ ਲੱਖ-ਲੱਖ ਦੀ……. ਫੈਸਲਾ ਹੁਣ ਤੁਹਾਡੇ ਹੱਥ ਹੈ।

ਡਾ.ਹਰਦੀਪ ਕੌਰ ਸੰਧੂ

ਇਸ਼ਤਿਹਾਰ

Responses

 1. ਸਵਾ ਸੋਲ਼ਾਂ ਆਨੇ ਸੱਚ ਲੋਖਿਆ ਹੈ ਜੀ । ਇਹੀ ਹਾਲ ਰਿਹਾ ਤਾਂ ਟਿੱਪਣੀਆਂ ਲਈ ਲੱਕੀ ਡਰਾਅ ਰੱਖਣਾ ਪੈਣਾ……

 2. ਜਨਾਬ ਇਹ ਸੰਵਾਦ ਬਹੁਤ ਪਹਿਲਾਂ ਤੋਂ, ਅਸੀ ਉਹ ਸਾਰੇ ਸਾਥੀ ਜਿਨ੍ਹਾਂ ਨੇ ਕੁਝ ਵਰੈ ਪਹਿਲਾਂ ਹਿੰਦੀ ਬਲੌਗਿੰਗ ਵਿਚ ਹੱਥ ਅਜ਼ਮਾਈ ਕੀਤੀ, ਮੂੰਹ ਜ਼ੁਬਾਨੀ ਚਲਾ ਰਹੇ ਸਾਂ, ਕਿ ਹਿੰਦੀ ਦੇ ਬਲੌਗ ਦਸ ਹਜ਼ਾਰ ਦੀ ਗਿਣਤੀ ਪਾਰ ਕਰ ਗਏ, ਚਲੋ ਜੇ ਸਾਰੇ ਉਸਾਰੂ ਨਾ ਵੀ ਲਿਖਦੇ ਹੋਣ ਅਤੇ ਛਾਂਟਵੇਂ ਗਿਣਤੀ ਦੇ ਦਸ ਬਲੌਗ ਵੀ ਕੱਢ ਲਈਏ ਤਾਂ ਉਥੇ ਜਿਹੜਾ ਗਹਿਗੱਚ ਸੰਵਾਦ ਹੁੰਦਾ ਹੈ, ਇੰਝ ਲਗਦਾ ਹੈ ਕਿ ਸਾਡਾ ਦੇਸ਼ ਸੰਵਾਦ ਦੇ ਰਾਹ ਤੇ ਤੁਰ ਪਿਆ ਹੈ। ਤੁਸੀ ਇਹ ਸੰਵਾਦ ਇਸ ਵਿਅੰਗਮਈ ਅੰਦਾਜ਼ ਵਿਚ ਚਲਾ ਕਿ ਸ਼ਾਲਾਘਾਯੌਗ ਕੰਮ ਕੀਤਾ ਹੈ।ਇਹ ਇਕ ਸੰਵੇਦਨਸ਼ੀਲ ਕਲਮਕਾਰ ਦੀ ਨਿਸ਼ਾਨੀ ਹੈ।

  ਇਸੇ ਸੰਵੇਦਨਸ਼ੀਲਤਾ ਨਾਲ ਕੋਈ ਡੇਢ ਕੁ ਸਾਲ ਪਹਿਲਾਂ ਲਫ਼ਜ਼ਾਂ ਦਾ ਪੁਲ (www.lafzandapul.com) ਸ਼ੁਰੂ ਕੀਤਾ ਕਿ ਉਹ ਪੰਜਾਬੀ ਸਾਥੀ ਜਿਹੜੇ ਉਸਾਰੂ ਕੰਮ ਕਰਨਾ ਚਾਹੁੰਦੇ ਹਨ, ਪਰ ਪਲੇਟਫਾਰਮ ਦੀ ਅਣਹੋਂਦ ਕਰ ਕੇ ਸੰਭਵ ਨਹੀਂ ਹੋ ਰਿਹਾ, ਲਫ਼ਜ਼ਾਂ ਦਾ ਪੁਲ ਉਹ ਘਾਟ ਪੂਰੀ ਕਰੇ। ਆਪਣੇ ਪੱਧਰ ਤੇ ਅਸੀ ਜੋ ਕਰ ਸਕਦੇ ਸੀ ਉਹ ਕੀਤਾ ਵੀ ਤੇ ਕਰ ਵੀ ਰਹੇ ਹਾਂ, ਪਰ ਵਡੇ ਪੱਧਰ ਤੇ ਜੇ ਕਹਾਂ ਤਾਂ ਬਹੁਤੀ ਸਫ਼ਲਤਾ ਨਹੀਂ ਮਿਲੀ, ਬਹੁਤ ਸਾਰੇ ਸਾਥੀ ਦਿੱਤੇ ਗਏ ਵਿਸ਼ੇ ਤੇ ਮਹੀਂਨੇ ਵਿਚ ਇਕ ਕਵਿਤਾ ਤੱਕ ਭੇਜਣ ਲਈ ਰਾਜੀ ਨਹੀਂ, ਟਿੱਪਣੀਆਂ ਦੀ ਗੱਲ ਤਾਂ ਦੂ੍ਰ ਹੈ। ਇੱਥੋਂ ਤੱਕ ਕਿ ਜਿਹਨਾਂ ਦੀਆਂ ਰਚਨਾਵਾਂ ਛਪਦੀਆਂ ਹਨ, ਉਹ ਹੋਰ ਕਿਸੇ ਦੀ ਰਚਨਾ ਤੇ ਟਿੱਪਣੀ ਕਰਨ ਤੋਂ ਵੀ ਗੁਰੇਜ਼ ਕਰਦੇ ਹਨ. ਕਿ ਕਿਤੇ ਮੇਰੀ ਰਚਨਾ ਤੇ ਨਾ ਕੋਈ ਔਖਾ ਭਾਰਾ ਵਿਚਾਰ ਆ ਜਾਵੇ। ਕਈ ਤਾਂ ਇੱਥੋਂ ਤੱਕ ਕਹਿੰਦੇ ਨੇ ਜੇ ਕੋਈ ਅਲੋਚਨਾ ਹੇਵੇ ਤਾਂ ਫ਼ੋਨ ਤੇ ਜਾਂ ਈ-ਮੇਲ ਤੇ ਦੱਸੀ ਜਾਵੇ ਟਿੱਪਣੀ ਨਾ ਕੀਤੀ ਜਾਵੇ (ਅਸਿੱਧੇ ਤੌਰ ਤੇ ਉਹ ਮੂੰਹੋ ਕਹਿੰਦੇ ਹਨ ਕਿ ਇਸ ਤਰ੍ਹਾਂ ਬੇਇੱਜ਼ਤੀ ਹੋ ਜਾਂਦੀ ਹੈ) ਯਾਨਿ ਅਲੋਚਨਾ ਹੁਣ ਉਸਾਰੂ ਨਹੀਂ ਢਾਹੂ ਵਿਧਾ ਸਮਝੀ ਜਾਂਦੀ ਹੈ, ਉਨ੍ਹਾਂ ‘ਸਾਹਿਤਕਾਰਾਂ’ ਤੋਂ ਅਸੀ ਕੀ ਆਸ ਰੱਖ ਸਕਦੇ ਹਾਂ, ਜੋ ਅਲੋਚਨਾ ਨੂੰ ਬੇਇੱਜ਼ਤੀ ਸਮਝਦੇ ਨੇ ਤੇ ਅਲੋਚਨਾ ਕਰਨ ਵਾਲੇ ਨੂੰ ਵੈਰੀ…ਇਹੋ ਜਿਹੇ ਮਾਹੌਲ ਵਿਚ ਟਿੱਪਣੀਆਂ ਦੀ ਆਸ, ਝੋਟੇ ਤੋਂ ਦੁੱਧ ਦੀ ਆਸ ਰੱਖਣ ਬਰਾਬਰ ਹੈ, ਸ਼ਾਇਦ ਇਹ ਝੋਟਾ ਕਦੀ ਚੋਇਆ ਜਾ ਸਕੇ…

 3. I really liked the way….. you expressed your thoughts…..in this article… I can not say much since i never visited any hindi blog so far….. but in general…. i think…..:

  People who reads and leave comments are often thoughful, little emotional and appriciative of your writing skills. Thus the writer has to put that effort in writing such stuff that compels the reader to think and ponder …. and appriciate ….. a blog lacking such compelling writing may be few

  The writers who cann’t accept criticism are the one who thinks more about other’s impressions and is perhaps not true writing….. i recall one of sidhu’s on liner….. ‘ਸਭ ਤੋਂ ਵੱਡਾ ਰੋਗ… ਕੀ ਕਹਿਣਗੇ ਲੋਗ (ਲੋਕ)’ …..

  I would rather like few people interacting with a writer with pure hearted feeling rather than just leaving a message for the sake of it…… very few but true…. because you can not find many at the same wavelength…. and to see more people read what i write… I probably have to raise my own standard…..

 4. ਸਾਡੇ ਬਜ਼ੁਰਗਾਂ ਨੇ ਸਹਿਜ-ਸੁਭਾਅ ਹੀ ਸਾਨੂੰ ਉਸ ਸਮੇਂ ਪੱਤਰਕਾਰੀ ਦੇ ਗੁਰ ਸਿਖਾਉਣ ਦਾ ਹੀਲਾ ਕੀਤਾ ਸੀ, ਜਦੋਂ ਉਨ੍ਹਾਂ ਨੇ ‘ਧੀਏ ਗੱਲ ਕਰ, ਨੂੰਹੇਂ ਕੰਨ ਕਰ’ ਕਿਹਾ ਸੀ। ਤੁਹਾਡਾ ਗੱਲ ਕਹਿਣ ਦਾ ਇਹ ਅੰਦਾਜ਼ ਬਹੁਤ ਹੀ ਪਸੰਦ ਆਇਆ!
  -ਬਖ਼ਸ਼ਿੰਦਰ

 5. ਡਾ ਹਰਦੀਪ ਜੀ ਸਸਅ ਇਹ ਵਿਅੰਗ ਮੈਂ ਇਕ ਦੋ ਦਿਨ ਪਹਿਲਾਂ ਹੀ ਪੜ ਲਿਆ ਸੀ
  ਫਿਰ ਲੁਧਿਆਣੇ ਪੰਜਾਬੀ ਸਅਹਿਤ ਅਕੈਡਮੀ ਦੀਆਂ ਚੋਣਾ ਵਿਚ ਚਲੇ ਗਏ।ਤੁਸੀਂ ਸੱਚ ਕਿਹਾ ਹੈ।ਭਾਵੇਂ ਪੰਜਾਬੀ ਬਲਾਗਾਂ ਦੀ ਗਿਣਤੀ ਭਾਸ਼ਾ ਦਾ ਘੱਟ ਵਿਸਥਾਰ ਹੋਣ ਕਾਰਨ ਸੀਮਤ ਹੈ ਫਿਰ ਵੀ ਆਨ ਲਾਈਨ ਕਮੈਂਟਸ ਕਾਫੀ ਘੱਟ ਹਨ।ਨਵੀਂ ਪੀੜੀ ਤਾਂ ਔਰਕੁਟ ਵਰਗੀਆਂ ਥਾਵਾਂ ਤੇ ਰੁਝੀ ਹੋਈ ਹੈ। ਜੇਕਰ ਕੋਈ ਸਾਡੇ ਬਲਾਗ ਤੇ ਆਉਂਦਾ ਵੀ ਹੈ ਤਾਂ ਅਰੋਗ ਟਿਪਣੀ ਨਹੀ ਦੇ ਰਿਹਾ।ਕਈ ਸ਼ੋਸ਼ਲ ਸਾਈਟਾਂ ਤੇ ਹਾ ਹਾ ਹੂ ਹੂ ਵਰਗੇ ਸ਼ਬਦ ਵੀ ਆ ਰਹੇ ਹਨ ਜੋ ਸਾਨੂੰ ਤਾਂ ਬਿਲਕੁਲ ਪਸੰਦ ਨਹੀ ਜਾਂ ਕਹਿ ਲਉ ਸਾਡੇ ਸੱਭਿਆਚਾਰ ਤੋਂ ਦੂਰ ਹਨ।ਬਾਕੀ ਫਿਰ ਸਹੀ।।।।।।।।।।

 6. ਗੱਲ ਤਾਂ ਖੂਬਸੂਰਤ ਤੁਰੀ ਹੈ,ਜੇ ਵਿਦਵਾਨ ਸੱਜਨਾ ਨੂੰ ਮਾਫਕ ਆ ਜਾਏ।

 7. ਹਰਦੀਪ ਜੀ
  ਪਹਿਲਾ ਤਾਂ ਬਹੁਤ ਦਿਨਾਂ ਬਾਅਦ ਮੈਂ ਵੀ “ਹਾਜ਼ਿਰ ਜੀ”!
  ਉਪਰੋਕਤ ਲਿਖੀ ਕੁਲਦੀਪ ਜੀ ਦੀ ਟਿਪਣੀ ਦੀਆਂ ਕੁਝ ਸਤਰਾਂ ਹਨ;
  ”I would rather like few people interacting with a writer with pure hearted feeling rather than just leaving a message for the sake of it……

  ਕਈ ਵਾਰ ‘ਲੇਖਕ’ ਕਿਤੋਂ ਹੋਰ ਬੋਲ ਰਿਹਾ ਹੁੰਦਾ ਹੈ ਤੇ ‘ਟਿੱਪਣੀ’ ਕਿਤੋਂ ਹੋਰ…

  Quality or quantity???

  ਖੈਰ!
  best regards!
  Sandeep Dhanoa

 8. ਦੀਪੀ ਰਾਏ ਤਾਂ ਮੇਰੀ ਵੀ ਏਹੀ ਐ ਬਈ ਆਵਦੇ ਝੱਗਿਆਂ ਨੂੰ ਹੁਣ ਦੋ ਦੋ ਖੀਸੇ ਲਵਾ ਈ ਲੈਣੇ ਚਾਹੀਂਦੇ ਐ..ਇੱਕ ਤਾਂ ਗੌਣ ਵਾਲਿਆਂ ਦੇ ਸਿਰਾਂ ਤੋਂ ਵਾਰਨੇ ਨੋਟਾਂ ਲਈ ਤੇ ਦੂਜਾ ਲਿਖੇ ਪੜ੍ਹਿਆਂ ਨੂੰ ਕਦੇ ਕਦਾਈਂ ‘ਹੌਸਲਾਸ਼ਬਾਈ’ ਖਾਤਰ ਛੋਟੀ ਮੋਟੀ “ਸ਼ਬਦਾਂ ਦੀ ਭਾਨ ਰੱਖਣ” ਨੂੰ..ਹੈਕਨਾ..ਨਹੀਂ ਤਾਂ ਆਪਾਂ ਏਸ ਕੰਮ ‘ਚ ਫਾਡੀ ਤਾਂ ਹੈਗੀਏਆਂ..

 9. ਸਾਰੇ ਸੁਹਿਰਦ ਪਾਠਕਾਂ ਦਾ ਵਿਸ਼ੇ ਦੀ ਪਕੜ ਕਰਨ ਤੇ ਆਪਣੇ ਕੀਮਤੀ ਵਕਤ ‘ਚੋਂ ਉਚੇਚਾ ਸਮਾਂ ਕੱਢਕੇ ਆਵਦੇ ਕੀਮਤੀ ਵਿਚਾਰਾਂ ਨਾਲ਼ ਪੰਜਾਬੀ ਵਿਹੜੇ ਸ਼ਿੰਗਾਰਨ ਲਈ ਮੈਂ ਸਾਰਿਆਂ ਦਾ ਤਹਿ ਦਿਲੋਂ ਸ਼ੁਕਰੀਆ ਕਰਦੀ ਹਾਂ।
  ਆਪ ਜਿਹੇ ਦੋਸਤਾਂ ਦੇ ਹੁੰਘਾਰੇ ਨਾਲ਼ ਹੀ ‘ਪੰਜਾਬੀ ਵਿਹੜਾ’ ਤੁਹਾਡੀਆਂ ਹੀ ਗੱਲਾਂ ‘ਚੋਂ ਗੱਲ ਕੱਢ ਕੁਝ ਹੋਰ ਨਵਾਂ ਲਿਆਉਣ ਦੀ ਹਰ ਹੀਲੇ ਕੋਸ਼ਿਸ਼ ਕਰੇਗਾ।

 10. i like dis site………dil apna punjabi


ਟਿੱਪਣੀ ਕਰੋ ਜਾਂ ਕੁਝ ਪੁੱਛੋ

ਆਪਣੀ ਜਾਣਕਾਰੀ ਹੇਠਾਂ ਭਰੋ ਜਾਂ ਦਾਖਲੇ ਲਈ ਕਿਸੇ ਆਈਕਨ 'ਤੇ ਕਲਿੱਕ ਕਰੋ:

WordPress.com Logo

ਤੁਸੀਂ WordPress.com ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Twitter picture

ਤੁਸੀਂ Twitter ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Facebook photo

ਤੁਸੀਂ Facebook ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Google+ photo

ਤੁਸੀਂ Google+ ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Connecting to %s

ਸ਼੍ਰੇਣੀਆਂ

%d bloggers like this: