ਮੇਰੇ ਪੰਜਾਬੀ ਹਾਇਕੁ

ਹਾਇਕੁ ਜਪਾਨੀ ਵਿਧਾ ਦੀ ਦੁਨੀਆ ‘ਚ ਸਭ ਤੋਂ ਛੋਟੀ ਮੰਨੀ ਜਾਣ ਵਾਲੀ ਕਵਿਤਾ ਹੈ। ਇੱਕੋ ਸਾਹ ‘ਚ ਕਹੀ ਜਾਣ ਵਾਲੀ ਕਵਿਤਾ।ਇਸ ‘ਚ ‘ਕਹੇ’ ਨਾਲ਼ੋਂ ‘ਅਣਕਿਹਾ’ ਜ਼ਿਆਦਾ ਹੁੰਦਾ ਹੈ। ਜੋ ਨਹੀਂ ਕਿਹਾ ਗਿਆ, ਉਹ ਪਾਠਕ ਨੇ ਆਪ ਅਨੁਭਵ ਕਰਨਾ ਹੁੰਦਾ ਹੈ।

ਹਾਇਕੁ ਨੂੰ 17 ਧੁਨੀ ਇਕਾਈਆਂ ਜੋ ਜਪਾਨੀ ‘ਚ ਓਂਜੀ(onji)ਹੈ , ਨੂੰ 5+7+5 ਕਰਕੇ ਤਿੰਨ ਸਤਰਾਂ ‘ਚ ਲਿਖਿਆ ਜਾਂਦਾ ਹੈ।ਜੇ ਤੁਹਾਡੇ ਕੋਲ਼ ਅਣਕਹੇ ਨੂੰ ਕਹਿਣ ਤੇ ਸਮਝਣ ਦੀ ਕਲਾ ਹੈ ਤਾਂ ਤੁਸੀਂ ਤਿੰਨ ਸਤਰਾਂ ‘ਚ 3-4 ਪੰਨਿਆ ਵਾਲ਼ੀ ਕਵਿਤਾ ਤੋਂ ਵੀ ਜ਼ਿਆਦਾ ਅਨੰਦ ਲੈ ਸਕਦੇ ਹੋ। 

 ਜਦੋਂ ਆਪਾਂ ਜਾਪਾਨੀ ਧੁਨੀ ਇਕਾਈਆਂ  (sound symbols) ਜਾਂ ਧੁਨੀ ਟੁਕੜੀਆਂ (sound units), ਜਿਨ੍ਹਾਂ ਨੂੰ ਜਾਪਾਨੀ ਵਿਚ ਓਂਜੀ (onji) ਕਿਹਾ ਜਾਂਦਾ ਹੈ, ਦੀ ਅੰਗਰੇਜ਼ੀ ਧੁਨੀ ਖੰਡਾਂ (syllables) ਨਾਲ਼ ਤੁਲਨਾ ਕਰੀਏ ਤਾਂ  ਸਹੀ ਨਹੀਂ ਬੈਠਦੀ ਕਿਉਂਕਿ ਜਾਪਾਨੀ ਧੁਨੀ ਚਿੰਨ੍ਹ ਅੰਗਰੇਜੀ ਦੇ ਧੁਨੀ ਖੰਡਾਂ ਨਾਲੋਂ ਉਚਾਰਨ ਵੇਲ਼ੇ ਘੱਟ ਸਮਾ ਲੈਂਦੇ ਹਨ। ਜਿਵੇਂ ਸ਼ਬਦ ਹਾਇਕੁ ਹੀ ਲੈ ਲਈਏ ਅੰਗਰੇਜ਼ੀ ਵਿਚ ਇਸ ਦੇ ਦੋ ਧੁਨੀਂ ਖੰਡ ਹਨ ਹਾਇ+ਕੁ ਪਰ ਜਾਪਾਨੀ ਵਿਚ ਤਿੰਨ ਚਿੰਨ੍ਹ ਵਰਤੇ ਜਾਂਦੇ ਹਨ ਹਾ+ਏ+ਕੁ। ਸਾਈਲੇਬਲ ਦਾ ਉਚਾਰਨ ਸਮਾਂ ਓਂਜੀ ਦੇ ਉਚਾਰਨ ਸਮੇ ਨਾਲੋਂ ਵਧੇਰੇ ਲੰਮਾ ਹੁੰਦਾ ਹੈ। 

ਹਾਇਕੁ ਜਪਾਨੀ ਭਾਸ਼ਾ ਤੋਂ ਸੰਸਾਰ ਦੀਆਂ ਦੂਜੀਆਂ ਭਾਸ਼ਾਵਾਂ ‘ਚ ਗਿਆ ਹੈ।ਹਾਇਕੁ ਦੀਆਂ ਕਈ ਪਰਤਾਂ ਹਨ, ਜਿਸ ਨੂੰ ਜਿੰਨੀ ਵਾਰ ਪੜ੍ਹੀਏ ਇਸ ਦੇ ਅਰਥ ਹੋਰ ਡੂੰਘੇ ਹੁੰਦੇ ਜਾਂਦੇ ਹਨ। ਮੇਰੇ ਹੁਣ ਤੱਕ ਦੇ ਲਿਖੇ ਹਾਇਕੁ ਤੁਸੀਂ ਇੱਥੇ ਪੜ੍ਹ ਸਕਦੇ ਹੋ……

1.

ਚੜ੍ਹਿਆ ਸਾਲ

ਜ਼ਿੰਦਗੀ ‘ਚੋਂ ਮਨਫ਼ੀ

ਹੈ ਇੱਕ ਸਾਲ 

****

2.

ਪੰਜਾਬ ਬੰਦ

ਸੜਕਾਂ ਨੇ ਸੁੰਨੀਆਂ

ਦਿਲ ਤੂਫ਼ਾਨੀ 

****

3.

ਬਾਂਹ ‘ਚ ਚੂੜਾ

ਪੱਛਮੀ ਪਹਿਰਾਵਾ

ਪੰਜਾਬੀ ਜੋੜਾ

*****

4.

ਪੂਜਾ ਮੈਂ ਕੀਤੀ

ਅਗਰਬੱਤੀ ਰਾਖ

ਸੀ ਹੱਥ ਮੇਰੇ

*****

5.

ਹੱਟੀ ‘ਤੇ ਜਾਣਾ

ਅੱਠ ਆਨੇ ਦਾ ਸੌਦਾ

ਰੂੰਗਾ ਲੈ ਖਾਣਾ

 *****

6.

ਖੇਡਣ ਹਾਣੀ

ਟਿੱਬੇ ਵਾਲ਼ੇ ਖੇਤ ‘ਚ

ਨੂੰਣ ਨਿਹਾਣੀ

*****

7.

ਹਨ੍ਹੇਰੀ ਠੰਢ

ਰਾਤੀਂ ਦੇਵੇ ਪਹਿਰਾ

ਬਾਪੂ ਦੀ ਖੰਘ

*****

8.

ਅੰਬੋ ਪਕਾਵੇ

ਨਾਲ਼ੇ ਕਰੇ ਗਿਣਤੀ

ਦੋ-ਦੋ ਸਭ ਨੂੰ 

*****

9.

ਛੱਡ ਸੀ ਆਈ

ਬਾਬੁਲ ਦੇ ਵਿਹੜੇ

ਬਚਪਨ ਮੈਂ

*****

10.

ਗੁੰਮ ਹੈ ਕਿਤੇ

ਕੁੱਕੜ-ਬਾਂਗ ਵਾਲ਼ਾ

ਅੱਜ ਸਵੇਰਾ

*****

11.

ਉੱਚੇ ਮਕਾਨ

ਰੇਸ਼ਮੀ ਨੇ ਪਰਦੇ

ਉਦਾਸ ਲੋਕ

*****

12.

ਓਟੇ ‘ਤੇ ਪਾਏ

ਯਾਦਾਂ ‘ਚ ਚਹਿਕਣ

ਚਿੜੀਆਂ ਤੋਤੇ 

*****

13.

 ਚੜ੍ਹਦੀ ਧੁੱਪ

ਵਿਹੜੇ ਮੰਜੀ ਡਾਹੀ

ਬੇਬੇ ਸੀ ਚੁੱਪ

*****

14.

ਬੇਬੇ ਮਗਰੋਂ

ਸੰਦੂਕ ਤੇ ਚਰਖਾ

ਖੂੰਜੇ ਨੇ ਲੱਗੇ

*****

15.

ਹੌਲ਼ੇ ਬਸਤੇ

ਪਿੱਪਲਾਂ ਹੇਠ ਬੈਠ

ਪੜ੍ਹਦੇ ਬੱਚੇ

*****

16.

ਕਿਤੇ ਨਾ ਜਾਵੇ

ਪਿੰਡ ਨੂੰ ਜਾਂਦਾ ਰਾਹ

ਓਸੇ ਹੀ ਥਾਵੇਂ

*****

17.

ਮੁੜ ਕੇ ਆ ਜਾ

ਪਿੰਡ ਵਾਲ਼ੀ ਫਿਰਨੀ

ਅਵਾਜ਼ਾਂ ਮਾਰੇ

*****

18..

ਧੀਆਂ ਖੇਡਣ

ਗੁੱਡੀਆਂ ਤੇ ਪਟੋਲੇ

ਮਾਂ ਦੇ ਵਿਹੜੇ

*****

19.

ਸਰੋਂ ਦਾ ਖੇਤ

ਉੱਡ-ਉੱਡ ਜਾਂਵਦੀ

ਬਸੰਤੀ ਚੁੰਨੀ

*****

 20.

ਜੋੜ ਮੰਜੀਆਂ

ਸਪੀਕਰ ਵੱਜਦਾ

ਘਰ ਵਿਆਹ 

*****

21.

ਉੱਚਾ ਬੰਗਲਾ

ਟੁੱਟੀ ਹੋਈ ਚੱਪਲ

ਚੜ੍ਹੀ ਚੁਬਾਰੇ

*****

22.

ਜੂਠ ਚੁੱਕਦਾ

ਭੁੱਖਾ ਏ ਬਚਪਨ

ਰੱਜੇ ਲੋਕਾਂ ਦੀ

*****

23.

ਰੋਟੀ ਪਕਾਵੇ

ਤਵੇ ‘ਤੇ ਉੱਤਰਿਆ

ਚੰਦ ਵੇਖਿਆ

*****

24.

ਪੱਤਝੜ ‘ਚ

ਠੰਢੋਂ ਬੱਚਦੇ ਰੁੱਖ

ਹੋ ਨਿਪੱਤਰੇ

*****

25.

ਮੁੜੇ ਤਕਾਲੀਂ

ਲੈ ਪੱਠਿਆਂ ਦੀ ਪੰਡ

ਕਰਨਾ ਟੋਕਾ

*****

26.

ਵੱਡਾ ਸੀ ਲਾਣਾ

ਇੱਕੋ ਘਰ ਟਿਕਾਣਾ

ਸੁੱਖ ਜਿਓਣਾ

*****

27.

ਬਾਣ ਦਾ ਮੰਜਾ

ਡੱਬ-ਖੱੜਬੀ ਸੀ ਛਾਂ

ਹੁਣ ਲੱਭੇ ਨਾ

*****

28.

ਹਾਰੇ ਧਰਦੀ

ਮੱਠੀ-ਮੱਠੀ ਅੱਗ ‘ਤੇ

ਦੁੱਧ ਕਾੜਨੀ

*****

29.

ਭੜੋਲਾ ਖਾਲੀ

ਪੀਹਣਾ ਕਰਨ ਨੂੰ

ਛੱਜ ਭਾਲਦੀ

*****

30.

ਕਾਂਸੀ ਦੇ ਥਾਲ਼

ਪੰਜਾਇਬ ਘਰ ‘ਚ

ਮਗਰੇ ਕੌਲ

*****

31.

ਫੱਟੀ ਸੀ ਪੋਚੀ

ਮਲ਼-ਮਲ਼ ਕੇ ਗਾਚੀ

ਧੁੱਪੇ ਸੁਕਾਈ

*****

32.

ਬਾਲਣ ਮੁੱਕੇ

ਰੋਟੀ ਟੁੱਕ ਨਬੇੜ

ਚੁੱਗਣੇ ਡੱਕੇ

*****

33.

ਪਿੰਡ ਜਾ ਮੰਗੀ

ਮੈਂ ਚਾਟੀ ਵਾਲ਼ੀ ਲੱਸੀ

ਬੇਬੇ ਹੱਸਦੀ

*****

34.

ਤਿੱਤਰ ਖੰਬੀ

ਬੱਦਲ਼ਾਂ ਨੇ ਕੱਜਿਆ

ਨੀਲੱਤਣ ਨੂੰ

*****

35.

ਨੀਲਾ ਅੰਬਰ

ਤਾਰੀਆਂ ਨੇ ਲਾਉਂਦੇ

ਰੂੰ ਦੇ ਬੱਦਲ਼

*****

36.

ਲਾਡੋ ਪਕਾਵੇ

ਨਕਸ਼ੇ ਜਿਹੀ ਬਣੀ

ਪਹਿਲੀ ਰੋਟੀ

*****

37.

ਸੰਵਾਰੇ ਵਾੜਾ

ਚਿਣ-ਚਿਣ ਪਾਥੀਆਂ

ਲਾਏ ਗੁਹਾਰਾ

*****

38.

ਭੰਨ ਪਾਥੀਆਂ

ਹਾਰੇ ਅੱਗ ਮਘਾਵੇ

ਰਿੱਝਦੀ ਦਾਲ਼

*****

39.

ਬੱਦਲ਼ ਗੱਜੇ

ਬੇਬੇ ਢੱਕ ਪਾਥੀਆਂ

ਚੁੱਲ੍ਹੇ ਨੂੰ ਕੱਜੇ

*****

40.

ਪੜ੍ਹ ਕੇ ਚਿੱਠੀ

ਦੂਰ ਵਸੇਂਦਾ ਪਿੰਡ

ਲੱਗਦਾ ਨੇੜੇ

*****

41.

ਕੀਕਣ ਪੜ੍ਹਾਂ

ਚਿੱਠੀ ਘੱਲੀ ਜੋ ਦਾਦੀ 

‘ੳ’-‘ਅ’ ਸਿੱਖੀ ਨਾ

*****

42.

ਚਾਟੀ-ਮਧਾਣੀ

ਰਿੜਕੇ ਚੂੜੇ ਵਾਲ਼ੀ

ਛਣਕ-ਛਣ

*****

43.

ਬੱਸ ਆਖਰੀ

ਲਟਕੇ ਪਾਸਾਂ ਵਾਲ਼ੇ

ਬੈਠੀ ਸਵਾਰੀ

*****

44.

ਕੰਧ ਨਾ ਕੱਢੋ

ਖੇਡਣ ਚਿੱੜੀ-ਛਿੱਕਾ

ਵਿਹੜਾ ਨਿੱਕਾ

*****

45.

ਬਾਪੂ ਮੁੜਿਆ

ਪੁੱਤ ਜਹਾਜ਼ੇ ਚੜ੍ਹਾ

ਪੰਡ ਕਰਜ਼ਾ

*****

46.

ਮਾਵਾਂ -ਧੀਆਂ ਨੇ

ਦੁੱਖ-ਸੁੱਖ ਫਰੋਲ਼ੇ

ਟੈਲੀਫੋਨ ‘ਤੇ

*****

47.

ਕਾਲ਼ਾ ਚਸ਼ਮਾ

ਅੱਥਰੂ ਛਪਾਉਂਦਾ

ਕਿਵੇਂ ਮੈਂ ਖੁਸ਼ ?

*****

48.

ਪੂੜੇ ਪਕਾਏ

ਪੈਨਕੇਕ ਆਖ ਕੇ

ਖਵਾਉਂਦੀ ਮਾਂ

*****

49.

ਸਰੋਂ ਤੇਲ ਲਾ

ਸੋਨ ਤਾਰਾਂ ਲੱਗਦੇ

ਨਾਨੀ ਦੇ ਵਾਲ਼

*****

50.

ਸਾਉਣ ਝੜੀ

ਪਕਾਏ ਗੁਲਗਲ

ਮਹਿਕ ਖਿੜੀ

*****

51.

ਫੋਟੋ ਸੀ ਖਿੱਚੀ

ਬੇਬੇ ਮੂੰਹ ਲੁਕੋਵੇ

ਵਰਜੇ ਤਾਈ

*****

52.

ਦਿਖੇ ਅਕਸ

ਸ਼ੀਸ਼ੇ ‘ਚੋਂ ਨਾ ਲੱਭਦਾ

ਵਜੂਦ ਕਦੇ

*****

53.

ਧਰਤੀ ਥੋੜੀ

ਬੰਦੇ ਨੇ ਜਾ ਚੰਦ ‘ਤੇ

ਗੱਡੀ ਏ ਮੋੜ੍ਹੀ

*****

54.

ਅੱਖਾਂ ਮਲ਼ਦੀ

ਮੌਸਮ ਬਾਰੇ ਪੁੱਛੇ

 ਉੱਠਦੀ ਨਿੱਕੀ

*****

55.

ਮੂੰਹ-ਜ਼ੁਬਾਨੀ

ਕਾਗਜ਼ ‘ਤੇ ਸ਼ਬਦ

ਬਣੇ ਕਹਾਣੀ

*****

56.

ਤੁਰ ਗਏ ਨੇ

ਪਾਂਧੀ ਅਣਦੱਸੀ ਥਾਂ

ਛੱਡ ਕੇ ਪੈੜਾਂ

*****

57.

 ਵਾਹ ਕੇ ਘੇਰਾ

ਡੰਡਾ-ਡੁੱਕ ਖੇਡਦੇ

ਬੋਹੜਾਂ ਥੱਲੇ

*****

58.

ਭੋਰ ਕੇ ਰੋਟੀ

ਮਿੱਠਾ ਮੋਹ ਮਿਲ਼ਾਕੇ

ਮਾਂ ਕੁੱਟੇ ਚੂਰੀ

*****

59.

ਰੋਂਦਾ ਨਿਆਣਾ

ਆਟੇ ਦੀ ਚਿੜੀ ਦੇ ਕੇ

ਮਾਂ ਵਰਾਉਂਦੀ

*****

60.

ਰੱਖੜੀ ਆਈ

ਭੈਣ ਬੰਨੇ ਪਿਆਰ

ਵੀਰ ਕਲਾਈ

*****

61.

‘ਵਾਜ਼ ਨਾ ਮਾਰੋ

ਓ ਰਿਕਸ਼ਾ ਕਹਿ ਕੇ

ਫੋਨ ਘੁਮਾਓ

*****

62.

ਟੀ.ਵੀ. ‘ਤੇ ਬਾਣੀ

ਟੈਲੀਫੋਨ ‘ਤੇ ਸੁਣਾਂ

ਮਾਂ ਦੀ ਆਵਾਜ਼

*****

63.

ਯੁੱਗ ਮਸ਼ੀਨੀ

ਪੀਂਘ ਵਾਲ਼ਾ ਬਟਨ

ਲੱਭਦੀ ਮੁੰਨੀ 

*****

64.

ਮਾਂ ਹੱਥੀਂ ਕੱਢੀ

ਚਾਦਰ ਜੋ ਵਿਛਾਈ

ਮਾਂ ਛੋਹ ਪਾਈ

*****

65.

ਨਵਾਂ ਹੈ ਸਾਲ

ਸਿਵਾ ਤਰੀਕ ਕੁਝ

ਬਦਲਿਆ ਨਾ

*****

66.

ਧੀਆਂ ਖੇਡਣ

ਕਿਆਰੀ ਫੁੱਲ ਖਿੜੇ

ਮਾਂ ਦੇ ਵਿਹੜੇ

*****

67.

ਨਿੱਕੂ ਰੋਇਆ

ਕੀੜੀ ਆਟਾ ਡੁੱਲ੍ਹਿਆ

ਮਾਂ ਪੁਚਕਾਰੇ

*****

68.

ਸੀਟੀ ਵਜਾਈ

ਭੈੜੇ ਕੰਡਕਟਰ

ਬੇਬੇ ਭਜਾਈ

*****

69.

ਮਾਂ ਜੋ ਪਕਾਵੇ

ਮਹਿਕ ਰਸੋਈ ‘ਚੋਂ

ਮੋਹ ਦੀ ਆਵੇ

*****

70.

ਛੱਡਿਆ ਦੇਸ

ਗਰਦੇ ਲਿਪਟਿਆ

ਪਿੰਡ ਪ੍ਰਦੇਸ

*****

71.

ਪਹੁ ਫੁਟਾਲ਼ਾ

 ਉੱਡ ਗਏ ਨੇ ਪੰਛੀ

ਮੈਥੋਂ ਪਹਿਲਾਂ

*****

72.

ਚਿਹਰੇ ਉੱਤੇ

ਪਈਆਂ ਸਿਲਵਟਾਂ

ਭੁੱਲੇ ਹੱਸਣਾ

*****

73.

ਤੀਆਂ -ਸੰਧਾਰਾ

ਚੌਲ਼ਾਂ ਦੀਆਂ ਪਿੰਨੀਆਂ

ਭੋਰ ਖਾਧੀਆਂ

*****

74.

ਮੀਂਹ ਦੇ ਪਿੱਛੋਂ

ਪੱਤਿਆਂ ਤੋਂ ਟੱਪਕੇ

ਪਾਣੀ ਤੁਪਕਾ

*****

75.

ਦਿਵਾਲੀ ਰਾਤ

ਦੀਵੇ ਚਾਨਣ ਕੀਤਾ

ਭਰੇ ਵਿਹੜਾ

*****

76.

ਦੀਵਾਲ਼ੀ ਰਾਤ

ਦੀਵਿਆਂ ਦੀ ਲੌਅ ‘ਚ

ਨੱਚੇ ਚਾਨਣ

*****

77.

ਚਾਹ ‘ਚ ਡੁਬੋ

ਖਾਧੇ ਸੀ ਬਿਸਕੁਟ

ਦੇਸੀ ਘਿਓ ਦੇ

*****

78.

ਬੀਬੋ ਤੇ ਸੀਬੋ

ਤੰਦੂਰ ਭਖਾਇਆ 

ਸਾਂਝੇ ਵਿਹੜੇ

*****

79.

ਬੈਠ ਤ੍ਰਿੰਝਣ

ਛੋਪ ਨੇ ਪਾਉਂਦੀਆਂ

ਜੋੜ ਚਰਖੇ

*****

80.

ਚਿੱਥੀ ਨਾ ਜਾਵੇ

ਭੋਰ-ਭੋਰ ਕੇ ਰੋਟੀ

ਚਿੜੀ ਨੂੰ ਪਾਵੇ

*****

81.

ਚੱਲਦੀ ਹਵਾ

ਹਿੱਲਣ ਪੰਖੜੀਆਂ

ਫੁੱਲ ਹੱਸਦੇ

*****

82.

ਔੜ ਘੜੀਆਂ

ਫੂਕਣ ਨੇ ਚੱਲੀਆਂ

ਲੀਰਾਂ ਦੀ ਗੁੱਡੀ

*****

83.

ਗੱਡੀਆਂ ਵਾਲ਼ੀ

ਲੈ ਲਓ ਝਾਰਨੀਆਂ

ਦਿੰਦੀ ਏ ਹੋਕਾ  

*****

 84.

ਤ੍ਰੇਲ ਤੁਪਕੇ

ਧੁੱਪ ‘ਚ ਚਮਕਣ

ਲੱਗਣ ਮੋਤੀ 

****

85.

ਬੋਲਦਾ ਨਾ ਕਾਂ

ਟੈਲੀਫੋਨ ਦੀ ਘੰਟੀ

ਆਏਗਾ ਕੋਈ

****

86.

ਕੁੱਕੜ ਬਾਂਗ

ਚਹਿਕਣ ਚਿੜੀਆਂ

ਸਰਘੀ ਵੇਲ਼ਾ

****

87.

ਖਿਲਰੇ ਦਾਣੇ

ਆਏ ਚੋਗ ਚੁੱਗਣ

ਰਲ਼ ਕੇ ਪੰਛੀ

****

88.

ਲੋਰੀ ਦੇਵੇ ਮਾਂ

ਬੁੱਕਲ਼ ‘ਚ ਨਿੱਕੜਾ

ਨੀਂਦ ਦੇ ਝੂਟੇ

****

89.

ਕਿਆਰੀ ਫੁੱਲ

ਰੰਗੀਨ ਤਿਤਲੀਆਂ

ਉੱਡਣੇ ਫੁੱਲ

****

90.

ਗੁਆਂਢ ਘਰੋਂ

ਕੰਧ ਟੱਪ ਕੇ ਆਈ

ਮਿੱਠੀ ਖੁਸ਼ਬੂ

****

91.

ਘਰ-ਵਿਹੜੇ

ਟਿਮਕਦੇ ਜੁਗਨੂੰ

ਬਣ ਕੇ ਤਾਰੇ

****

92.

ਆਈ ਗਰਮੀ

ਘੁੰਗਰੂ ਵਾਲ਼ੀ ਪੱਖੀ

ਮਾਂ ਨੇ ਬਣਾਈ

****

93.

ਵਿੱਚ ਪ੍ਰਦੇਸਾਂ

ਵਿਹੜੇ ਬੋਲੀ ਘੁੱਗੀ

ਘੁਗੂੰ ਘੂੰ ਓਹੀ 

*****

……ਚੱਲਦੇ

….ਆਉਂਦੇ ਸਮੇਂ ‘ਚ ਹੋਰ ਸ਼ਾਮਿਲ ਹੁੰਦੇ ਰਹਿਣਗੇ।

ਹਰਦੀਪ

ਇਸ਼ਤਿਹਾਰ

ਟਿੱਪਣੀ ਕਰੋ ਜਾਂ ਕੁਝ ਪੁੱਛੋ

ਆਪਣੀ ਜਾਣਕਾਰੀ ਹੇਠਾਂ ਭਰੋ ਜਾਂ ਦਾਖਲੇ ਲਈ ਕਿਸੇ ਆਈਕਨ 'ਤੇ ਕਲਿੱਕ ਕਰੋ:

WordPress.com Logo

ਤੁਸੀਂ WordPress.com ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Twitter picture

ਤੁਸੀਂ Twitter ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Facebook photo

ਤੁਸੀਂ Facebook ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Google+ photo

ਤੁਸੀਂ Google+ ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Connecting to %s

%d bloggers like this: