Posted by: ਡਾ. ਹਰਦੀਪ ਕੌਰ ਸੰਧੂ | ਅਕਤੂਬਰ 24, 2015

ਸੋਚ ਆਪੋ -ਆਪਣੀ (ਮਿੰਨੀ ਕਹਾਣੀ)


ਕਮਲ ਆਪਣੇ ਪਤੀ ਨਾਲ ਪੀਲੀਏ ਨਾਲ ਪੀੜਤ ਆਪਣੀ ਤਿੰਨ ਦਿਨਾਂ ਦੀ ਬੱਚੀ ਨੂੰ ਲੈ ਕੇ ਸਰਕਾਰੀ ਹਸਪਤਾਲ ਆਈ ਸੀ। ਡਾਕਟਰਾਂ ਨੇ ਜਦੋਂ ਖੂਨ ਬਦਲੀ ਦੀ ਸਲਾਹ ਦਿੱਤੀ ਤਾਂ ਉਹਨਾਂ ਦੀ ਚਿੰਤਾ ਹੋਰ ਵੱਧ ਗਈ। ਜ਼ੇਰੇ ਇਲਾਜ ਦੋ ਹੋਰ ਬੱਚਿਆਂ ਨਾਲ ਉਹਨਾਂ ਦੀ ਬੱਚੀ ਨੂੰ ਵੀ ਇਨਕਿਊਬੇਟਰ ‘ਚ ਪਾ ਦਿੱਤਾ ਗਿਆ। 

               ਕਮਜ਼ੋਰੀ ਕਾਰਨ ਕਮਲ  ਬਹੁਤ ਨਿਢਾਲ ਸੀ ਤੇ ਨਿੱਕੜੀ ਦੀ ਬਿਮਾਰੀ ਉਸ ਦੀ ਪੀੜਾ ਨੂੰ ਹੋਰ ਵਧਾ ਰਹੀ ਸੀ। ਉਸ ਨੂੰ ਲੱਗ ਰਿਹਾ ਸੀ ਕਿ ਘੋਰ ਕਾਲੇ ਬੱਦਲਾਂ ਦੀ ਸੰਘਣੀ ਤਹਿ ਉਸ ਅੰਦਰ ਲਹਿ ਕੇ ਉਸਦੇ ਵਜੂਦ ਨੂੰ ਕੁੱਬਾ ਕਰ ਰਹੀ ਹੈ । ਉਹ ਦੂਰ ਬੈਠੀ ਇਨਕਿਊਬੇਟਰ ‘ਚ ਪਈ ਨਿੱਕੜੀ ਨੂੰ ਇੱਕੋਟੱਕ ਨਿਹਾਰ ਰਹੀ ਸੀ।

    ਅਚਾਨਕ ਲੱਤ ਮਾਰ  ਕੇ ਨਿੱਕੜੀ ਨੇ ਆਪਣੇ ਦੁਆਲ਼ੇ ਲਿਪੇਟਿਆ ਕੱਪੜਾ ਲਾਹ ਦਿੱਤਾ। ਜਿਉਂ ਹੀ ਕਮਲ ਨੇ ਕੱਪੜਾ ਠੀਕ ਕਰਨ ਲਈ ਆਪਣਾ ਹੱਥ ਵਧਾਇਆ ਉਸ ਦੀ ਚੀਕ ਨਿਕਲ ਗਈ। ਚਿਹਰੇ ‘ਤੇ ਪਸਰੀ ਪੀੜ ਰੋਹ ‘ਚ ਬਦਲ ਗਈ। ਅਗਲੇ ਹੀ ਪਲ ਉਸ ਨੇ ਨਿੱਕੜੀ ਨੂੰ ਬਾਹਰ ਕੱਢਦਿਆਂ ਕਿਹਾ, ” ਇਹਨਾਂ ਬੱਚਿਆਂ ਨਾਲ ਕੌਣ ਹੈ ? ਬਾਹਰ ਕੱਢੋ ਲਓ ਆਪਣੇ ਬੱਚਿਆਂ ਨੂੰ ,ਐਨੇ ਤਾਪ ‘ਚ ਅਸੀਂ ਆਪਣੇ ਬੱਚੇ ਸਾੜਨੇ ਨਹੀਂ। ” ਰੌਲਾ ਸੁਣ ਕੇ ਹਸਪਤਾਲ ਦਾ ਸਟਾਫ਼ ਇੱਕਠਾ ਹੋ ਗਿਆ। ਜਾਂਚ ਉਪਰੰਤ ਪਤਾ ਲੱਗਾ ਕਿ ਤਕਨੀਕੀ ਨੁਕਸ ਕਾਰਣ ਇਨਕਿਊਬੇਟਰ ਦਾ ਤਾਪਮਾਨ ਲੋੜ ਨਾਲੋਂ ਕਈ ਗੁਣਾਂ ਵੱਧ ਗਿਆ ਸੀ। 

   “ਸ਼ੁਕਰ ਐ ਓਸ ਦਾਤੇ ਦਾ, ਥੋਡੇ ਕਾਕੇ ਨਾਲ ਸਾਡੇ ਦੀ ਵੀ ਜਾਨ ਬਚ ਗਈ, ” ਦੂਜੇ ਬੱਚੇ ਨੂੰ ਸਾਂਭਣ ਆਈ ਬੇਬੇ ਨੇ ਕਿਹਾ। “ਸਾਡੀ ਤਾਂ ਕਾਕੀ ਹੈ ,” ਕਮਲ ਨੇ ਧੰਨਵਾਦੀ ਬੋਲ ਸਵੀਕਾਰਦਿਆਂ ਬੇਬੇ ਦੀ ਸ਼ੰਕਾ ਦੂਰ ਕੀਤੀ। “ਹੈਂ ਤੁਸੀਂ ਕੁੜੀ ਖਾਤਰ ਐਨੇ ਸੰਸਿਆਂ ‘ਚ ਡੁੱਬੇ ਸਵੇਰ ਦੇ ਨੱਠ -ਭੱਜ ਕਰੀ ਜਾ ਰਹੇ ਸੀ, ਮਖਿਆ ਥੋਡਾ ਵੀ ਮੁੰਡਾ ਹੀ ਹੋਊ। ” ਬੇਬੇ ਦਾ ਮੂੰਹ ਖੁੱਲ੍ਹੇ ਦਾ ਖੁੱਲ੍ਹਾ ਰਹਿ ਗਿਆ। 

ਡਾ. ਹਰਦੀਪ ਕੌਰ ਸੰਧੂ 

ਇਸ਼ਤਿਹਾਰ
Posted by: ਡਾ. ਹਰਦੀਪ ਕੌਰ ਸੰਧੂ | ਅਕਤੂਬਰ 1, 2015

‘ਚੌਮੁਖੀਆ ਇਬਾਰਤਾਂ’ -ਡਾ: ਗੁਰਮਿੰਦਰ ਸਿੱਧੂ


https://drive.google.com/file/d/0BwKHvS9OaWUbVjZfZ2ZfX2Rjdlk/preview

Posted by: ਡਾ. ਹਰਦੀਪ ਕੌਰ ਸੰਧੂ | ਅਪ੍ਰੈਲ 4, 2015

ਮੋਹ ਅਕਸ


ਪਿੰਡ ਦੀ ਫਿਰਨੀ ……….ਫਿਰਨੀ ‘ਤੇ ਬੱਸ ਅੱਡਾ………ਜਿਸ ਦੇ ਐਨ ਨੇੜੇ ਸਾਡੀ ਸਰਕਾਰੀ ਰਿਹਾਇਸ਼ ਸੀ। ਘਰ ਦੇ ਮੂਹਰਲੇ ਵਿਹੜੇ ‘ਚ ਖੇਡਦਿਆਂ ਅਸੀਂ ਬੱਸਾਂ ਦੇ ਬੋਰਡ ਵੀ ਪੜ੍ਹਦੇ ਰਹਿੰਦੇ। ਸਿਆਲਾਂ ਦੀ ਕੋਸੀ -ਕੋਸੀ ਇੱਕ ਧੁੱਪੇ ਸੇਵੀਆਂ ਵੱਟੀਆਂ ਜਾ ਰਹੀਆਂ ਸਨ। ਮੰਜੇ ਨਾਲ ਫਿੱਟ ਕੀਤੀ ਜਿੰਦੀ ਦੀ ਹੱਥੀ ਫੇਰਨਾ ਪਾਪਾ ਜ਼ਿੰਮੇ ਸੀ ਤੇ ਪੇੜਾ ਪਾਉਂਦਿਆਂ ਵੱਟੀਆਂ ਸੇਵੀਆਂ ਨੂੰ ਤੋੜ -ਤੋੜ ਮੂਧੇ ਮਾਰੇ ਮੰਜੇ ‘ਤੇ ਬੰਨੀਆਂ ਰੱਸੀਆਂ ‘ਤੇ ਸਲੀਕੇ ਨਾਲ ਪਾਉਣਾ ਮਾਂ ਦੇ ਹਿੱਸੇ ਆਇਆ। ਨਿਰਵਿਘਨ ਕੰਮ ਚਲਾਉਣ ਲਈ ਸਾਨੂੰ ਨਿਆਣਿਆਂ ਨੂੰ ਮੂਹਰਲੇ ਵਿਹੜੇ ‘ਚ ਖੇਲਣ ਦੇ ਆਹਰੇ ਲਾ ਦਿੱਤਾ। ਖੇਲਦੇ ਵਕਤ ਜਿਓਂ ਹੀ ਸਾਡੀ ਨਜ਼ਰ ਅੱਡੇ ‘ਤੇ ਖੜ੍ਹੀ ਜਗਰਾਵਾਂ ਵਾਲੀ ਬੱਸ ‘ਤੇ ਪਈ……ਸਾਡੀ ਅੱਖਾਂ ਦੀ ਚਮਕ ਇੱਕ ਸ਼ਰਾਰਤ ਵਿੱਚ ਵਟ ਗਈ। “ਵੱਡੇ ਮਾਸੀ ਜੀ ਤੇ ਮਾਸੜ ਜੀ ਆਏ ਨੇ,” ਮੱਲੋ-ਮੱਲੀ ਨਿਕਲਦੀ ਹਾਸੀ ਨੂੰ ਦਬਾਉਂਦਿਆਂ ਮਾਂ -ਪਾਪਾ ਕੋਲ ਜਾ ਕੇ ਅਸੀਂ ਸਾਰੇ ਇੱਕੋ ਸੁਰ ‘ਚ ਬੋਲੇ। ਮਾਸੀ ਜੀ ਹੋਰਾਂ ਨਾਲ ਮਾਂ ਦਾ ਅੰਤਾਂ ਦਾ ਮੋਹ ਏ …….. ਤੇ ਪਾਪਾ ਦੀ ਅਪਣੱਤ ਦੀ ਅਸੀਮਤਾ ਵੀ ਦੇਖਿਆਂ ਹੀ ਬਣਦੀ ਸੀ ……..ਇੱਥੋਂ ਤੱਕ ਕਿ ਜਦੋਂ ਕਦੇ ਛੁੱਟੀਆਂ ‘ਚ ਪਾਪਾ ਸਾਡੇ ਨਾਲ ਨਾਨਕੇ ਜਾਂਦੇ ਤਾਂ ਸਾਡਾ ਪਹਿਲਾ ਪੜਾਅ ਮਾਸੀ ਜੀ ਦੇ ਸਹੁਰਿਆਂ ਦਾ ਪਿੰਡ ਹੀ ਹੁੰਦਾ ਸੀ। 

        ” ਮਾਸੀ ਹੀ ਹੋਰੀਂ ਆ ਗਏ,” ਆਪਣੀ ਗੱਲ ਨੂੰ ਹੋਰ ਯਕੀਨੀ ਬਨਾਉਣ ਲਈ ਡਾਢਾ ਚਾਅ ਜਿਹਾ ਬਿਖੇਰਦਿਆਂ ਅਸੀਂ ਲੋਰ ‘ਚ ਆ ਕੇ ਇੱਕ ਵਾਰ ਫਿਰ ਬੋਲੇ। ਹੁਣ ਮਾਂ ਦੇ ਚਿਹਰੇ ‘ਤੇ ਰੱਜਵਾਂ ਖੇੜਾ ਸੀ ਤੇ ਪਾਪਾ ਦੀਆਂ ਅੱਖਾਂ ‘ਚ ਇੱਕ ਅਨੋਖੀ ਜਿਹੀ ਚਮਕ। ਪਾਪਾ ਨੇ ਜਿੰਦੀ ਚਲਾਉਣੀ ਬੰਦ ਕਰ ਦਿੱਤੀ। ” ਲਓ ਵੱਡੇ ਭੈਣ ਜੀ ਹੋਰੀਂ ਆ ਗਏ……..ਮੈਨੂੰ ਦਮ ਦਵਾਉਣ,” ਆਪ -ਮੁਹਾਰੇ ਖੁਸ਼ ਹੋਏ ਪਾਪਾ ਦੇ ਬੋਲ ਵਿਹੜੇ ‘ਚ ਖਿੱਲਰ ਗਏ। ਪਲਾਂ -ਛਿਣਾਂ ਹੀ ਉਡੀਕਣਹਾਰ ਬਣੀਆਂ ਅੱਖਾਂ ਦਰਵਾਜ਼ੇ ਵੱਲ ਲੱਗ ਗਈਆਂ। ਕੁਝ ਵਕਫਾ ਲੰਘਣ ਪਿੱਛੋਂ ਜਦੋਂ ਕੋਈ ਵੀ ਨਾ ਆਇਆ ਤਾਂ ਬਿਹਵਲ ਜਿਹੇ ਹੁੰਦਿਆਂ ਪਾਪਾ ਮਾਂ ਨੂੰ ਬੋਲੇ, ” ਤੁਸੀਂ ਚਾਹ -ਪਾਣੀ ਧਰੋ….ਮੈਂ ਭਾਈਆ ਜੀ ਹੋਰਾਂ ਨੂੰ ਬਾਹਰੋਂ ਲੈ ਕੇ ਆਇਆ। ਓਦੋਂ ਫੋਨਾਂ ਦੀ ਅਣਹੋਂਦ ਸਾਡੀ ਪ੍ਰਾਹੁਣਾਚਾਰੀ ‘ਤੇ ਕੋਈ ਪ੍ਰਭਾਵ ਨਹੀਂ ਸੀ ਪਾਉਂਦੀ। ਪਾਪਾ ਨੇ ਦੂਰ ਤੱਕ ਨਜ਼ਰਾਂ ਘੁਮਾਈਆਂ …….ਬਾਹਰ ਤਾਂ ਕੋਈ ਵੀ ਨਹੀਂ ਸੀ। ਓਨੀ ਪੈਰੀਂ ਪਿਛਾਂਹ ਮੁੜਦਿਆਂ ਤੱਕ ਉਹਨਾਂ ਦੀ ਮੁਸਕਾਨ ਤੇ ਅੱਖਾਂ ਦੀ ਚਮਕ ਉਦਾਸ ਹੋ ਗਈ ਸੀ। “ਵੱਡਿਆਂ ਨਾਲ ਇਹੋ ਜਿਹਾ ਮਜ਼ਾਕ ਨਹੀਂ ਕਰੀਦਾ,” ਆਪਣੀ ਨਿਰਾਸ਼ੀ ਉਡੀਕ ਨੂੰ ਛੁਪਾਉਂਦਿਆਂ ਮਾਂ ਨੇ ਸਾਨੂੰ ਇੱਕ ਮਿੱਠੀ ਜਿਹੀ ਘੂਰੀ ਦਿੱਤੀ। ਮਾਂ -ਪਾਪਾ ਨੇ ਤਾਂ ਸ਼ਾਇਦ ਇਹਨਾਂ ਉਡੀਕ ਦੇ ਚੰਦ ਕੁ ਪਲਾਂ ‘ਚ ਹੀ ਆਉਣ ਵਾਲੇ ਪ੍ਰਾਹੁਣਿਆਂ ਨਾਲ ਉਮਰੋਂ ਲੰਮੀਆਂ ਬਾਤਾਂ ਪਾਉਣਾ ਕਿਆਸ ਲਿਆ ਹੋਣਾ ਹੈ। ਉਦਾਸੀ ਦੇ ਪਰਛਾਵਿਆਂ ‘ਚ ਹਰਾਸੇ ਉਹਨਾਂ ਦੇ ਚਿਹਰੇ ਇਓਂ ਲੱਗਦੇ ਸਨ ਜਿਵੇਂ ਸੱਚੀ ਹੀ ਕੋਈ ਮਿਲਣ  ਦਾ ਵਾਅਦਾ ਕਰਕੇ ਨਾ ਆਇਆ ਹੋਵੇ। 

    …..ਤੇ ਫੇਰ ਕਈ ਵਰ੍ਹਿਆਂ ਮਗਰੋਂ ਪਾਪਾ ਨੇ ਸ਼ਹਿਰ ਆ ਨਵੇਂ ਘਰ ‘ਚ ਬਣਵਾਏ ਫਰਨੀਚਰ ‘ਚ ਡ੍ਰੈਸਿੰਗ ਟੇਬਲ ਦਾ ਸ਼ੀਸ਼ਾ ਮਾਸੜ ਜੀ ਦੇ ਕੱਦ ਦੇ ਮੇਚ ਦਾ ਬਣਵਾਇਆ ਸੀ …….ਮੱਤਾਂ ਇੱਥੇ ਆ ਕੇ ਉਹਨਾਂ ਨੂੰ ਪੱਗ ਬੰਨਣ ‘ਚ ਕੋਈ ਦਿੱਕਤ ਨਾ  ਆਵੇ। ਅੱਜ ਵੀ ਓਸ ਸ਼ੀਸ਼ੇ ਵਿੱਚੋਂ ਮੈਨੂੰ ਪਾਪਾ ਦੇ ਲਾਏ ਮੋਹ ਤੇ ਅਪਣੱਤ ਦੇ ਬੂਟੇ ਦਾ ਅਕਸ ਨਜ਼ਰ ਆਉਂਦਾ ਹੈ ਜਿਸ ਨੂੰ ਮਾਂ ਨੇ ਆਪਣੀਆਂ ਮੋਹ ਦੀਆਂ ਛੱਲਾਂ ਨਾਲ ਸਿੰਜਦੇ ਹੋਏ ਹੁਣ ਤੱਕ ਤਰੋ -ਤਾਜ਼ਾ ਰੱਖਿਆ ਹੋਇਆ ਹੈ। ਓਥੇ ਅੱਜ ਵੀ ਪ੍ਰਾਹੁਣਿਆਂ ਦੀ ਆਮਦ ਨਾਲ ਹਰ ਇੱਕ ਦਾ ਚਿਹਰਾ ਇੰਝ ਖਿੜ ਜਾਂਦਾ ਹੈ ਜਿਵੇਂ ਇੱਕ ਡੋਡੀ ਹੁਣੇ -ਹੁਣੇ ਫੁੱਲ ਬਣ ਗਈ ਹੋਵੇ। 

 

ਮੋਹ ਅਕਸ –

ਧੁੱਪੀ ਪੌਣ ਰੁਮਕੇ 

ਫੁੱਲ ਟਹਿਕੇ। 

 

ਡਾ. ਹਰਦੀਪ ਕੌਰ ਸੰਧੂ 

Posted by: ਡਾ. ਹਰਦੀਪ ਕੌਰ ਸੰਧੂ | ਸਤੰਬਰ 14, 2014

ਰੋਲ- ਮਾਡਲ


 

  ਖੇਡਾਂ ਦੀ ਘੰਟੀ ਸੀ। ਸਕੂਲ ਦੇ ਰੋਲ ਮਾਡਲ ਮੰਨੇ ਜਾਣ ਵਾਲ ਹੋਣਹਾਰ ਖਿਡਾਰੀ ਮੰਦ -ਬੁੱਧੀਬੱਚਿਆਂ ਨੂੰ ਫੁੱਟਬਾਲ ਖੇਡਣ ਦੀ ਟ੍ਰੇਨਿੰਗ ਦੇ ਰਹੇ ਸਨ। ਵਾਰ -ਵਾਰ ਮਿਲੀਆਂ ਹਦਾਇਤਾਂ ਦੇ ਬਾਵਜੂਦ ਵੀ ਉਹ ਟ੍ਰੇਨਿੰਗ ਦੇਣਾ ਭੁੱਲ ਕੇ ਕਈ ਵਾਰ ਆਪਸ ‘ਚ ਹੀ ਖੇਡਣ ਵਿੱਚ ਮਸਤ ਹੋ ਜਾਂਦੇ। ਅਚਾਨਕ ਤੇਜ਼ ਹਵਾ ਚੱਲਣ ਨਾਲ ਖੇਡ -ਮੈਦਾਨ ‘ਚ ਇਧਰੋਂ -ਓਧਰੋਂ ਲਿਫਾਫ਼ੇ ਤੇ ਕੂੜਾ ਕਰਕੱਟ ਉੱਡ ਕੇ ਇੱਕਤਰ ਹੋਣ ਲੱਗਾ । ਸਕੂਲ ਦੇ ਫਾਰਮ ਦਾ ਮੇਨ -ਗੇਟ ਵੀ ਤੇਜ਼ ਹਵਾ ਨੇ ਖੋਲ੍ਹ ਦਿੱਤਾ। ਫਾਰਮ ‘ਚੋਂ ਇੱਕ ਵੱਛਾ ਚਰਦਾ -ਚਰਾਉਂਦਾ ਖੇਡ ਮੈਦਾਨ ‘ਚ ਆ ਵੜਿਆ ਤੇ ਖਿਲਰੇ ਪਏ ਕੂੜੇ ਨੂੰ ਮੂੰਹ ਮਾਰਨ ਲੱਗਾ।

ਮੰਦ -ਬੁੱਧੀ ਬੱਚਿਆਂ ਦਾ ਧਿਆਨ ਵੱਛੇ ਵੱਲ ਗਿਆ। ਉਹ ਆਪਣੀ ਖੇਡ ਭੁੱਲ ਕੇ ਵੱਛੇ ਵੱਲ ਨੂੰ ਹੋਤੁਰੇ। ਇੱਕ ਨੇ ਚਿੰਤਾਤੁਰ ਹੁੰਦਿਆਂ ਕਿਹਾ, ” ਲਿਫਾਫ਼ਾ  ਖਾ ਕੇ ਕਿਤੇ ਵੱਛਾ ਮਰ ਹੀ ਨਾ ਜਾਵੇ।” ਉਹ ਵੱਛੇ ਦੇ ਮੂੰਹ ‘ਚੋਂ ਲਿਫ਼ਾਫ਼ਾ ਖਿੱਚਣ ਲੱਗਾ। ਦੂਜੇ ਨੇ ਆਪਣੇ ਸਾਥੀਆਂ ਨੂੰ ਸੰਬੋਧਨ ਹੁੰਦਿਆਂ ਕਿਹਾ, ” ਚੱਲੋ ਆਪਾਂ ਪਹਿਲਾਂ ਖਿਲਰੇ ਲਿਫਾਫ਼ੇ ਤੇ ਕੂੜਾ ਚੁੱਗ ਦੇਈਏ।”  ਉਹਨਾਂ ਨੇ ਰਲ ਕੇ ਪਹਿਲਾਂ ਵੱਛੇ ਨੂੰ ਫਾਰਮ ‘ਚ ਵਾੜ ਦਿੱਤਾ। ਫੇਰ ਅਗਲੇ ਕੁਝ ਹੀ ਪਲਾਂ ਵਿੱਚ ਖੇਡ ਮੈਦਾਨ ਸਾਫ਼ ਕਰ ਦਿੱਤਾ ਜਦੋਂ ਕਿ ਹੋਣਹਾਰ ਖਿਡਾਰੀ ਅਜੇ ਵੀ ਆਪਣੀ ਖੇਡ ‘ਚ ਮਸਤ ਸਨ। ਅੱਜ ਮੰਦ -ਬੁੱਧੀ ਬੱਚੇ ਸਕੂਲ ਦੇ ਰੋਲ- ਮਾਡਲ ਬਣ ਗਏ ਸਨ।

ਡਾ. ਹਰਦੀਪ ਕੌਰ ਸੰਧੂ

 

ਇਹ ਕਹਾਣੀ ਪੰਜਾਬੀ ਮਿੰਨੀ ‘ਚ 13 September2014 ਨੂੰ ਪ੍ਰਕਾਸ਼ਿਤ ਹੋਈ। ਵੇਖਣ ਲਈ ਇੱਥੇ ਕਲਿੱਕ ਕਰੋ

 

Posted by: ਡਾ. ਹਰਦੀਪ ਕੌਰ ਸੰਧੂ | ਅਗਸਤ 28, 2014

ਆਵਾਜ਼ੀ ਲੇਖ – ਖੂਨੀ ਹਿਜ਼ਰਤ


ਫੋਟੋ ‘ਤੇ ਬਣੇ ਤੀਰ ਦੇ ਨਿਸ਼ਾਨ ਨੂੰ ਕਲਿੱਕ ਕਰੋ ਤੇ ਸੁਣੋ 

 

Posted by: ਡਾ. ਹਰਦੀਪ ਕੌਰ ਸੰਧੂ | ਜੁਲਾਈ 21, 2014

ਚੁੰਨੀ ਵਾਲਾ ਸੂਟ


         ਕਰਨੈਲ ਕੌਰ ਨੂੰ ਲੰਡਨ ਵਿੱਚ ਰਹਿੰਦਿਆਂ ਕਈ ਵਰ੍ਹੇ ਬੀਤ ਚੁੱਕੇ ਸਨ। ਪਿੰਡ ਵਿੱਚ ਤਾਂ ਸਾਰੇ ਉਸ ਨੂੰ ਕੈਲੋ ਹੀ ਕਹਿੰਦੇ ਸਨ, ਪਰ ਇੱਥੇ ਆ ਕੇ ਉਹ ਕੈਲੀ ਬਣ ਗਈ ਸੀ। ਲੰਡਨ ਦੀ ਤੇਜ਼ ਰਫ਼ਤਾਰ ਜ਼ਿੰਦਗੀ ਵਿੱਚ ਵਿਚਰਦਿਆਂ ਉਸ ਦੇ ਸੁਭਾਅ ਵਿੱਚ ਕਾਹਲਾਪਣ ਹਾਵੀ ਹੋ ਗਿਆ ਸੀ। ਕੰਮ ਕਰਦੀ ਦੇ ਜਿੰਨੀ ਤੇਜ਼ੀ ਨਾਲ ਉਸਦੇ ਹੱਥ ਚੱਲਦੇ ਓਨੀ ਤੇਜ਼ੀ ਨਾਲ ਉਹ ਬੋਲੀ ਵੀ ਜਾਂਦੀ।

       ਇੱਕ ਦਿਨ ਗਰੌਸਰੀ ਖ੍ਰੀਦ ਉਸ ਕਾਰ ਦੀ ਡਿੱਗੀ ਵਿੱਚ ਟਿਕਾਈ। ਆਪਣੀ ਆਦਤ ਮੂਜਬ ਕਾਹਲੀ ਵਿੱਚ ਹੀ ਸ਼ਾਪਿੰਗ-ਟਰਾਲੀ ਨੂੰ ਕਾਰ -ਪਾਰਕਿੰਗ ਦੇ ਅੱਧ ਵਿਚਾਲੇ ਹੀ ਪਟਕਾਉਂਦੀ-ਪਟਕਾਉਂਦੀ ਉਹ ਅਚਾਨਕ ਰੁੱਕ ਗਈ। ਉਹ ਕਾਹਲੀ ਨਾਲ ਬੁੜਬੁੜਾਉਂਦੀ ਹੋਈ ਆਪਣੇ-ਆਪ ਨੂੰ ਬੋਲੀ, ” ਨਹੀਂ-ਨਹੀਂ…ਕੈਲੋ…ਨਹੀਂ, ਅੱਜ ਤੂੰ ਇਓਂ ਨਹੀਂ ਕਰ ਸਕਦੀ। ਅੱਜ ਤੂੰ ਕੈਲੀ ਨਹੀਂ, ਕਰਨੈਲ ਕੌਰ ਹੈਂ …….ਨਹੀਂ ਸਮਝੀ ? …….ਭੈੜੀਏ ……ਚੁੰਨੀ ਵਾਲ ਸੂਟ ਜਿਓ ਤੇਰੇ ਪਾਇਆ ਹੋਇਆ ਹੈ। ਨਾ ਜਾਣੇ ਕਿੰਨੀਆਂ ਵਿਦੇਸ਼ੀ ਅੱਖਾਂ ਤੈਨੂੰ ਇਓਂ ਕਰਦੀ ਨੂੰ ਘੂਰਦੀਆਂ ਹੋਣਗੀਆਂ। ਜੇ ਤੂੰ ਗੱਭੇ ਹੀ ਟਰਾਲੀ ਛੱਡ ਚਲੀ ਗਈ…ਇਹ ਲੋਕ ਤੈਨੂੰ ਤੇ ਤੇਰੇ ਦੇਸ ਨੂੰ ਮੰਦਾ ਬੋਲਣਗੇ…ਨਾ ਭੈਣੇ, ਅੱਜ ਨਾ ਇਓਂ ਕਰੀਂ।” ਐਨਾ ਕਹਿੰਦੀ ਉਹ ਚੁੱਪ ਹੋ ਗਈ ਤੇ ਅਛੋਪਲੇ ਹੀ ਟਰਾਲੀ ਨੂੰ ਸਾਹਮਣੇ ਬਣੀ ਪਾਰਕਿੰਗ-ਬੇਅ ਵਿੱਚ ਜਾ ਲਾਇਆ। ਹੁਣ ਉਹ ਬੇਹੱਦ ਖੁਸ਼ ਸੀ ਕਿਓਂ ਜੋ ਉਸ ਨੇ ਆਪਣੇ ਤੇ ਆਪਣੇ ਦੇਸ਼ ਦੇ ਨਾਂ ਨੂੰ ਬਚਾ ਲਿਆ ਸੀ।

ਡਾ. ਹਰਦੀਪ ਕੌਰ ਸੰਧੂ

 

ਇਹ ਕਹਾਣੀ ਪੰਜਾਬੀ ਮਿੰਨੀ ‘ਚ 20 July 2014 ਨੂੰ ਪ੍ਰਕਾਸ਼ਿਤ ਹੋਈ। ਵੇਖਣ ਲਈ ਇੱਥੇ ਕਲਿੱਕ ਕਰੋ

Posted by: ਡਾ. ਹਰਦੀਪ ਕੌਰ ਸੰਧੂ | ਮਈ 14, 2014

ਸ਼ਗਨ


 ਦਲੀਪੋ ਦੇ ਆਪਣੀਕੋਈ ਔਲਾਦ ਨਹੀਂ ਸੀ।  ਉਸ ਦੇ ਦਿਓਰ ਨੇ ਆਪਣੇ ਪਲੇਠੇ ਪੁੱਤ ਨੂੰ ਦਲੀਪੋ ਦੀ ਝੋਲ਼ੀਪਾਉਂਦਿਆਂ ਕਿਹਾ ਸੀ—‘ਭਾਬੀ ਅੱਜ ਤੋਂ ਛਿੰਦੇ ਨੂੰ ਤੂੰ ਆਵਦਾ ਹੀ ਪੁੱਤ ਸਮਝੀਂ, ਇਹ ਤੇਰਾ ਈ ਐ।’ ਭਿੱਜੀਆਂ ਅੱਖਾਂ ਨਾਲ਼ ਛਿੰਦੇ ਨੂੰ ਹਿੱਕ ਨਾਲ਼ ਲਾਉਂਦਿਆਂ ਦਲੀਪੋ ਨੂੰ ਲੱਗਾਸੀ, ਜਿਵੇਂ ਉਸ ਦੀਆਂ ਦੁੱਧੀਆਂ ‘ਚ ਵੀ ਦੁੱਧ ਉੱਤਰ ਆਇਆ ਹੋਵੇ। ਉਸ ਦੇ ਵਿਆਹ ‘ਤੇ ਉਸ ਦੀਮਾਂ ਨੇ ਸਾਰੇ ਸ਼ਗਨ ਦਲੀਪੋ ਤੋਂ ਹੀ ਕਰਵਾਏ ਸਨ।  

ਚਹੁੰ ਵਰ੍ਹਿਆਂ ਪਿਛੋਂ ਜਦੋਂ ਛਿੰਦੇ ਦੇ ਘਰਪਲੇਠੀ ਧੀ ਜੰਮੀ ਤਾਂ ਦਲੀਪੋ ਦਾ ਚਾਅ ਚੱਕਿਆ ਨਹੀਂ ਸੀ ਜਾਂਦਾ।  ਦਮ-ਦਮ ਕਰਦੀ ਵਿਹੜੇ ‘ਚਭੱਜੀ ਫਿਰੇ। ਅਗਲੇ ਹੀ ਦਿਨ ਦੇਸੀ ਘਿਓ ਦੇ ਲੱਡੂ ਸਾਰੇ ਪਿੰਡ ‘ਚ ਫੇਰਦੀ ਹਰ ਕਿਸੇ ਨੂੰਕਹਿੰਦੀ ਫਿਰੇ,” ਨੀ ਭੈਣੇ, ਮੈਂ ਤਾਂ ਕਿੱਦਣ ਦੀ ਇਹ ਦਿਨ ‘ਡੀਕਦੀ ਸੀ, ਕੁੜੀ-ਮੁੰਡੇ ਦਾਮੈਨੂੰ ਕੋਈ ਫ਼ਰਕ ਨੀ, ਰੱਬ ਦੀ ਦਾਤ ਐ, ਇੱਕੋ ਬਰੋਬਰ ਨੇ।  ਕੁੜੇ, ਲੀਹ ਤਾਂ ਤੁਰੀ, ਨਹੀਂਤਾਂ ਛਿੰਦੇ ਦੀ ਮਾਂ ਨੇ ਆਪਣੇ ਚਿੱਤ ‘ਚ ਸੋਚਣਾ ਸੀ ਬਈ ਇਸ ਅਭਾਗਣ ਨੇ ਛਿੰਦੇਦੇ ਵਿਆਹ ਦੇ ਸ਼ਗਨ ਕੀਤੇ ਸਨ ਤਾਂ ਹੀ…।”

         

 
ਡਾ. ਹਰਦੀਪ ਕੌਰ ਸੰਧੂ
(ਬਰਨਾਲ਼ਾ)

ਇਹ ਕਹਾਣੀ ਪੰਜਾਬੀ ਮਿੰਨੀ ‘ਚ 25 may 2014 ਨੂੰ ਪ੍ਰਕਾਸ਼ਿਤ ਹੋਈ। ਵੇਖਣ ਲਈ ਇੱਥੇ ਕਲਿੱਕ ਕਰੋ

Posted by: ਡਾ. ਹਰਦੀਪ ਕੌਰ ਸੰਧੂ | ਮਾਰਚ 11, 2014

ਕਮਲ਼ੀ


30-35 ਸਾਲਾਂ ਨੂੰ ਢੁੱਕੀ, ਖਿੰਡੇ ਵਾਲ਼ ਤੇ ਮੈਲ਼ੇ ਜਿਹੇ ਕੱਪੜੇ ਪਾਈ ਉਹ ਅਕਸਰ ਆਪਣੇ ਆਪ ਨਾਲ਼ ਹੱਥ ਮਾਰ-ਮਾਰ ਗੱਲਾਂ ਕਰਦੀ ਪਿੰਡ ਦੀਆਂ ਬੀਹੀਆਂ ‘ਚ ਭਾਉਂਦੀ ਫਿਰਦੀ। ਅਵਾਰਾ ਕੁੱਤਿਆਂ ਤੋਂ ਡਰਦੀ ਆਪਣੇ ਹੱਥ ‘ਚ ਇੱਕ ਡੰਡਾ ਜ਼ਰੂਰ ਰੱਖਦੀ। ਵੱਡੇਰੀ ਉਮਰ ਦਿਆਂ ਨੂੰ ਉਹ ਕੁਝ ਨਾ ਕਹਿੰਦੀ ਪਰ ਨਿਆਣਿਆਂ ਨੂੰ ਵੇਖਣ ਸਾਰ ਹੀ  ਵਾਹੋ-ਧਾਹੀ ਉਨ੍ਹਾਂ ਦੇ ਪਿੱਛੇ ਡੰਡਾ ਲਈ ਭੱਜਦੀ। ਕਈ ਸ਼ਰਾਰਤੀ ਨਿਆਣੇ ਉਸ ਨੂੰ  ਕਮਲ਼ੀ-ਕਮਲ਼ੀ ਕਹਿ ਛੇੜ ਕੇ ਭੱਜਦੇ ਤੇ ਕਈ ਉਸ ਨੂੰ ਦੂਰੋਂ ਆਉਂਦੀ ਨੂੰ ਵੇਖ ਡਰਦੇ ਆਪਣਾ ਰਾਹ ਬਦਲ ਲੈਂਦੇ। ਇਹ ਸਿਲਸਿਲਾ ਕਈ ਸਾਲ ਉਸ ਦੇ ਮਰਨ ਤੱਕ ਜਾਰੀ ਰਿਹਾ। 

               ਉਸ ਦਿਨ ਮਰਗਤ ‘ਤੇ ਇੱਕਠੇ ਹੋਏ ਲੋਕਾਂ ਨੇ ਉਸ ਦੀ ਬੁੱਢੀ ਮਾਂ ਨੂੰ ਇਹ ਕਹਿੰਦੇ ਸੁਣਿਆ, “ਮੈਂ ਤਾਂ ਭਾਈ ਕਿੱਦਣ ਦੀ ਓਸ ਉੱਪਰ ਆਲ਼ੇ ਮੂਹਰੇ ਹੱਥ ਬੰਨਦੀ ਸੀ, ਬਈ ਏਸ ਚੰਦਰੀ ਨੂੰ ਤੂੰ ਮੈਥੋਂ ਪਹਿਲਾਂ ਲੈ ਜਾ। ਮੈਥੋਂ ਮਗਰੋ ਏਸ ਨੂੰ ਕੌਣ ਸਾਂਭੂ? ਜਿੱਦਣ ਦਾ ਇਹਦਾ ਅੱਠਾਂ-ਨਵਾਂ ਵਰ੍ਹਿਆਂ ਦਾ ਪੁੱਤ ਮਿੰਦੀ ਮੁੱਕਿਆ, ਸਹੁਰਿਆਂ ਘਰੋਂ ਕੱਢੀ, ਹਰ ਨਿਆਣੇ ‘ਚੋਂ ਆਵਦਾ ਮਿੰਦੀ ਭਾਲ਼ਦੀ ਐ। ਪਿੰਡ ਦੀਆਂ ਬੀਹੀਆਂ ‘ਚ ਕਮਲ਼ਿਆਂ ਆਂਗੂ ਫਿਰਦੀ ਦਾ ਦੁੱਖ ਮੈਥੋਂ ਹੁਣ ਝੱਲਿਆ ਨੀ ਸੀ ਜਾਂਦਾ। ਬੀਰ, ਜਦੋਂ ਓਸ ਦੇ ਸਿਰ ਦੇ ਸਾਂਈ ਨੇ ਓਸ ਨੂੰ ਨਹੀਂ ਝੱਲਿਆ ਫੇਰ ਹੋਰ ਕਿਸੇ ਦੀ ਉਹ ਲੱਗਦੀ ਹੀ ਕੀ ਸੀ ?” 

                                               

ਡਾ. ਹਰਦੀਪ ਕੌਰ ਸੰਧੂ

 

ਇਹ ਕਹਾਣੀ ਪੰਜਾਬੀ ਮਿੰਨੀ ‘ਚ 2 October 2013 ਨੂੰ ਪ੍ਰਕਾਸ਼ਿਤ ਹੋਈ। ਵੇਖਣ ਲਈ ਇੱਥੇ ਕਲਿੱਕ ਕਰੋ

 

Posted by: ਡਾ. ਹਰਦੀਪ ਕੌਰ ਸੰਧੂ | ਨਵੰਬਰ 22, 2013

ਅਣਕਿਹਾ ਦਰਦ (ਚੋਕਾ)


ਤੇਰੀ ਮਿਲਣੀ

ਸੁਣਾ ਜਾਂਦੀ ਹੈ ਮੈਨੂੰ

ਹਰ ਵਾਰ ਹੀ

ਅਣਕਿਹਾ ਦਰਦ

ਨੁੱਚੜਦਾ ਏ

ਜੋ ਤੇਰੀਆਂ ਅੱਖਾਂ ‘ਚੋਂ

ਜ਼ਿੰਦ ਨਪੀੜੀ 

ਅਣਪੁੱਗੀਆਂ ਰੀਝਾਂ 

ਟੁੱਟੀਆਂ ਵਾਟਾਂ 

ਹੁਣ ਕਿੱਥੋਂ ਲਿਆਵਾਂ

 ਪੀੜ ਖਿੱਚਦਾ 

ਕੋਈ ਜਾਦੂਈ ਫੰਬਾ

ਸਹਿਜੇ ਜਿਹੇ 

ਤੇਰੇ ਅੱਲੇ ਫੱਟਾਂ ‘ਤੇ 

ਧਰਨ ਨੂੰ ਮੈਂ 

ਕਾਲਜਿਓਂ ਉੱਠਦੀ

ਬੇਨੂਰ ਹੋਈ 

ਬੁੱਲਾਂ ‘ਤੇ ਆ ਕੇ ਮੁੜੀ

ਸੂਲਾਂ ਚੁੱਭਵੀਂ 

ਤਿੱਖੀ ਜਿਹੀ ਟੀਸ ਨੇ

ਹੌਲੇ-ਹੌਲੇ ਹੀ 

ਸਮੇਂ ਦੀਆਂ ਤਲੀਆਂ 

ਫੰਬੇ ਧਰ ਕੇ 

 ਆਪੇ ਹੀ ਭਰਨੇ ਨੇ

ਦਿਲ ਤੇਰੇ ਦੇ 

ਅਕਹਿ ਤੇ ਅਸਹਿ 

ਡੂੰਘੇ ਪੀੜ ਜ਼ਖਮ !

ਡਾ. ਹਰਦੀਪ ਕੌਰ ਸੰਧੂ 
(ਸਿਡਨੀ)  
*ਚੋਕਾ ਜਪਾਨੀ ਕਾਵਿ ਵਿਧਾ ਹੈ। ਇਸ ਵਿੱਚ 5+7+5+7+5……ਦੇ ਅਨੁਸਾਰ ਵਰਣ ਹੁੰਦੇ ਹਨ ਤੇ ਆਖਰੀ ਦੋ ਸਤਰਾਂ ਵਿੱਚ 7+7 ਧੁੰਨੀ ਖੰਡ ਹੁੰਦੇ ਹਨ। 
Posted by: ਡਾ. ਹਰਦੀਪ ਕੌਰ ਸੰਧੂ | ਸਤੰਬਰ 3, 2013

ਦਸਤਕ


ਤੇਰੀ ਜ਼ਿੰਦਗੀ ਦੀ

ਉਦਾਸੀ ਧੁੰਦ ‘ਚ

ਸੱਜਰੀ ਜਿਹੀ

ਇੱਕ ਸਵੇਰ ਨੂੰ

ਧੁੰਦ ‘ਚੋਂ ਛਣ ਕੇ

ਆਉਂਦੀਆਂ ਰਿਸ਼ਮਾਂ ਨੇ

ਹੌਲੇ ਜਿਹੇ ਅੱਜ ਫੇਰ

ਆਣ ਦਿੱਤੀ ਏ

ਦਸਤਕ !

ਚੱਤੋ ਪਹਿਰ

ਪੀੜਾਂ ਦੇ ਚਰਖੇ ‘ਤੇ

ਦੁੱਖਾਂ ਦੀਆਂ ਪੂਣੀਆਂ

ਕੱਤਦੀ-ਕੱਤਦੀ

ਵੇਖੀਂ ਕਿਤੇ ਅੱਜ ਫੇਰ

ਢੋ ਨਾ ਲਵੀਂ

ਆਪਣੇ ਦਿਲ ਦਾ ਬੂਹਾ

ਮਨ ਦੀਆਂ ਬਰੂਹਾਂ ‘ਤੇ

ਦਸਤਕ  ਦਿੰਦੀ

ਸੁਗੰਧੀਆਂ ਭਰੀ ਪੌਣ ਨੂੰ

ਉਡੀਕ ਦੀਆਂ ਲੀਕਾਂ ‘ਤੇ

ਫੇਰ ਲੈਣ ਦੇ ਹੁਣ

ਖਿੜਦੀ ਖੁਸ਼ੀ ਨਾਲ਼ ਲਿਬਰੇਜ਼

ਨਿੱਘਾ ਜਿਹਾ ਇੱਕ ਪੋਚਾ

ਬਣ ਲੈਣ ਦੇ ਮੈਨੂੰ

ਤੇਰੇ ਰਾਹਾਂ ਦੀ ਗੂੜ੍ਹੀ ਛਾਂ

ਕੀ ਹੋਇਆ ਜੇ

ਬਦਲ ਨਹੀਂ ਹੋਇਆ

ਅੰਗਿਆਰ ਵਾਂਗ

ਮਘਦੇ ਸੂਰਜ ਦੇ

ਤਪਦੇ ਰਾਹਾਂ ਨੂੰ !

ਡਾ. ਹਰਦੀਪ ਕੌਰ ਸੰਧੂ

(ਬਰਨਾਲ਼ਾ)

 

Older Posts »

ਸ਼੍ਰੇਣੀਆਂ